Nabaz-e-punjab.com

ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਈਵੀਐਮ\ਵੀਵੀ ਪੈਟ ਮਸ਼ੀਨਾਂ ਦੀ ਕਾਰਜਪ੍ਰਣਾਲੀ ਬਾਰੇ ਦਿੱਤੀ ਜਾਣਕਾਰੀ

ਈਵੀਐਮ/ਵੀਵੀ ਪੈਟ ਮਸ਼ੀਨਾਂ ਦੀ ਪਹਿਲੀ ਰੈਂਡਮਾਈਜ਼ੇਸ਼ਨ ਕੀਤੀ

ਮੌਕ ਪੋਲ ਰਾਹੀਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਈਵੀਐਮ/ਵੀਵੀ ਪੈਟ ਮਸ਼ੀਨਾਂ ਦੀ ਕਾਰਜਪ੍ਰਣਾਲੀ ਬਾਰੇ ਕੀਤਾ ਜਾਗਰੂਕ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਮਾਰਚ:
ਲੋਕ ਸਭਾ ਚੋਣਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਅੱਜ ਮੁਹਾਲੀ ਦੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਗੁਰਪ੍ਰੀਤ ਕੌਰ ਸਪਰਾ ਦੀ ਅਗਵਾਈ ਵਿੱਚ ਤਿੰਨਾਂ ਵਿਧਾਨ ਸਭਾ ਹਲਕਿਆਂ ਮੁਹਾਲੀ, ਖਰੜ ਅਤੇ ਡੇਰਾਬੱਸੀ ਵਿੱਚ ਮਤਦਾਨ ਵਾਲੇ ਦਿਨ ਵਰਤੀਆਂ ਜਾਣ ਵਾਲੀਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮਜ਼)/ਵੀਵੀ ਪੈਟ ਮਸ਼ੀਨਾਂ ਦੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਥਿਤ ਨੈਸ਼ਨਲ ਇਨਫਰਮੇਸ਼ਨ ਸੈਂਟਰ (ਐਨਆਈਸੀ) ਦੇ ਦਫ਼ਤਰ ਵਿੱਚ ਪਹਿਲੀ ਰੈਂਡਮਾਈਜ਼ੇਸ਼ਨ ਕੀਤੀ ਗਈ। ਉਨ੍ਹਾਂ ਸਮੂਹ ਪਾਰਟੀਆਂ ਨੂੰ ਆਦਰਸ਼ ਚੋਣ ਜ਼ਾਬਤੇ ਦੀ ਇੰਨ ਬਿੰਨ ਪਾਲਣਾ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਵਾਰ ਵਾਰ ਉਲੰਘਣਾ ਕਰਨ ਵਾਲੇ ਉਮੀਦਵਾਰ ਜਾਂ ਸਿਆਸੀ ਪਾਰਟੀ ਦੇ ਖ਼ਿਲਾਫ਼ ਬਣਦੀ ਕਾਰਵਾਈ ਲਈ ਮੁੱਖ ਚੋਣ ਕਮਿਸ਼ਨਰ ਨੂੰ ਰਿਪੋਰਟ ਭੇਜੀ ਜਾਵੇਗੀ।
ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦੱਸਿਆ ਕਿ ਅੱਜ ਪਹਿਲੀ ਰੈਂਡੇਮਾਈਜ਼ੇਸ਼ਨ ਦੌਰਾਨ ਜ਼ਿਲ੍ਹਾ ਮੁਹਾਲੀ ਵਿੱਚ ਮੌਜੂਦ 1599 ਬੈਲਟ ਯੂਨਿਟਾਂ, 904 ਕੰਟਰੋਲ ਯੂਨਿਟਾਂ ਅਤੇ 961 ਵੀਵੀ ਪੈਟ ਯੂਨਿਟਾਂ ’ਚੋਂ ਚੋਣ ਬੂਥਾਂ ਦੇ ਹਿਸਾਬ ਨਾਲ ਮਸ਼ੀਨਾਂ ਦੀ ਵੰਡ ਕੀਤੀ ਗਈ ਹੈ। ਇਨ੍ਹਾਂ ’ਚੋਂ 15 ਫੀਸਦੀ ਬੈਲਟ ਤੇ ਕੰਟਰੋਲ ਯੂਨਿਟ ਅਤੇ 20 ਫੀਸਦੀ ਵੀਵੀ ਪੈਟ ਯੂਨਿਟ ਵਿਧਾਨ ਸਭਾ ਹਲਕਾ ਵਾਰ ਰਾਖਵੇਂ ਰੱਖੇ ਜਾਣਗੇ। ਉਨ੍ਹਾਂ ਦੱਸਿਆ ਕਿ ਅੱਜ ਮਸ਼ੀਨਾਂ ਦੀ ਹਲਕਾਵਾਰ ਵੰਡ ਕੀਤੀ ਗਈ ਅਤੇ 4 ਮਈ ਨੂੰ ਦੂਜੀ ਰੈਂਡੇਮਾਈਜ਼ੇਸ਼ਨ ਹੋਵੇਗੀ। ਇਸ ਮਗਰੋਂ ਚੋਣ ਬੂਥ ਵਾਰ ਮਸ਼ੀਨਾਂ ਦੀ ਵੰਡ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅੱਜ ਜਿਨ੍ਹਾਂ ਮਸ਼ੀਨਾਂ ਦੀ ਰੈਂਡੇਮਾਈਜ਼ੇਸ਼ਨ ਕੀਤੀ ਗਈ ਹੈ, ਉਹ ਫਸਟ ਲੈਵਲ ਚੈਕਿੰਗ ਦੌਰਾਨ ਬਿਲਕੁਲ ਸਹੀ ਪਾਈਆਂ ਗਈਆਂ ਹਨ। ਇਸ ਮੌਕੇ ਕਰਵਾਈ ਗਈ ਮੌਕ ਪੋਲ ਵਿੱਚ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਵੋਟ ਪਾਉਣ ਅਤੇ ਗਿਣਤੀ ਦੇ ਤਰੀਕੇ ਬਾਰੇ ਦੱਸਿਆ ਗਿਆ। ਇਸ ਦੌਰਾਨ ਕਈ ਨੁਮਾਇੰਦਿਆਂ ਨੇ ਸਵਾਲ ਜਵਾਬ ਵੀ ਕੀਤੇ।
ਇਸ ਮੌਕੇ ਨੋਡਲ ਅਫ਼ਸਰ ਈਵੀਐਮ ਸੁਖਸਾਗਰ ਸਿੰਘ, ਜ਼ਿਲ੍ਹਾ ਸੂਚਨਾ ਅਫ਼ਸਰ ਸ੍ਰੀਮਤੀ ਅਨੂੰ ਗੁਪਤਾ, ਤਹਿਸੀਲਦਾਰ ਸੁਖਪਿੰਦਰ ਕੌਰ, ਤਹਿਸੀਲਦਾਰ ਚੋਣਾਂ ਸੰਜੇ ਕੁਮਾਰ, ਚਮਨ ਕਿਸ਼ੋਰ ਭਾਰਤ ਇਲੈਕਟ੍ਰਾਨਿਕ ਲਿਮ., ਬਸਪਾ ਦੇ ਸਕੱਤਰ ਸੁਖਦੇਵ ਸਿੰਘ ਚੱਪੜਚਿੜੀ, ਭਾਜਪਾ ਆਗੂ ਜੋਗਿੰਦਰ ਸਿੰਘ, ਜ਼ਿਲ੍ਹਾ ਕਾਂਗਰਸ ਦੇ ਨਵਜੋਤ ਸਿੰਘ ਤੇ ਸੰਦੀਪ ਧੀਮਾਨ, ਸ਼ਹਿਰੀ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਬਹਾਦਰ ਸਿੰਘ, ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਤੋਂ ਹਰਭਜਨ ਸਿੰਘ, ਅਕਾਲੀ ਦਲ ਬਾਦਲ ਦੇ ਆਗੂ ਹਰਸੰਗਤ ਸਿੰਘ, ਸੀਪੀਆਈ ਤੋਂ ਟੀਪੀ ਸਿੰਘ, ਅਕਾਲੀ ਆਗੂ ਆਰ. ਕੇ ਮਿੱਤਲ ਸਮੇਤ ਹੋਰ ਕਈ ਰਾਜਸੀ ਪਾਰਟੀਆਂ ਦੇ ਨੁਮਾਇੰਦੇ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਪੁਲੀਸ ਵੱਲੋਂ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ ਜਾਅਲੀ ਖਣਨ ਰਸੀਦਾਂ ਤਿਆਰ…