
ਛੱਪੜ ਵਿਵਾਦ: ਜਾਂਚ ਲਈ ਪਿੰਡ ਝਿਊਰਹੇੜੀ ਪੁੱਜੀ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਵਿਸ਼ੇਸ਼ ਟੀਮ
ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਨ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ, 12 ਅਪਰੈਲ ਤੱਕ ਜਾਂਚ ਰਿਪੋਰਟ ਮੰਗੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਮਾਰਚ:
ਮੁਹਾਲੀ ਕੌਮਾਂਤਰੀ ਹਵਾਈ ਅੱਡੇ ਦੀ ਜੂਹ ਵਿੱਚ ਵਸਦੇ ਪਿੰਡ ਝਿਊਰਹੇੜੀ ਵਿੱਚ ਛੱਪੜ ਦੀ ਕੰਧ ਨੂੰ ਲੈ ਕੇ ਵਿਵਾਦ ਕਾਫ਼ੀ ਭਖ ਗਿਆ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਪਰਮਜੀਤ ਕੌਰ ਅਤੇ ਰਾਜ ਕੁਮਾਰ ਹੰਸ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਨੇ ਅੱਜ ਝਿਊਰਹੇੜੀ ਦਾ ਦੌਰਾ ਕਰਕੇ ਜ਼ਿਲ੍ਹਾ ਅਧਿਕਾਰੀਆਂ, ਸ਼ਿਕਾਇਤ ਕਰਤਾ ਅਤੇ ਪਿੰਡ ਵਾਸੀਆਂ ਨਾਲ ਗੱਲ ਕੀਤੀ। ਕਮਿਸ਼ਨ ਦੀ ਟੀਮ ਨੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਨ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰਕੇ ਸਮੁੱਚੇ ਦੀ ਮਾਮਲੇ ਦੀ ਪੂਰੀ ਛਾਣਬੀਣ ਉਪਰੰਤ ਵਿਸਥਾਰ ਰਿਪੋਰਟ 12 ਅਪਰੈਲ ਤੱਕ ਕਮਿਸ਼ਨ ਦਫ਼ਤਰ ਨੂੰ ਸੌਂਪਣ ਦੀ ਹਦਾਇਤ ਕੀਤੀ ਗਈ।
ਪੰਜਾਬ ਰਾਜ ਐਸਸੀ ਕਮਿਸ਼ਨ ਦੇ ਮੈਂਬਰ ਰਾਜ ਕੁਮਾਰ ਹੰਸ ਨੇ ਦੱਸਿਆ ਕਿ ਝਿਊਰਹੇੜੀ ਦੇ ਗਰੀਬ ਵਰਗ ਨਾਲ ਸਬੰਧਤ ਸਰਪੰਚ ਵੱਲੋਂ ਪਿਛਲੇ ਦਿਨੀਂ ਕਮਿਸ਼ਨ ਨੂੰ ਲਿਖਤੀ ਦਰਖ਼ਾਸਤ ਦੇ ਕੇ ਪਿੰਡ ਦੇ ਜਨਰਲ ਵਰਗ ਦੇ ਵਿਅਕਤੀਆਂ ਵੱਲੋਂ ਛੱਪੜ ਦੀ ਕੰਧ ਦਾ ਕੰਮ ਜਾਣਬੁੱਝ ਕੇ ਰੁਕਵਾ ਦਿੱਤਾ ਗਿਆ ਹੈ ਅਤੇ ਵਿਕਾਸ ਕਾਰਜਾਂ ਦੇ ਕੰਮ ਕਰ ਰਹੀ ਲੇਬਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ। ਜਿਸ ਕਾਰਨ ਵਿਕਾਸ ਕਾਰ;ਜ ਪ੍ਰਭਾਵਿਤ ਹੋ ਰਹੇ ਹਨ ਅਤੇ ਡਰ ਕੇ ਲੇਬਰ ਵੀ ਕੰਮ ’ਤੇ ਆਉਣ ਨੂੰ ਤਿਆਰ ਨਹੀਂ ਹੈ। ਕਮਿਸ਼ਨ ਨੇ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ ਅੱਜ ਇੱਥੇ ਪਹੁੰਚ ਕਰਕੇ ਮਾਮਲੇ ਬਾਰੇ ਜਾਣਿਆ। ਉਨ੍ਹਾਂ ਕਿਹਾ ਕਿ ਗਰੀਬ ਵਰਗ ਨਾਲ ਕਿਸੇ ਕਿਸਮ ਦੀ ਵਧੀਕੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨੂੰ ਬਣਦਾ ਮਾਣ ਸਨਮਾਨ ਦਿਵਾਉਣ ਲਈ ਐਸਸੀ ਕਮਿਸ਼ਨ ਪੂਰੀ ਤਰ੍ਹਾਂ ਵਚਨਬੱਧ ਹੈ।
ਕਮਿਸ਼ਨਰ ਦੇ ਮੈਂਬਰਾਂ ਨੇ ਦੱਸਿਆ ਕਿ ਅੱਜ ਵਿਸ਼ੇਸ਼ ਟੀਮ ਵੱਲੋਂ ਛੱਪੜ ਦੀ ਚਾਰਦੀਵਾਰੀ ਵਾਲੇ ਸਥਾਨ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕਰਨ ਲਈ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ ਅਤੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਇਸ ਮਸਲੇ ਦਾ ਤੁਰੰਤ ਹੱਲ ਕੀਤਾ ਜਾਵੇ ਅਤੇ ਕਸੂਰਵਾਰ ਵਿਅਕਤੀਆਂ ਖ਼ਿਲਾਫ਼ ਬਣਦੀ ਯੋਗ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਕਮਿਸ਼ਨ ਨੇ ਡੀਡੀਪੀਓ ਨੂੰ 12 ਅਪਰੈਲ ਤੱਕ ਕਾਰਵਾਈ ਰਿਪੋਰਟ ਨਿੱਜੀ ਤੌਰ ’ਤੇ ਪੇਸ਼ ਹੋ ਕੇ ਕਮਿਸ਼ਨ ਨੂੰ ਸੌਂਪਣ ਦੇ ਆਦੇਸ਼ ਵੀ ਦਿੱਤੇ ਹਨ।