
ਰਾਮਪੁਰ ਸੈਣੀਆਂ ਦੀ ਪੂਨਮ ਦੇਵੀ ਨੇ 449 ਅੰਕ ਲੈ ਕੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਕੀਤਾ ਹਾਸਲ
ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨੇ ਵਿਦਿਆਰਥਣ ਨੂੰ ਦਿੱਤੀ ਵਧਾਈ
ਡੇਰਾਬੱਸੀ, 23 ਜੁਲਾਈ(ਵਿਕਰਮ ਜੀਤ)
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਇਥੋਂ ਦੇ ਨੇੜਲੇ ਪਿੰਡ ਰਾਮਪੁਰ ਸੈਣੀਆਂ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਮੁਹਾਲੀ ਵਿੱਚ ਬਾਜ਼ੀ ਮਾਰੀ ਹੈ। ਸਕੂਲ ਦੀ ਬਾਰ੍ਹਵੀਂ ਕਲਾਸ ਦੀ ਵਿਦਿਆਰਥਣ ਪੂਨਮ ਦੇਵੀ ਨੇ ਆਰਟਸ ਗਰੁੱਪ ਵਿੱਚ 450 ਵਿੱਚੋਂ 449 (99.77 ਪ੍ਰਤੀਸ਼ਤ) ਨੰਬਰ ਲੈ ਕੇ ਜ਼ਿਲ੍ਹੇ ਵਿੱਚ ਪਹਿਲਾ ਸਥਾਨਕ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਸਕੂਲ ਦੀ ਹੋਰਨਾਂ ਵਿਦਿਆਰਥਣਾਂ ਵਿੱਚੋਂ ਨਿਸ਼ਾ ਅਤੇ ਪੂਨਮ ਰਾਣੀ ਨੇ 450 ਵਿੱਚੋਂ 443 (98.44 ਪ੍ਰਤੀਸ਼ਤ) ਅੰਕ ਪ੍ਰਾਪਤ ਕਰ ਸਕੂਲ ਵਿੱਚ ਦੂਜਾ ਸਥਾਨ ਅਤੇ ਅਮਨਪ੍ਰੀਤ ਕੌਰ ਨੇ 450 ਵਿੱਚੋਂ 440 ( 97.77 ਪ੍ਰਤੀਸ਼ਤ) ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਨਵਜੋਤ ਕੌਰ ਬਰਾੜ ਨੇ ਚੰਗੀ ਮੱਲਾਂ ਮਾਰਨ ਵਾਲੇ ਬੱਚਿਆਂ ਅਤੇ ਸਟਾਫ਼ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਬੱਚਿਆ ਦੇ ਸੁਨਿਹਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ। ਪ੍ਰਿੰਸੀਪਲ ਸ੍ਰੀਮਤੀ ਬਰਾੜ ਨੇ ਕਿਹਾ ਕਿ ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਹੈ। 27 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਵਧ ਅੰਕ ਲੈ ਕੇ ਵੱਡੀ ਮੱਲ ਮਾਰੀ ਹੈ। ਪ੍ਰਿੰਸੀਪਲ ਸ੍ਰੀਮਤੀ ਬਰਾੜ ਨੇ ਦੱਸਿਆ ਕਿ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਵੱਲੋਂ ਵੀ ਜ਼ਿਲ੍ਹੇ ਵਿੱਚ ਪਹਿਲੇ ਸਥਾਨ ’ਤੇ ਆਉਣ ਵਾਲੀ ਵਿਦਿਆਰਥਣ ਪੂਨਮ ਦੇਵੀ ਨੂੰ ਫੋਨ ’ਤੇ ਵਧਾਈ ਦਿੱਤੀ ਹੈ।