
ਸਿਆਸੀ ਦਬਾਅ: ਇਨਸਾਫ਼ ਲਈ ਮ੍ਰਿਤਕ ਥਾਣੇਦਾਰ ਦਾ ਪਰਿਵਾਰ ਐਸਐਸਪੀ ਨੂੰ ਮਿਲਿਆ
ਪੁਲੀਸ ਨੂੰ 5 ਮਾਰਚ ਭੋਗ ਤੱਕ ਦਾ ਅਲਟੀਮੇਟਮ, ਮੁਲਜ਼ਮਾਂ ਨੂੰ ਗ੍ਰਿਫ਼ਤਾਰੀ ਨਾ ਕਰਨ ’ਤੇ ਸੰਘਰਸ਼ ਵਿੱਢਣ ਦੀ ਚਿਤਾਵਨੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਫਰਵਰੀ:
ਪਿੰਡ ਨਰੈਣਗੜ੍ਹ-ਝੁੱਗੀਆਂ ਦੇ ਵਸਨੀਕ ਸੇਵਾਮੁਕਤ ਥਾਣੇਦਾਰ ਦੀ ਮੌਤ ਦਾ ਮਾਮਲਾ ਕਾਫ਼ੀ ਭਖ ਗਿਆ ਹੈ। ਅੱਜ ਮ੍ਰਿਤਕ ਥਾਣੇਦਾਰ ਦੇ ਪਰਿਵਾਰਕ ਮੈਂਬਰ, ਮੁਲਾਜ਼ਮ ਜਥੇਬੰਦੀਆਂ ਅਤੇ ਸੀਪੀਆਈ (ਐਮ) ਦੇ ਕਾਰਕੁਨਾਂ ਨੇ ਮੁਹਾਲੀ ਵਿੱਚ ਐੱਸਐੱਸਪੀ ਦਫ਼ਤਰ ਦੇ ਬਾਹਰ ਰੋਸ ਮੁਜ਼ਾਹਰਾ ਕਰਕੇ ਪੁਲੀਸ ’ਤੇ ਸਿਆਸੀ ਦਬਾਅ ਕਾਰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕਰਨ ਦਾ ਦੋਸ਼ ਲਾਇਆ।
ਇਸ ਮੌਕੇ ਮੁਲਾਜ਼ਮ ਆਗੂ ਸੁਖਦੇਵ ਸਿੰਘ ਸੈਣੀ, ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਸਤਪਾਲ ਸਿੰਘ ਰਾਜੋਮਾਜਰਾ, ਪੰਜਾਬ ਕਿਸਾਨ ਸਭਾ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਖਾਸਪੁਰ, ਸੁਖਵਿੰਦਰ ਸਿੰਘ ਸੇਖੋਂ, ਕਾਮਰੇਡ ਸ਼ਾਮ ਲਾਲ ਹੈਬਤਪੁਰ, ਸੇਵਾਮੁਕਤ ਡੀਐਸਪੀ ਕੁਲਦੀਪ ਸਿੰਘ, ਮਹਿੰਦਰ ਸਿੰਘ ਮਨੌਲੀ ਅਤੇ ਅਵਤਾਰ ਸਿੰਘ ਬਨੂੜ ਦੀ ਅਗਵਾਈ ਹੇਠ ਉੱਚ ਪੱਧਰੀ ਵਫ਼ਦ ਨੇ ਐੱਸਐੱਸਪੀ ਨਾਲ ਮੁਲਾਕਾਤ ਕਰਕੇ ਸ਼ਿਕਾਇਤ ਦਿੱਤੀ ਅਤੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸੇਵਾਮੁਕਤ ਥਾਣੇਦਾਰ ਬਹਾਦਰ ਸਿੰਘ ਨੂੰ ਸਾਜ਼ਿਸ਼ ਰਚ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ। ਹਮਲਾਵਰਾਂ ਨੇ ਘਟਨਾ ਤੋਂ ਪਹਿਲਾਂ ਸ਼ਰੇਆਮ ਧਮਕੀਆਂ ਦਿੱਤੀਆਂ ਸਨ ਕਿ ਮੈਰਿਜ ਪੈਲੇਸ ’ਤੇ ਕਬਜ਼ਾ ਛੁਡਾਉਣ ਕਾਰਨ ਉਸ ਦੀਆਂ ਲੱਤਾਂ ਤੋੜੀਆਂ ਜਾਣਗੀਆਂ।
ਉਧਰ, ਮ੍ਰਿਤਕ ਥਾਣੇਦਾਰ ਬਹਾਦਰ ਸਿੰਘ ਦੇ ਸਪੁੱਤਰ ਮਲਕੀਤ ਸਿੰਘ, ਭਰਾ ਬੰਤ ਸਿੰਘ, ਰਾਣਾ ਸਿੰਘ ਤੇ ਹੋਰਨਾਂ ਨੇ ਪੁਲੀਸ ਨੂੰ 5 ਮਾਰਚ ਭੋਗ ਤੱਕ ਦਾ ਅਲਟੀਮੇਟਮ ਦਿੰਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ ਇਸ ਦੌਰਾਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਇਨਸਾਫ਼ ਲਈ ਵੱਡੇ ਪੱਧਰ ’ਤੇ ਜਨ ਅੰਦੋਲਨ ਵਿੱਢਿਆ ਜਾਵੇਗਾ ਅਤੇ ਪੈਦਾ ਹੋਏ ਹਾਲਾਤਾਂ ਲਈ ਪੁਲੀਸ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।

ਮੁਹਾਲੀ ਦੇ ਐੱਸਐੱਸਪੀ ਡਾ. ਸੰਦੀਪ ਗਰਗ ਨੇ ਪੀੜਤ ਪਰਿਵਾਰ ਦੇ ਮੈਂਬਰਾਂ ਦੀ ਗੱਲ ਧਿਆਨ ਨਾਲ ਸੁਣੀ ਅਤੇ ਮੌਕੇ ’ਤੇ ਹੀ ਐਸਪੀ (ਦਿਹਾਤੀ) ਨਵਰੀਤ ਸਿੰਘ ਵਿਰਕ ਨੂੰ ਜਾਂਚ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸੇਵਾਮੁਕਤ ਥਾਣੇਦਾਰ ਦੀ ਮੌਤ ਸਬੰਧੀ ਜ਼ੀਰਕਪੁਰ ਥਾਣੇ ਵਿੱਚ ਦਰਜ ਪਰਚੇ ਵਿੱਚ ਨਾਮਜ਼ਦ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਫਾਰ ਮੁਲਜ਼ਮਾਂ ਨੂੰ ਭਗੌੜਾ ਕਰਾਰ ਦੇਣ ਦੀ ਕਾਰਵਾਈ ਅਰੰਭੀ ਜਾਵੇ। ਐੱਸਐੱਸਪੀ ਨੇ ਪੁਲੀਸ ਨੂੰ ਇਹ ਵੀ ਹੁਕਮ ਦਿੱਤੇ ਕਿ ਮੁਲਜ਼ਮਾਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਅਦਾਲਤ ਵਿੱਚ ਯੋਗ ਪੈਰਵਾਈ ਕੀਤੀ ਜਾਵੇ। ਉਨ੍ਹਾਂ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਮੁਲਜ਼ਮਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।