ਮਿਉਂਸਪਲ ਚੋਣਾਂ ਲਈ ਪੋਲਿੰਗ ਅਮਲਾ ਤੇ ਸਮੱਗਰੀ ਪੂਰੀ ਤਰ੍ਹਾਂ ਤਿਆਰ: ਡੀਸੀ ਗਿਰੀਸ਼ ਦਿਆਲਨ

ਸੰਵੇਦਨਸ਼ੀਲ ਤੇ ਅਤਿ ਸੰਵੇਦਨਸ਼ੀਲ ਪੋਲਿੰਗ ਬੂਥਾਂ ’ਤੇ ਵਾਧੂ ਫੋਰਸ ਤਾਇਨਾਤ ਕੀਤੀ ਜਾਵੇਗੀ: ਐਸਐਸਪੀ

ਸ਼ਿਕਾਇਤ ਨਿਵਾਰਣ ਸੈੱਲ ਤੇ ਮੀਡੀਆ ਨਿਗਰਾਨੀ ਸੈੱਲ ਸਥਾਪਿਤ, ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ

ਮਹਿਲਾ ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਆਲ-ਵੋਮੈਨ ਬੂਥ ਕੀਤੇ ਜਾਣਗੇ ਸਥਾਪਿਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਫਰਵਰੀ:
ਸਿਵਿਕ ਬੌਡੀਜ਼ ਲਈ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਾਉਣ ਲਈ ਲੋੜੀਂਦੇ ਵਿਅਕਤੀ ਅਤੇ ਸਮੱਗਰੀ ਪੂਰੀ ਤਰ੍ਹਾਂ ਤਿਆਰ ਹਨ। ਇਹ ਜਾਣਕਾਰੀ ਮੁਹਾਲੀ ਦੇ ਡੀਸੀ ਅਤੇ ਜ਼ਿਲ੍ਹਾ ਚੋਣਕਾਰ ਅਫ਼ਸਰ ਗਿਰੀਸ਼ ਦਿਆਲਨ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰਿਟਰਨਿੰਗ ਅਫ਼ਸਰਾਂ ਸਮੇਤ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਦਿੱਤੀ। ਮੀਟਿੰਗ ਵਿੱਚ ਚੋਣ ਅਬਜ਼ਰਵਰ ਐਮਐਸ ਛੀਨਾ, ਕੰਵਲਪ੍ਰੀਤ ਬਰਾੜ ਅਤੇ ਸ੍ਰੀਮਤੀ ਪਰਮਪਾਲ ਕੌਰ ਨੇ ਪੋਲਿੰਗ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਏਡੀਸੀ ਸ੍ਰੀਮਤੀ ਆਸ਼ਿਕਾ ਜੈਨ ਤੇ ਰਾਜੀਵ ਗੁਪਤਾ, ਐਸਡੀਐਮ ਹਿਮਾਂਸ਼ੂ ਜੈਨ, ਜਗਦੀਪ ਸਹਿਗਲ ਅਤੇ ਕੁਲਦੀਪ ਬਾਵਾ ਮੌਜੂਦ ਸਨ।
ਜ਼ਿਲ੍ਹਾ ਚੋਣਕਾਰ ਅਫ਼ਸਰ ਨੇ ਚੋਣ ਡਿਊਟੀ ਲਈ ਅਧਿਕਾਰੀਆਂ ਵਿੱਚ ਜੋਸ਼ ਭਰਿਆ। ਉਨ੍ਹਾਂ ਦੱਸਿਆ ਕਿ ਸਟਾਫ਼ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਪੋਲਿੰਗ ਸਟਾਫ਼ ਦੀ ਜ਼ਰੂਰੀ ਰਿਹਰਸਲ 7 ਅਤੇ 10 ਫਰਵਰੀ ਨੂੰ ਕੀਤੀ ਜਾਵੇਗੀ। ਈਵੀਐਮ ਮਸ਼ੀਨਾਂ ਦਾ ਰੈਂਡਮਾਈਜ਼ੇਸ਼ਨ ਕੀਤਾ ਜਾ ਚੁੱਕਾ ਹੈ ਅਤੇ ਛੇਤੀ ਹੀ ਯੋਜਨਾ ਅਨੁਸਾਰ ਵੰਡ ਕੀਤੀ ਜਾਵੇਗੀ। ਗਿਣਤੀ ਅਤੇ ਸਟੋਰੇਜ ਸੈਂਟਰਾਂ/ਸਟਰਾਂਗ ਰੂਮਜ਼ ਦੀ ਪਛਾਣ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਖ਼ੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਅਧੀਨ ਸ਼ਿਕਾਇਤ ਨਿਵਾਰਣ ਸੈੱਲ ਸਥਾਪਿਤ ਕੀਤਾ ਗਿਆ ਹੈ ਅਤੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਦੀ ਅਗਵਾਈ ਹੇਠ ਮੀਡੀਆ ਨਿਗਰਾਨੀ ਸੈੱਲ ਸਥਾਪਿਤ ਕੀਤਾ ਗਿਆ ਹੈ। ਕੋਵਿਡ ਰੋਕਥਾਮ ਸਬੰਧੀ ਸਮੱਗਰੀ ਵਾਲੀਆਂ ਕਿੱਟਾਂ ਮੰਗਵਾਈਆਂ ਜਾ ਰਹੀਆਂ ਹਨ ਅਤੇ ਇਹ ਪੋਲਿੰਗ ਪਾਰਟੀਆਂ ਨੂੰ ਦਿੱਤੀਆਂ ਜਾਣਗੀਆਂ। ਕਿੱਟ ਵਿੱਚ ਫੇਸ ਸ਼ੀਲਡ, ਮਾਸਕ, ਦਸਤਾਨੇ, ਸੈਨੇਟਾਈਜ਼ਰ ਅਤੇ ਥਰਮਲ ਸਕੈਨਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਮਹਿਲਾ ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਆਲ-ਵੋਮੈਨ ਬੂਥ ਸਥਾਪਿਤ ਕਰਨ ਬਾਰੇ ਵਿਚਾਰ ਕਰ ਰਿਹਾ ਹੈ।
ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਸ਼ਾਂਤਮਈ ਅਤੇ ਸੁਰੱਖਿਅਤ ਢੰਗ ਨਾਲ ਚੋਣਾਂ ਕਰਵਾਉਣ ਲਈ ਯੋਜਨਾ ਤਿਆਰ ਕੀਤੀ ਗਈ ਹੈ। ਨਿਯਮਾਂ ਅਨੁਸਾਰ ਪੁਲੀਸ ਕਰਮਚਾਰੀਆਂ ਦੇ ਡਿਊਟੀ ਖੇਤਰ ਨਿਰਧਾਰਿਤ ਕੀਤੇ ਗਏ ਹਨ ਅਤੇ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਵਿੱਚ ਵਾਧੂ ਫੋਰਸ ਤਾਇਨਾਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮਤਦਾਨ ਦੌਰਾਨ ਪੈਟਰੋਲਿੰਗ ਪਾਰਟੀਆਂ ਨੂੰ ਕੰਮ ’ਤੇ ਲਾਇਆ ਜਾਵੇਗਾ।
ਅਬਜ਼ਰਵਰਾਂ ਨੇ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ’ਤੇ ਜ਼ੋਰ ਦਿੰਦਿਆਂ ਜ਼ਿਲ੍ਹਾ ਪੱਧਰੀ ਸੈੱਲ ਤੋਂ ਇਲਾਵਾ ਰਿਟਰਨਿੰਗ ਅਫ਼ਸਰ (ਆਰਓ) ਪੱਧਰ ’ਤੇ ਸ਼ਿਕਾਇਤ ਨਿਵਾਰਣ ਸੈੱਲ ਸਥਾਪਿਤ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਆਰਓ ਪੱਧਰ ’ਤੇ ਲਾਊਡ ਸਪੀਕਰਾਂ ਲਈ ਮਨਜ਼ੂਰੀ ਦੇਣ ਦਾ ਸੁਝਾਅ ਵੀ ਦਿੱਤਾ। ਅਬਜ਼ਰਵਰਾਂ ਨੇ ਚੋਣ ਖ਼ਰਚਿਆਂ ਦੀ ਸਹੀ ਬੁਕਿੰਗ ਦਰਜ ਕਰਨ ਲਈ ਲੇਖਾ ਕਮੇਟੀ ਅਤੇ ਮਾਡਲ ਕੋਡ ਆਫ਼ ਕੰਡਕਟ ਅਮਲੇ ਦਰਮਿਆਨ ਨਜ਼ਦੀਕੀ ਤਾਲਮੇਲ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਪੋਲਿੰਗ ਸਟੇਸ਼ਨਾਂ ਦੀ ਢੁਕਵੀਂ ਸੈਨੀਟਾਈਜੇਸ਼ਨ ਅਤੇ ਫੌਗਿੰਗ ਕਰਨ ਦਾ ਸੁਝਾਅ ਵੀ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ ਮੁਹਾਲੀ-ਖਰੜ…