ਮੁਹਾਲੀ ਏਅਰਪੋਰਟ ’ਤੇ ਸ਼ਹੀਦ ਭਗਤ ਸਿੰਘ ਦੇ ਬੁੱਤ ਦੀ ਘੁੰਡ ਚੁਕਾਈ ਨੂੰ ਲੈ ਕੇ ਸਿਆਸਤ ਗਰਮਾਈ

ਭਾਜਪਾ ਆਗੂਆਂ ਤੇ ਵਰਕਰਾਂ ਨੇ ਰੋਸ ਮਾਰਚ ਕੀਤਾ, ਮੁਹਾਲੀ ਪੁਲੀਸ ਨੇ ਕਈ ਭਾਜਪਾ ਆਗੂ ਹਿਰਾਸਤ ’ਚ ਲਏ

ਮੁੱਖ ਮੰਤਰੀ ਭਗਵੰਤ ਮਾਨ 4 ਦਸੰਬਰ ਨੂੰ ਕਰਨਗੇ ਸ਼ਹੀਦ ਭਗਤ ਸਿੰਘ ਦੇ ਬੁੱਤ ਦਾ ਉਦਘਾਟਨ

ਨਬਜ਼-ਏ-ਪੰਜਾਬ, ਮੁਹਾਲੀ, 2 ਦਸੰਬਰ:
ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ’ਤੇ ਲਗਾਏ ਗਏ ਸ਼ਹੀਦ ਭਗਤ ਸਿੰਘ ਦੇ ਬੁੱਤ ਦੀ ਘੁੰਡ ਚੁਕਾਈ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਭਾਜਪਾ ਅਤੇ ‘ਆਪ’ ਆਗੂਆਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਬੁੱਤ ਬਾਰੇ ਇੱਕ ਦੂਜੇ ’ਤੇ ਸਿਆਸੀ ਪਲਟਵਾਰ ਕੀਤੇ ਜਾ ਰਹੇ ਹਨ। ਭਾਜਪਾ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਨੇ ਮੁਹਾਲੀ ਵਿੱਚ ਰੋਸ ਮਾਰਚ ਕਰਦਿਆਂ ‘ਆਪ’ ਸਰਕਾਰ ਦੀ ਖਿੱਲੀ ਉਡਾਈ। ਅੱਜ ਭਾਜਪਾ ਆਗੂ ਅਤੇ ਵਰਕਰ ਸੈਕਟਰ-82 ਸਥਿਤ ਐਰੋਸਿਟੀ ਵਿੱਚ ਇਕੱਠੇ ਹੋਏ ਅਤੇ ਇੱਥੋਂ ਸ਼ਹੀਦ ਭਗਤ ਸਿੰਘ ਦੇ ਬੁੱਤ ਤੋਂ ਪਰਦਾ ਚੁੱਕਣ ਲਈ ਰੋਸ ਮਾਰਚ ਕਰਦੇ ਹੋਏ ਹਵਾਈ ਅੱਡੇ ਵੱਲ ਨੂੰ ਚਾਲੇ ਪਾ ਦਿੱਤੇ ਲੇਕਿਨ ਮੁਹਾਲੀ ਪੁਲੀਸ ਨੇ ਜ਼ਬਰਦਸਤ ਬੈਰੀਕੇਟਿੰਗ ਕਰਕੇ ਭਾਜਪਾਈਆਂ ਦਾ ਰਾਹ ਰੋਕ ਲਿਆ।
ਇਸ ਦੌਰਾਨ ਭਾਜਪਾ ਵਰਕਰਾਂ ਦੀ ਪੁਲੀਸ ਨਾਲ ਖਿੱਚ ਧੂਹ ਵੀ ਹੋਈ। ਇਸ ਦੌਰਾਨ ਰੋਸ ਪ੍ਰਗਟ ਕਰ ਰਹੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ, ਮੁੱਖ ਬੁਲਾਰੇ ਸਰੀਨ ਅਤੇ ਵਿਨੀਤ ਜੋਸ਼ੀ ਸਮੇਤ ਹੋਰ ਕਈ ਆਗੂਆਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਉਨ੍ਹਾਂ ਨੂੰ ਸ਼ਾਮ ਤੱਕ ਮਟੌਰ ਥਾਣੇ ਵਿੱਚ ਡੱਕੀ ਰੱਖਿਆ। ਜਦੋਂਕਿ ਸ਼ਹੀਦ ਭਗਤ ਸਿੰਘ ਦੇ ਬੁੱਤ ਦੀ ਘੁੰਡ ਚੁਕਾਈ ਲਈ ਭਾਜਪਾ ਦੇ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ ਅਤੇ ਫਤਿਹ ਜੰਗ ਸਿੰਘ ਬਾਜਵਾ ਏਅਰਪੋਰਟ ਚੌਕ ਨੇੜੇ ਹੀ ਡਟੇ ਰਹੇ ਪ੍ਰੰਤੂ ਮੁਹਾਲੀ ਪੁਲੀਸ ਅੱਗੇ ਉਨ੍ਹਾਂ ਦੀ ਇੱਕ ਨਹੀਂ ਚੱਲੀ। ਏਅਰਪੋਰਟ ਨੇੜੇ ਪੁਲੀਸ ਨੇ ਚੌਕਸੀ ਵਧਾ ਦਿੱਤੀ ਹੈ। ਇਸ ਮੌਕੇ ਭਾਜਪਾ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਹਵਾਈ ਅੱਡੇ ’ਤੇ ਸਥਾਪਿਤ ਸ਼ਹੀਦ ਭਗਤ ਸਿੰਘ ਦੇ ਬੁੱਤ ਤੋਂ ਪਰਦਾ ਚੁੱਕਣ ਦਾ ਬਿਲਕੁਲ ਸਮਾਂ ਨਹੀਂ ਹੈ, ਜਿਸ ਕਰਕੇ ਭਾਜਪਾ ਨੇ ਇਹ ਮਹਿਸੂਸ ਕੀਤਾ ਕਿ ਉਹ ਖ਼ੁਦ ਹੀ ਬੁੱਤ ਤੋਂ ਪਰਦਾ ਚੁੱਕ ਦੇਵੇ।
ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਕਿ ਉਹ 4 ਦਸੰਬਰ ਨੂੰ ਸਵੇਰੇ 11 ਵਜੇ ਮੁਹਾਲੀ ਕੌਮਾਂਤਰੀ ਏਅਰਪੋਰਟ ’ਤੇ ਸ਼ਹੀਦ ਭਗਤ ਸਿੰਘ ਦੇ ਬੁੱਤ ਦੀ ਘੁੰਡ ਚੁਕਾਈ ਕਰਨਗੇ। ਇਹ ਸੁਨੇਹਾ ਮਿਲਦੇ ਹੀ ਭਾਜਪਾ ਆਗੂਆਂ ਦਾ ਕਹਿਣਾ ਸੀ ਕਿ ਜੇਕਰ ਮੁੱਖ ਮੰਤਰੀ ਪਹਿਲਾਂ ਹੀ ਇਹ ਐਲਾਨ ਕਰ ਦਿੰਦੇ ਤਾਂ ਅੱਜ ਉਨ੍ਹਾਂ ਨੂੰ ਇਹ ਕਦਮ ਨਾ ਚੁੱਕਣਾ ਪੈਂਦਾ।
ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 4 ਦਸੰਬਰ ਨੂੰ ਸਵੇਰੇ 11 ਵਜੇ ਮੁਹਾਲੀ ਕੌਮਾਂਤਰੀ ਏਅਰਪੋਰਟ ’ਤੇ ਸ਼ਹੀਦ ਭਗਤ ਸਿੰਘ ਦੇ ਬੁੱਤ ਦਾ ਉਦਘਾਟਨ ਕੀਤਾ ਜਾਵੇਗਾ। ਉਂਜ ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਨੇ ਅਕਤੂਬਰ ਦੇ ਪਹਿਲੇ ਹਫ਼ਤੇ ਬੁੱਤ ਤੋਂ ਪਰਦਾ ਚੁੱਕਣ ਦਾ ਪ੍ਰੋਗਰਾਮ ਉਲੀਕਿਆ ਸੀ ਲੇਕਿਨ ਉਦੋਂ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜ ਗਈ ਅਤੇ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਵਿੱਚ ਕਈ ਦਿਨ ਦਾਖ਼ਲ ਰਹਿਣਾ ਪਿਆ। ਇਸ ਮਗਰੋਂ ਉਨ੍ਹਾਂ ਨੇ ਫਿਰ ਤੋਂ ਉਦਘਾਟਨ ਕਰਨਾ ਚਾਹਿਆ ਪ੍ਰੰਤੂ ਜ਼ਿਮਨੀ ਚੋਣਾਂ ਕਾਰਨ ਚੋਣ ਜ਼ਾਬਤਾ ਲੱਗ ਗਿਆ।
ਸੂਤਰ ਦੱਸਦੇ ਹਨ ਕਿ ਹੁਣ ਮੁੱਖ ਮੰਤਰੀ ਭਲਕੇ 3 ਦਸੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਬੁੱਤ ਤੋਂ ਪਰਦਾ ਚੁੱਕਣ ਦਾ ਪ੍ਰੋਗਰਾਮ ਬਣਾ ਰਹੇ ਸੀ ਲੇਕਿਨ ਪ੍ਰਧਾਨ ਮੰਤਰੀ ਦੀ ਫੇਰੀ ਅਤੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਨੂੰ ਏਅਰਪੋਰਟ ’ਤੇ ਉਦਘਾਟਨ ਸਮਾਗਮ ਕਰਨ ਦੀ ਇਜਾਜ਼ਤ ਨਹੀਂ ਮਿਲੀ। ਲੇਕਿਨ ਹੁਣ 4 ਦਸੰਬਰ ਨੂੰ ਬੁੱਤ ਦਾ ਉਦਘਾਟਨ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ

ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ ਸਾਰਾ ਦਿਨ ਚੱਲਿਆ ਗੁਰਮਤਿ ਸਮਾ…