ਮੁਹਾਲੀ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਸਿਆਸਤ ਭਖੀ, ਇਕ ਦੂਜੇ ’ਤੇ ਦੂਸ਼ਣਬਾਜ਼ੀ

ਸਾਬਕਾ ਮੇਅਰ ਕੁਲਵੰਤ ਸਿੰਘ ਨੇ ਸਿੱਧੂ ਭਰਾਵਾਂ ਤੇ ਕੀਤਾ ਪਲਟਵਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਦਸੰਬਰ:
ਮੁਹਾਲੀ ਵਿੱਚ ਵਿਕਾਸ ਕਾਰਜਾਂ ਦਾ ਸਿਹਰਾ ਲੈਣ ਲਈ ਸਿਆਸਤ ਭਖ ਗਈ ਹੈ। ਸਾਬਕਾ ਵਿਧਾਇਕ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਅਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਜਿੱਥੇ ਰੋਜ਼ਾਨਾ ਵਿਕਾਸ ਕੰਮਾਂ ਦੇ ਨੀਂਹ ਪੱਥਰ ਰੱਖਣ ਅਤੇ ਉਦਘਾਟਨੀ ਸਮਾਰੋਹਾਂ ਦੌਰਾਨ ਸਾਬਕਾ ਮੇਅਰ ਕੁਲਵੰਤ ਸਿੰਘ ’ਤੇ ਨਿਸ਼ਾਨਾ ਸਾਧ ਰਹੇ ਹਨ ਅਤੇ ਉਨ੍ਹਾਂ ਵਿਰੁੱਧ ਵਿਕਾਸ ਪੱਖੋਂ ਸ਼ਹਿਰ ਨੂੰ ਪਿੱਛੇ ਧੱਕਣ ਦੇ ਦੋਸ਼ ਲਗਾਏ ਜਾ ਰਹੇ ਹਨ। ਉੱਥੇ ਆਜ਼ਾਦ ਗਰੁੱਪ ਦੇ ਮੁਖੀ ਤੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਸਿੱਧੂ ਭਰਾਵਾਂ ਪਲਟਵਾਰ ਕਰਦਿਆਂ ਦੋਸ਼ ਲਾਇਆ ਕਿ ਬਲਬੀਰ ਸਿੱਧੂ ਅਤੇ ਉਨ੍ਹਾਂ ਦੀ ਟੀਮ ਨੇ ਮੁਹਾਲੀ ਨੂੰ ਵਿਕਾਸ ਪੱਖੋਂ ਪੰਜ ਸਾਲ ਪਿੱਛੇ ਧੱਕ ਦਿੱਤਾ ਹੈ। ਉਨ੍ਹਾਂ ਨੇ ਕਾਂਗਰਸੀ ਵਿਧਾਇਕ ’ਤੇ ਨਗਰ ਨਿਗਮ ਵੱਲੋਂ ਸ਼ਹਿਰ ਦੇ ਵਿਕਾਸ ਲਈ ਪਾਸ ਕੀਤੇ ਕੰਮ ਰੁਕਵਾਉਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ (ਕੁਲਵੰਤ) ਦੇ ਕਾਰਜਕਾਲ ਦੌਰਾਨ ਪਾਸ ਕੀਤੇ ਕੰਮਾਂ ਦੇ ਉਦਘਾਟਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਿੱਧੂ ਨੇ ਕਾਂਗਰਸ ਬਣਨ ਤੋਂ ਬਾਅਦ ਕੰਮ ਨਾ ਰੁਕਵਾਏ ਹੁੰਦੇ ਤਾਂ ਸ਼ਹਿਰ ਨੂੰ ਚਾਰ ਚੰਨ ਲੱਗੇ ਹੋਣੇ ਸੀ। ਸਿਟੀ ਬੱਸ ਸਰਵਿਸ ਦਾ ਮਤਾ ਵੀ ਸਿੱਧੂ ਨੇ ਪਾਸ ਨਹੀਂ ਹੋਣ ਦਿੱਤਾ ਜਦੋਂਕਿ ਉਨ੍ਹਾਂ ਦੇ ਸਮੇਂ ਰੂਟ ਪਲਾਨ ਵੀ ਬਣ ਚੁੱਕੇ ਸੀ ਲੇਕਿਨ ਹੁਣ ਖ਼ੁਦ ਸਿਟੀ ਬੱਸ ਦਾ ਨਵੇਂ ਸਿਰਿਓਂ ਮਤਾ ਪਾਸ ਕਰਕੇ ਲੋਕਾਂ ਗੁਮਰਾਹ ਕੀਤਾ ਜਾ ਰਿਹਾ ਹੈ।
ਕੁਲਵੰਤ ਸਿੰਘ ਨੇ ਕਿਹਾ ਕਿ ਸਿੱਧੂ ਭਰਾ ਸ਼ਹਿਰ ਦੇ ਵਿਕਾਸ ਸਬੰਧੀ ਝੂਠੀ ਬਿਆਨਬਾਜ਼ੀ ਕਰ ਰਹੇ ਹਨ ਜਦੋਂਕਿ ਮੁਹਾਲੀ ਵਾਸੀ ਭਲੀਭਾਂਤ ਜਾਣੂ ਹਨ ਅਤੇ ਉਹ ਇਨ੍ਹਾਂ ਦੇ ਜਾਲ ਵਿੱਚ ਫਸਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਗਮਾਡਾ ਨਾਲ ਐਮਓਯੂ ਸਾਈਨ ਕਰਨ ਵਾਲੀ ਗੱਲ ਹੈ ਤਾਂ ਇਸ ਸਬੰਧੀ ਅਗਸਤ 2016 ਵਿੱਚ ਸ਼ਹਿਰ ਨਾਲ ਜੁੜੇ ਹੋਏ ਵਿਕਾਸ ਕਾਰਜਾਂ ਸਬੰਧੀ ਗਮਾਡਾ ਨਾਲ 50 ਕਰੋੜ ਰੁਪਏ ਪ੍ਰਤੀ ਸਾਲ ਦਾ ਸਮਝੌਤਾ ਹੋਇਆ ਸੀ। ਜਿਸ ਤਹਿਤ ਵਿਕਾਸ ਕੰਮਾਂ ਸਬੰਧੀ ਗਮਾਡਾ ਨੇ ਨਗਰ ਨਿਗਮ ਨੂੰ 50 ਕਰੋੜ ਰੁਪਏ ਪ੍ਰਤੀ ਸਾਲ (ਪੰਜ ਸਾਲਾਂ ਲਈ) ਦੇਣੇ ਸਨ ਅਤੇ ਉਸ ਤੋਂ ਅਗਲੇ ਪੰਜ ਸਾਲ ਪ੍ਰਤੀ ਸਾਲ 25 ਕਰੋੜ ਰੁਪਏ ਦੇਣੇ ਸਨ। ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਗਮਾਡਾ ਤੋਂ ਇੱਕ ਕਿਸ਼ਤ ਵੀ ਪ੍ਰਾਪਤ ਕੀਤੀ ਸੀ ਪ੍ਰੰਤੂ ਬਾਅਦ ਵਿੱਚ ਨਿਗਮ ’ਤੇ ਕਾਂਗਰਸੀ ਕਾਬਜ਼ ਹੋ ਗਏ।
