nabaz-e-punjab.com

ਪ੍ਰਦੂਸ਼ਣ ਰਹਿਤ ਦੀਵਾਲੀ: ਨਿਯਮਾਂ ਦੀ ਉਲੰਘਣਾ ਦੇ ਦੋਸ਼ ਵਿੱਚ 25 ਕੇਸ ਦਰਜ, 14 ਥਾਵਾਂ ’ਤੇ ਅੱਗ ਲੱਗੀ

ਮੁਹਾਲੀ ਤੇ ਪਿੰਡਾਂ ਵਿੱਚ ਧੂਮਧਾਮ ਨਾਲ ਮਨਾਈ ਦੀਵਾਲੀ, ਲੋਕਾਂ ਨੇ ਦੇਰ ਰਾਤ ਤੱਕ ਬੇਖ਼ੌਫ਼ ਚਲਾਏ ਪਟਾਕੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਨਵੰਬਰ:
ਮੁਹਾਲੀ ਸ਼ਹਿਰ ਅਤੇ ਆਸ-ਪਾਸ ਇਲਾਕੇ ਵਿੱਚ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ, ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਫੇਜ਼-8 ਅਤੇ ਇਤਿਹਾਸਕ ਗੁਰਦੁਆਰਾ ਸਾਹਿਬ ਫਤਹਿ-ਏ-ਜੰਗ ਚੱਪੜਚਿੜੀ ਕਲਾਂ ਸਮੇਤ ਡੇਰਾ ਬਾਬਾ ਸਿੰਘ ਖੜਕ ਸਿੰਘ ਦਾਊਂ ਵਿੱਚ ਸ਼ਰਧਾਲੂਆਂ ਨੇ ਸਰਬੱਤ ਦਾ ਭਲਾ ਮੰਗਦਿਆਂ ਖੁਸ਼ੀ ਦੇ ਦੀਵੇ ਜਲਾਏ ਅਤੇ ਸ਼ਰਧਾ ਨਾਲ ਮੱਥਾ ਟੇਕਿਆ। ਇਸ ਤੋਂ ਇਲਾਵਾ ਸ਼ਹਿਰ ਵਾਸੀਆਂ ਅਤੇ ਪਿੰਡਾਂ ਦੇ ਵਸਨੀਕਾਂ ਨੇ ਆਪੋ ਆਪਣੇ ਖੇਤਰਾਂ ਵਿੱਚ ਗੁਰਦੁਆਰਾ ਸਾਹਿਬਾਨਾਂ ਅਤੇ ਮੰਦਰਾਂ ਵਿੱਚ ਦੀਵੇ ਜਲਾਏ। ਲੋਕਾਂ ਨੇ ਖੁਆਜ਼ਾ ਅਤੇ ਨਗਰ ਖੇੜੇ ’ਤੇ ਵੀ ਦੀਵੇ ਬਾਲੇ। ਜਦੋਂਕਿ ਇੱਥੋਂ ਦੇ ਨੇੜਲੇ ਪਿੰਡ ਚਿੱਲਾ ਵਾਸੀਆਂ ਵੱਲੋਂ ਅੱਜ ਦੂਜੇ ਦਿਨ ਦੀਵਾਲੀ ਮਨਾਈ ਗਈ ਹੈ। ਲੋਕਾਂ ਅਨੁਸਾਰ ਇਹ ਰਿਵਾਇਤ ਪਿਛਲੇ ਲੰਮੇ ਅਰਸੇ ਤੋਂ ਚਲੀ ਆ ਰਹੀ ਹੈ।
ਉਧਰ, ਸਮੁੱਚੇ ਮੁਹਾਲੀ ਜ਼ਿਲ੍ਹੇ ਅੰਦਰ ਲੋਕਾਂ ਨੇ ਹਾਈ ਕੋਰਟ ਦੀ ਘੁਰਕੀ ਅਤੇ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਕੋਈ ਪ੍ਰਵਾਹ ਕੀਤੇ ਬਿਨਾਂ ਬੇਖ਼ੌਫ਼ ਦੇਰ ਰਾਤ ਤੱਕ ਧਮਾਕੇਦਾਰ ਪਟਾਕੇ ਅਤੇ ਆਤਿਸ਼ਬਾਜ਼ੀ ਕੀਤੀ। ਕਈ ਥਾਵਾਂ ’ਤੇ ਦੀਵਾਲੀ ਤੋਂ ਇਕ ਦਿਨ ਪਹਿਲਾਂ ਅੱਧੀ ਰਾਤ ਤੋਂ ਬਾਅਦ ਲੋਕਾਂ ਨੇ ਅਚਾਨਕ ਧਮਾਕੇਦਾਰ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ ਸੀ ਅਤੇ ਦੀਵਾਲੀ ਵਾਲੀ ਰਾਤ ਅਤੇ ਅੱਜ ਦਿਨ ਵਿੱਚ ਵੀ ਪਟਾਕੇ ਚਲਾਏ ਗਏ।
ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (2 ਆਫ਼ 1974 ਦੀ) ਧਾਰਾ 144 ਅਧੀਨ ਹੁਕਮ ਜਾਰੀ ਕਰਕੇ ਕਿਹਾ ਸੀ ਕਿ ਦੀਵਾਲੀ ਵਾਲੇ ਦਿਨ ਸ਼ਾਮ 8 ਵਜੇ ਤੋਂ 10 ਵਜੇ ਤੱਕ ਨਿਰਧਾਰਿਤ ਆਵਾਜ਼ ਅੰਦਰ ਹੀ ਫਾਇਰ ਕਰੈਕਰਜ/ਪਟਾਕੇ ਚਲਾਉਣ ਦੀ ਆਗਿਆ ਹੋਵੇਗੀ। ਇਸ ਮਿਤੀ ਅਤੇ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਕੋਈ ਵੀ ਵਿਅਕਤੀ ਫਾਇਰ ਕਰੈਕਰਜ/ਪਟਾਕੇ ਨਹੀਂ ਚਲਾਏਗਾ। ਲੇਕਿਨ ਹਾਈ ਕੋਰਟ ਅਤੇ ਜ਼ਿਲ੍ਹਾ ਮੈਜਿਸਟਰੇਟ ਦੇ ਇਹ ਹੁਕਮ ਪਟਾਕਿਆਂ ਦੇ ਧੂੰਏਂ ਵਿੱਚ ਉੱਡ ਗਏ। ਇਸ ਸਬੰਧੀ ਪੁਲੀਸ ਨੇ ਵੱਖ ਵੱਖ ਥਾਣਿਆਂ ਵਿੱਚ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ 25 ਕੇਸ ਦਰਜ ਕੀਤੇ ਗਏ ਹਨ।
ਉਧਰ, ਮੁਹਾਲੀ ਦੇ ਫਾਇਰ ਅਫ਼ਸਰ ਮੋਹਨ ਲਾਲ ਵਰਮਾ ਨੇ ਦੱਸਿਆ ਕਿ ਦੀਵਾਲੀ ਵਾਲੀ ਰਾਤ ਕਰੀਬ 14 ਥਾਵਾਂ ’ਤੇ ਅੱਗ ਲੱਗਣ ਬਾਰੇ ਫੋਨ ’ਤੇ ਸੂਚਨਾਵਾਂ ਮਿਲੀਆਂ ਸਨ। ਪ੍ਰੰਤੂ ਇਨ੍ਹਾਂ ਥਾਵਾਂ ’ਤੇ ਸਿਰਫ਼ ਘਾਹ ਫੂਸ ਨੂੰ ਹੀ ਅੱਗ ਲੱਗੀ ਸੀ। ਜਿਸ ਕਾਰਨ ਜਾਨੀ ਮਾਲੀ ਨੁਕਸਾਨ ਤੋਂ ਪੂਰੀ ਤਰ੍ਹਾਂ ਬਚਾਅ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …