nabaz-e-punjab.com

ਵਸੁੰਧਰਾ ਰਾਜੇ ਅਤੇ ਵੀਰਭਦਰ ਸਿੰਘ ਵੱਲੋਂ ਕੈਪਟਨ ਅਮਰਿੰਦਰ ਨਾਲ ਮਿਲ ਕੇ ਰਾਜਮਾਤਾ ਦੀ ਮੌਤ ’ਤੇ ਦੁੱਖ ਪ੍ਰਗਟਾਇਆ

ਉੱਘੇ ਉਦਯੋਗਪਤੀਆਂ ਅਤੇ ਅਨੇਕਾਂ ਹੋਰ ਆਗੂਆਂ ਨੇ ਵੀ ਮੁੱਖ ਮੰਤਰੀ ਨਾਲ ਮਿਲ ਕੇ ਕੀਤਾ ਦੁੱਖ ਸਾਂਝਾ

ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 28 ਜੁਲਾਈ:
ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭਦਰ ਸਿੰਘ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਉਨ੍ਹਾਂ ਦੀ ਮਾਤਾ, ਰਾਜਮਾਤਾ ਮਹਿੰਦਰ ਕੌਰ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ। ਸਿੰਧੀਆ ਅਤੇ ਵੀਰਭਦਰ ਦੋਵੇਂ ਉਡਾਣ ਰਾਹੀਂ ਪਟਿਆਲਾ ਆਏ ਅਤੇ ਬਾਅਦ ਦੁਪਹਿਰ ਤਕਰੀਬਨ ਇੱਕ ਵਜੇ ਨਿਊ ਮੋਤੀ ਬਾਗ਼ ਮਹਿਲ ਪਹੁੰਚੇ। ਦੋਵੇਂ ਮੁੱਖ ਮੰਤਰੀਆਂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਦੁਪਹਿਰ ਦਾ ਖਾਣਾ ਖਾਧਾ। ਦੋਵਾਂ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਪਰਿਵਾਰ ਦੇ ਮੈਂਬਰਾਂ ਨਾਲ ਰਾਜਮਾਤਾ ਦੇ ਵਿਛੋੜੇ ’ਤੇ ਦੁੱਖ ਸਾਂਝਾ ਕੀਤਾ ਅਤੇ ਇਸ ਵੱਡੇ ਘਾਟੇ ਲਈ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।
ਇਸ ਤੋਂ ਇਲਾਵਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ, ਨਾਮਧਾਰੀ ਮੁਖੀ ਸਤਿਗੁਰੂ ਦਲੀਪ ਸਿੰਘ, ਸਾਬਕਾ ਅਕਾਲੀ ਮੰਤਰੀ ਹੀਰਾ ਸਿੰਘ ਗਾਬੜ੍ਹੀਆ ਤੇ ਦਲਜੀਤ ਸਿੰਘ ਚੀਮਾ, ਭਾਜਪਾ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਅਕਾਲੀ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਅਤੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਵੀ ਮੁੱਖ ਮੰਤਰੀ ਅਤੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਨਾਲ ਮਿਲ ਕੇ ਰਾਜਮਾਤਾ ਦੇ ਵਿਛੋੜੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਤੋਂ ਇਲਾਵਾ ਉਦਯੋਗਪਤੀ ਐਸ.ਪੀ.ਓਸਵਾਲ (ਵਰਧਮਾਨ ਗਰੁੱਪ ਆਫ ਕੰਪਨੀਜ਼), ਕਮਲ ਓਸਵਾਲ (ਨਾਹਰ ਗਰੁੱਪ ਆਫ ਕੰਪਨੀਜ਼) ਅਤੇ ਰਜਿੰਦਰ ਗੁਪਤਾ (ਟਰਾਈਡੈਂਟ ਗਰੁੱਪ) ਤੋਂ ਇਲਾਵਾ ਬਹੁਤ ਸਾਰੇ ਅਫਸਰਸ਼ਾਹਾਂ ਨੇ ਵੀ ਮੁੱਖ ਮੰਤਰੀ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਵਿਛੜੀ ਆਤਮਾ ਦੀ ਰੂਹ ਦੀ ਸ਼ਾਂਤੀ ਲਈ ਸ਼ਾਮ ਵੇਲੇ ਮਹਿਲ ਵਿਚ ਸ਼ਬਦ ਕੀਰਤਨ ਕਰਵਾਇਆ ਗਿਆ। ਰਾਜਮਾਤਾ ਦੀ ਆਤਮਾ ਦੀ ਸ਼ਾਂਤੀ ਲਈ ਭੋਗ ਅਤੇ ਅੰਤਿਮ ਅਰਦਾਸ ਐਤਵਾਰ ਨੂੰ ਦੁਪਹਿਰ 12 ਵਜੇ ਤੋਂ 1.30 ਵਜੇ ਤੱਕ ਹੋਵੇਗੀ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…