ਬਿਜਲੀ ਚੁੰਗੀ ਸੈਸ ਦੇ ਬਕਾਏ ਦੀ ਗੱਲ ਕਰਦਿਆਂ ਸਾਬਕਾ ਮੇਅਰ ਨੇ ਕਿਹਾ ਕਿ ਉਨ੍ਹਾਂ ਦੀ ਟਰਮ ਦੌਰਾਨ ਨਗਰ ਨਿਗਮ ਨੇ ਪਾਵਰਕੌਮ ਤੋਂ 8 ਕਰੋੜ ਪ੍ਰਾਪਤ ਕੀਤੇ ਅਤੇ ਲਗਪਗ 5 ਕਰੋੜ ਰੁਪਏ ਬਿਜਲੀ ਬਿੱਲਾਂ ’ਚ ਅਡਜਸਟ ਕੀਤੇ ਗਏ ਸਨ। ਮੁਹਾਲੀ ਵਿੱਚ ਨਵੀਂ ਸੀਵਰੇਜ ਲਾਈਨ ਪਾਉਣ ਦੀ ਗੱਲ ਹੋਵੇ ਜਾਂ ਵਾਟਰ ਸਪਲਾਈ ਸਕੀਮ ਵਿੱਚ ਓਵਰ ਹਾਲਿੰਗ ਦੀ ਗੱਲ ਹੋਵੇ ਇਹ ਦੋਵੇਂ ਮਤੇ ਉਨ੍ਹਾਂ ਦੇ ਕਾਰਜਕਾਲ ਵੇਲੇ ਹੀ ਪਾਸ ਹੋਏ ਸਨ ਅਤੇ ਇਹ ਕੰਮ ਅੰਮ੍ਰਿਤ ਸਕੀਮ ਤਹਿਤ ਕਰਵਾਏ ਜਾਣੇ ਸਨ। ਉਨ੍ਹਾਂ ਕਿਹਾ ਕਿ ਇਹ ਕੰਮ ਵੀ ਕਾਫ਼ੀ ਸਮਾਂ ਪਹਿਲਾਂ ਹੋ ਜਾਣਾ ਸੀ ਜੇਕਰ ਸਿੱਧੂ ਨੇ ਰਾਹ ਵਿੱਚ ਦਿੱਕਤਾਂ ਨਾ ਖੜੀਆਂ ਕੀਤੀਆਂ ਹੁੰਦੀਆਂ। ਮੌਜੂਦਾ ਸਮੇਂ ਵਿੱਚ ਲੋਕਾਂ ਦਾ ਮੁੱਖ ਸੜਕਾਂ ’ਤੇ ਲੰਘਣਾ ਮੁਸ਼ਕਲ ਹੋਇਆ ਪਇਆ ਹੈ।
ਉਨ੍ਹਾਂ ਨੇ ਪਹਿਲੀ ਵਾਰ ਨਿਵੇਕਲਾ ਉਪਰਾਲਾ ਕਰਕੇ ਓਪਨ ਏਅਰ ਜਿਮ ਲਗਾਉਣ ਦਾ ਮਤਾ ਪਾਸ ਕੀਤਾ ਸੀ। ਜਿਸ ਵਿੱਚ ਪਾਇਲਟ ਪ੍ਰਾਜੈਕਟ ਦੇ ਤਹਿਤ ਵੱਖ-ਵੱਖ ਵਾਰਡਾਂ ਵਿੱਚ 50 ਜਿਮ ਲਗਾਏ ਗਏ ਸਨ। ਇਸ ਤੋਂ ਇਲਾਵਾ ਸ਼ਹਿਰ ਵਾਸੀਆਂ ਦੀ ਮੰਗ ’ਤੇ ਉਨ੍ਹਾਂ ਨੇ 50 ਹੋਰ ਜਿਮ ਲਗਾਉਣ ਦਾ ਪਾਸ ਕੀਤਾ ਗਿਆ ਪਰ ਸਿੱਧੂ ਨੇ ਪਹਿਲਾਂ ਇਹ ਮਤਾ ਰੁਕਵਾ ਦਿੱਤਾ ਅਤੇ ਹੁਣ ਨਗਰ ਨਿਗਮ ’ਤੇ ਕਾਬਜ਼ ਹੋਣ ਉਪਰੰਤ ਸਿਆਹੀ ਲਾਹਾ ਲੈਣ ਲਈ ਇਹ ਕੰਮ ਸ਼ੁਰੂ ਕਰਵਾ ਦਿੱਤੇ ਗਏ।

Load More Related Articles
Load More By Nabaz-e-Punjab
Load More In Agriculture & Forrest

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …