Nabaz-e-punjab.com

ਸਿਆਸੀ ਤਾਣੀ ਉਲਝੀ: ਦੋ ਸਾਲ ਤੋਂ ਬੰਦ ਪਈਆਂ 6 ਪਬਲਿਕ ਲਾਇਬ੍ਰੇਰੀਆਂ ਖੁੱਲ੍ਹਣ ਦੀ ਆਸ ਟੁੱਟੀ

ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਨੇ ਲਾਇਬ੍ਰੇਰੀਆਂ ਵਿੱਚ ਸਟਾਫ਼ ਭੇਜਣ ਦੀ ਥਾਂ ਪੁਲੀਸ ਘੱਲੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜੂਨ:
ਇੱਥੋਂ ਦੇ ਸੈਕਟਰ-70 ਦੇ ਨੇਬਰਹੁੱਡ ਪਾਰਕ ਵਿੱਚ ਪਬਲਿਕ ਲਾਇਬਰੇਰੀ ਨੂੰ ਖੋਲ੍ਹਣ ਨੂੰ ਲੈ ਕੇ ਸੋਮਵਾਰ ਨੂੰ ਅਜੀਬੋ ਗਰੀਬ ਨਜ਼ਾਰਾ ਦੇਖਣ ਨੂੰ ਮਿਲਿਆ ਜਦੋਂ ਮੁਹਾਲੀ ਪ੍ਰਸ਼ਾਸਨ ਨੇ ਲਾਇਬਰੇਰੀ ਖੋਲ੍ਹਣ ਦੇ ਦਿੱਤੇ ਭਰੋਸੇ ਦੀ ਥਾਂ ਉੱਥੇ ਕਿਤਾਬਾਂ ਦਾਨ ਕਰਨ ਵਾਲੇ ਦਾਨੀਆਂ ਨੂੰ ਭਜਾਉਣ ਲਈ ਪੁਲੀਸ ਭੇਜ ਦਿੱਤੀ। ਕੁਝ ਦਿਨ ਪਹਿਲਾਂ ਸੈਕਟਰ-70 ਤੋਂ ਅਕਾਲੀ ਦਲ ਦੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਦੀ ਅਗਵਾਈ ਹੇਠ ਵੱਖ-ਵੱਖ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਦਾ ਸਾਂਝਾ ਵਫ਼ਦ ਮੁਹਾਲੀ ਨਗਰ ਨਿਗਮ ਮੁਹਾਲੀ ਦੇ ਕਮਿਸ਼ਨਰ ਭੁਪਿੰਦਰਪਾਲ ਸਿੰਘ ਨੂੰ ਮਿਲਿਆ ਸੀ।
ਉਨ੍ਹਾਂ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਐਮਪੀ ਲੈਂਡ ਫੰਡ ’ਚੋਂ ਦੋ ਸਾਲ ਪਹਿਲਾਂ ਸੈਕਟਰ-70 ਵਿੱਚ ਪਬਲਿਕ ਲਾਇਬਰੇਰੀ ਸਥਾਪਿਤ ਕੀਤੀ ਗਈ ਸੀ, ਜੋ ਉਸਾਰੀ ਹੋਣ ਤੋਂ ਬਾਅਦ ਪ੍ਰਸ਼ਾਸਨ ਦੀ ਬੇਧਿਆਨੀ ਕਾਰਨ ਬੰਦ ਪਈ ਹੈ। ਉਨ੍ਹਾਂ ਮੰਗ ਕੀਤੀ ਕਿ ਲੋਕਹਿੱਤ ਵਿੱਚ ਇਹ ਲਾਇਬਰੇਰੀ ਤੁਰੰਤ ਖੋਲ੍ਹੀ ਜਾਵੇ ਅਤੇ ਲਾਇਬਰੇਰੀ ਵਿੱਚ ਅਖ਼ਬਾਰ, ਮੈਗਜ਼ੀਨ, ਰਸਾਲ ਅਤੇ ਸਾਹਿਤ, ਦੇਸ਼ ਭਗਤੀ ਅਤੇ ਜਨਰਲ ਨਾਜ਼ਲ ਦੀਆਂ ਕਿਤਾਬਾਂ ਮੁਹੱਈਆ ਕਰਵਾਈਆਂ ਜਾਣ।
ਸ੍ਰੀ ਪਟਵਾਰੀ ਨੇ ਦੱਸਿਆ ਕਿ ਮੁਹਾਲੀ ਵਿੱਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ 25-25 ਲੱਖ ਰੁਪਏ ਦੀ ਲਾਗਤ ਨਾਲ ਸ਼ਹਿਰ ਦੇ ਵੱਖ ਵੱਖ ਪਾਰਕਾਂ ਵਿੱਚ 6 ਲਾਇਬਰੇਰੀਆਂ-ਕਮ-ਰੀਡਿੰਗ ਰੂਮ ਦੀ ਉਸਾਰੀ ਕਰਵਾਈ ਗਈ ਸੀ ਜੋ ਇਸ ਸਮੇਂ ਬੰਦ ਪਈਆਂ ਹਨ। ਉਨ੍ਹਾਂ ਕਿਹਾ ਕਿ ਲਾਇਬਰੇਰੀਆਂ ਵਿੱਚ ਗੋਦਰੇਜ ਦਾ ਫਰਨੀਚਰ ਅਤੇ ਵਧੀਆ ਰੈਕ ਰੱਖੇ ਗਏ ਸਨ, ਜੋ ਬਿਨਾਂ ਵਰਤੋਂ ਤੋਂ ਖਰਾਬ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਲਈ ਇਹ ਲਾਇਬਰੇਰੀਆਂ ਖੋਲੀਆਂ ਜਾਣ ਤਾਂ ਸਰਕਾਰੀ ਪੈਸੇ ਦੀ ਹੋ ਰਹੀ ਬਰਬਾਦੀ ਰੋਕੀ ਜਾ ਸਕਦੀ ਹੈ ਅਤੇ ਲਾਇਬਰੇਰੀਆਂ ਦੀਆਂ ਆਲੀਸ਼ਾਨ ਇਮਾਰਤਾਂ ਨੂੰ ਖੰਡਰ ਬਣਨ ਤੋਂ ਬਚਾਇਆ ਜਾ ਸਕਦਾ ਹੈ। ਸੈਕਟਰ ਵਾਸੀਆਂ ਨੇ ਕਮਿਸ਼ਨਰ ਨੂੰ ਸੁਆਲ ਕੀਤਾ ਕਿ ਜਦੋਂ ਸਟਾਫ਼ ਵੀ ਠੇਕੇ ’ਤੇ ਰੱਖਿਆ ਜਾ ਚੁੱਕਾ ਹੈ ਤਾਂ ਫਿਰ ਲਾਇਬ੍ਰੇਰੀਆਂ ਕਿਉਂ ਬੰਦ ਹਨ। ਸਕੱਤਰ ਦੀ ਰਿਪੋਰਟ ਤੋਂ ਬਾਅਦ ਕਮਿਸ਼ਨਰ ਨੇ ਅੱਜ 10 ਜੂਨ ਨੂੰ ਲਾਇਬਰੇਰੀ ਖੋਲ੍ਹਣ ਦਾ ਭਰੋਸਾ ਦਿੱਤਾ ਸੀ। ਪਰ ਅੱਜ ਜਦੋਂ ਲੋਕ ਲਾਇਬਰੇਰੀ ਪਹੁੰਚੇ ਤਾਂ ਨਗਰ ਨਿਗਮ ਦੀ ਟੀਮ ਨੇ ਦੱਸਿਆ ਕਿ ਉਹ ਕਿਸੇ ਨੂੰ ਲਾਇਬਰੇਰੀ ਖੋਲ੍ਹਣ ਨਹੀਂ ਦੇਣਗੇ। ਉਨ੍ਹਾਂ ਨੂੰ ਕਮਿਸ਼ਨਰ ਵੱਲੋਂ ਭੇਜਿਆ ਕਿ ਕੁਝ ਦਾਨੀ ਲਾਇਬਰੇਰੀ ਦਾ ਤਾਲਾ ਤੋੜ ਕੇ ਅੰਦਰ ਵੜ ਗਏ ਹਨ। ਇਸ ਮਗਰੋਂ ਪੁਲੀਸ ਕਰਮਚਾਰੀ ਉੱਥੇ ਗਏ। ਜਿਨ੍ਹਾਂ ਦਾ ਕਹਿਣਾ ਸੀ ਕਿ ਕਮਿਸ਼ਨਰ ਨੇ ਸ਼ਿਕਾਇਤ ਕੀਤੀ ਹੈ ਕਿ ਲਾਇਬਰੇਰੀ ਦਾ ਤਾਲਾ ਤੋੜ ਦਿੱਤਾ ਹੈ ਜਦੋਂਕਿ ਅਜਿਹਾ ਕੁਝ ਵੀ ਨਹੀਂ ਸੀ। ਅਸਲ ਵਿੱਚ ਕਮਿਸ਼ਨਰ ’ਤੇ ਦਬਾਅ ਸਿਆਸੀ ਹੈ ਕਿ ਲਾਇਬਰੇਰੀ ਦਾ ਉਦਘਾਟਨ ਕਿਸੇ ਮੰਤਰੀ ਤੋਂ ਕਰਵਾਇਆ ਜਾਵੇਗਾ। ਲਾਇਬਰੇਰੀ ਦੇ ਬਾਹਰ ਖੜੇ ਲੋਕਾਂ ਨੇ ਹਫ਼ਤੇ ਦਾ ਅਲਟੀਮੇਟਮ ਦਿੰਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ ਲਾਇਬਰੇਰੀ ਨਹੀਂ ਖੋਲ੍ਹੀ ਗਈ ਤਾਂ ਇਸ ਵਿਰੁੱਧ ਸੰਘਰਸ਼ ਕੀਤਾ ਜਾਵੇਗਾ।
ਇਸ ਮੌਕੇ ਆਰਪੀ ਕੰਬੋਜ, ਆਰਕੇ ਗੁਪਤਾ, ਜੇਪੀ ਸਿੰਘ, ਦਰਸ਼ਨ ਸਿੰਘ ਮਹਿੰਮੀ, ਸੁਖਦੇਵ ਸਿੰਘ ਪੰਥ, ਦਲਬੀਰ ਸਿੰਘ, ਵਕੀਲ ਮਹਾਂਦੇਵ ਸਿੰਘ, ਰਜਿੰਦਰ ਗੋਇਲ, ਵਿਪਨਜੀਤ ਸਿੰਘ, ਲਖਵਿੰਦਰ ਸਿੰਘ, ਸੋਭਾ ਗੋਰੀਆ, ਨਰਿੰਦਰ ਕੌਰ, ਨੀਲਮ ਚੋਪੜਾ, ਸੁਖਵਿੰਦਰ ਕੌਰ, ਗੁਰਨਾਮ ਸਿੰਘ ਸਿੱਧੂ, ਸੀਤਲ ਸਿੰਘ, ਵੀਰ ਸਿੰਘ ਠਾਕੁਰ, ਪੰਕੇਸ਼ ਕੁਮਾਰ, ਪ੍ਰੇਮ ਕੁਮਾਰ ਚਾਂਦ, ਦਿਨੇਸ਼ ਗੁਪਤਾ, ਨੀਟੂ ਰਾਜਪੂਤ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …