Nabaz-e-punjab.com

ਪੈਲਸ ਵਿੱਚ ਜੂਏ ਦੇ ਅੰਤਰਾਸ਼ਟਰੀ ਅੱਡੇ ਨਾਲ ਪੁਲੀਸ ਤੇ ਕਾਂਗਰਸ ਦੀ ਮਿਲੀਭੂਗਤ ਦੀ ਪੋਲ ਖੁੱਲ੍ਹੀ: ਬੀਰਦਵਿੰਦਰ ਸਿੰਘ

ਲਗਾਤਾਰ ਵਧ ਰਹੀਆਂ ਅਪਰਾਧਿਕ ਵਾਰਦਾਤਾਂ ਨੂੰ ਠੱਲ੍ਹ ਪਾਉਣ ਵਿੱਚ ਪੁਲੀਸ ਫੇਲ੍ਹ ਸਾਬਤ ਹੋਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਫਰਵਰੀ:
ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਮੁੱਖ ਬੁਲਾਰੇ ਅਤੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਬਨੂੜ ਪੈਲਸ ਵਿੱਚ ਅਮਰੀਕਾ ਦੇ ‘ਲਾਸ ਵੇਗਾ’ ਜੂਆ ਘਰਾਂ ਦੀ ਤਰਜ਼ ’ਤੇ ਚੱਲ ਰਹੇ ਬਨੂੜ ਦੇ ਕਸੀਨੋ (ਜੂਆ ਘਰ) ’ਤੇ ਪੰਜਾਬ ਪੁਲੀਸ ਦੇ ਕਰਾਇਮ ਕੰਟਰੋਲ ਯੂਨਿਟ (ਓਸੀਸੀਯੂ) ਵੱਲੋਂ ਮਾਰੇ ਗਏ ਛਾਪੇ ਦੌਰਾਨ ਲੱਖਾਂ ਰੁਪਏ ਦੀ ਨਗਦੀ ਸਣੇ ਫੜੇ ਗਏ ਕਈ ਕਥਿਤ ਕਾਂਗਰਸੀ ਆਗੂਆਂ ਨਾਲ ਇੱਕ ਗੱਲ ਸਾਫ਼ ਹੋ ਗਈ ਹੈ ਕਿ ਜੂਏ ਦਾ ਇਹ ਕਾਰੋਬਾਰ ਪੁਲੀਸ ਅਤੇ ਕਾਂਗਰਸੀ ਆਗੂਆਂ ਦੀ ਮਿਲੀਭੂਗਤ ਨਾਲ ਹੀ ਚੱਲ ਰਿਹਾ ਸੀ।
ਅੱਜ ਇੱਥੇ ਜਾਰੀ ਬਿਆਨ ਵਿੱਚ ਬੀਰਦਵਿੰਦਰ ਸਿੰਘ ਨੇ ਪੰਜਾਬ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਏਨੇ ਵੱਡੇ ਪੱਧਰ ’ਤੇ ਬਨੂੜ ਥਾਣੇ ਤੋਂ ਮਹਿਜ਼ ਡੇਢ ਕਿੱਲੋਮੀਟਰ ਦੀ ਦੂਰੀ ’ਤੇ ਚੱਲ ਰਹੇ ਜੂਏ ਦੇ ਅੰਤਰਰਾਸ਼ਟਰੀ ਅੱਡੇ ਦੀ ਪੁਲੀਸ ਨੂੰ ਭਿਣਕ ਤੱਕ ਨਾ ਹੋਵੇ। ਉਨ੍ਹਾ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪਿਛਲੇ ਕਾਰਜ਼ਕਾਲ ਦੇ ਦੌਰਾਨ ਪੰਜਾਬ ਵਿੱਚ ਕਸੀਨੋ ਖੋਲ੍ਹਣ ਦੀ ਮਨਸ਼ਾ ਜ਼ਾਹਰ ਕੀਤੀ ਸੀ ਅਤੇ ਹੁਣ ਇੰਜ ਲੱਗਦਾ ਹੈ ਕਿ ਜੂਏ ਦੇ ਕਾਰੋਬਾਰ ਕਰਦੇ ਫੜੇ ਗਏ ਕਾਂਗਰਸੀ ਆਗੂ ਮਹਾਰਾਜੇ ਦਾ ਇਹ ਸੁਪਨਾ ਸਾਕਾਰ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਸਨ।
ਸ੍ਰੀ ਬੀਰਦਵਿੰਦਰ ਸਿੰਘ ਨੇ ਮੁਹਾਲੀ ਜ਼ਿਲ੍ਹੇ ਵਿੱਚ ਪਿਛਲੇ ਕੁੱਝ ਸਮੇਂ ਦੌਰਾਨ ਲੁੱਟਾਂ-ਖੋਹਾਂ ਅਤੇ ਹੋਰ ਗੰਭੀਰ ਅਪਰਾਧਿਕ ਵਾਰਦਾਤਾਂ ਦਾ ਵੀ ਮੁੱਦਾ ਚੁੱਕਿਆ ਅਤੇ ਕਿਹਾ ਕਿ ਮੁਹਾਲੀ ਵਿੱਚ ਇਸ ਸਮੇਂ ਅਪਰਾਧੀਆਂ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹਨ ਅਤੇ ਦੂਜੇ ਪਾਸੇ ਪੁਲੀਸ ਇਨ੍ਹਾਂ ਅਪਰਾਧੀਆਂ ਨੂੰ ਕਾਬੂ ਕਰਨ ਵਿੱਚ ਪੂਰੀ ਤਰਾਂ ਅਸਫਲ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਟਰਾਇਸਿਟੀ ਵਿੱਚ ਮੁਹਾਲੀ ਦਾ ਇੱਕ ਆਪਣਾ ਨਿਵੇਕਲਾ ਮਹੱਤਵ ਹੈ। ਜੇਕਰ ਇੱਥੇ ਕਾਨੂੰਨ ਵਿਵਸਥਾ ਮਜਬੂਤ ਹੋਵੇਗੀ ਤਾਂ ਇਸਦਾ ਅਸਰ ਬਾਕੀ ਥਾਵਾਂ ‘ਤੇ ਵੀ ਪਵੇਗਾ। ਉਨ੍ਹਾ ਕਿਹਾ ਕਿ ਜਿਲ੍ਹੇ ਵਿੱਚ ਪੁਲੀਸ ਦੀ ਚੌਕਸੀ ਅਤੇ ਪੂਰੀ ਮੁਸਤੈਦੀ ਨਾਲ ਕੀਤੀ ਜਾਣ ਵਾਲੀ ਰਾਤ ਦੀ ਗਸ਼ਤ ਨਾ ਬਰਾਬਰ ਹੈ ਅਤੇ ਸਭ ਤੋਂ ਵੱਧ ਅਪਰਾਧਿਕ ਵਾਰਦਾਤਾਂ ਮੁਹਾਲੀ ਵਿੱਚ ਰਾਤ ਦੇ ਵੇਲੇ ਹੀ ਅੰਜਾਮ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਪੁਲੀਸ ਨੂੰ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਬਿਹਤਰ ਕਰਨ ਅਤੇ ਲੋਕਾਂ ਲਈ ਸੁਰੱਖਿਆ ਪ੍ਰਬੰਧ ਹੋਰ ਮਜਬੂਤ ਕਰਨ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਰਾਤ ਦੀ ਗਸ਼ਤ ਸੀਨੀਅਰ ਪੁਲੀਸ ਅਫ਼ਸਰਾਂ ਦੀ ਦੇਖ ਰੇਖ ਵਿੱਚ ‘ਅਪਰੇਸ਼ਨ ਨਾਈਟ ਡੌਮੀਨੈਂਸ’ ਦੀ ਤਰਜ਼ ’ਤੇ ਕੀਤੀ ਜਾਵੇ ਤਾਂ ਕਿ ਅਪਰਾਧਿਕ ਤੱਤਾਂ ਨੂੰ ਨੱਥ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਪੁਲੀਸ ਸਕੱਤਰੇਤ ਵਿੱਚ ਬੈਠੇ ਸੀਨੀਅਰ ਪੁਲੀਸ ਅਫ਼ਸਰਾਂ ਨੂੰ ਵਾਰੀ ਨਾਲ ਅਪਰੇਸ਼ਨ ਨਾਈਟ ਡੌਮੀਨੈਂਸ’ ਦਾ ਸੁਪਰਵਾਈਜ਼ਰੀ ਕੰਟਰੋਲ ਦਿੱਤਾ ਜਾਵੇ।

Load More Related Articles
Load More By Nabaz-e-Punjab
Load More In Business

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…