
ਪੂਨਮ ਸੰਤੋਖ ਨਾਇਰ ਨੇ ਮਿਸਿਜ਼ ਮੁਹਾਲੀ ਤੇ ਮਿਸਿਜ਼ ਪੰਜਾਬ ਦਾ ਖ਼ਿਤਾਬ ਜਿੱਤਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਪਰੈਲ:
ਵੋਗਸਟਾਰ ਮਿਸਿਜ਼ ਇੰਡੀਆ 2023 ਦੇ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੁਹਾਲੀ ਦੀ ਪੂਨਮ ਸੰਤੋਖ ਨਾਇਰ ਨੇ ਮਿਸਿਜ਼ ਪੰਜਾਬ ਅਤੇ ਮਿਸਿਜ਼ ਮੁਹਾਲੀ ਦੇ ਦੋ ਵੱਖ-ਵੱਖ ਖ਼ਿਤਾਬ ਜਿੱਤ ਕੇ ਪੰਜਾਬੀ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਨਾਲ ਹੀ ਵਿੱਚ ਜੈਪੁਰ ਵਿੱਚ ਹੋਏ ਇਸ ਮੁਕਾਬਲੇ ਵਿੱਚ ਪੂਨਮ ਨੇ ਇਹ ਦੋਵੇਂ ਖ਼ਿਤਾਬ ਜਿੱਤੇ ਹਨ। ਹੁਣ ਉਨ੍ਹਾਂ ਨੂੰ ਕੌਮੀ ਪੱਧਰ ਦੇ ਹੋਣ ਵਾਲੇ ਮੁਕਾਬਲੇ ਲਈ ਚੁਣਿਆ ਗਿਆ ਹੈ।
ਪੂਨਮ ਨਾਇਰ ਨੇ ਦੱਸਿਆ ਕਿ ਉਹ ਇਸ ਕਾਮਯਾਬੀ ਲਈ ਆਪਣੇ ਪੂਰੇ ਪਰਿਵਾਰ ਦੀ ਸ਼ੁਕਰਗੁਜ਼ਾਰ ਹੈ ਕਿਉਂਕਿ ਇਸ ਵੱਡੇ ਮੁਕਾਬਲੇ ਲਈ ਪਰਿਵਾਰ ਨੇ ਉਨ੍ਹਾਂ ਦਾ ਪੂਰਾ ਸਹਿਯੋਗ ਦਿੱਤਾ ਹੈ। ਪੂਨਮ ਨੇ ਦੱਸਿਆ ਕਿ ਮੁਕਾਬਲੇ ਵਿੱਚ ਕੁੱਲ 92 ਪ੍ਰਤੀਯੋਗੀਆਂ ਨੇ ਭਾਗ ਲਿਆ ਸੀ। ਜਿਸ ਵਿੱਚ ਉਸ ਨੇ ਪੰਜਾਬ ਵੱਲੋਂ ਮੇਜ਼ਬਾਨੀ ਕੀਤੀ। ਪੰਜਾਬ ’ਚੋਂ 11 ਪ੍ਰਤੀਭਾਗੀ ਮੈਦਾਨ ਵਿੱਚ ਸਨ। ਇਨ੍ਹਾਂ ’ਚੋਂ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੋਵੇਂ ਖ਼ਿਤਾਬ ਹਾਸਲ ਕੀਤੇ ਹਨ। ਇਸ ਤੋਂ ਇਲਾਵਾ ਇਨ੍ਹਾਂ ਮੁਕਾਬਲਿਆਂ ਦੌਰਾਨ ਇੰਟਰ ਸਿਟੀ ਮੁਕਾਬਲੇ ਵੀ ਹੋਏ। ਜਿਸ ਵਿੱਚ ਉਸ ਨੇ ਮਿਸਿਜ਼ ਮੁਹਾਲੀ ਦਾ ਖ਼ਿਤਾਬ ਜਿੱਤ ਕੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਪੂਨਮ ਸੰਤੋਖ ਨਾਇਰ ਪੇਸ਼ੇ ਵਜੋਂ ਫ਼ੈਸ਼ਨ ਡਿਜਾਇਨਰ ਹੈ ਅਤੇ ਉਹ ਆਪਣਾ ਖ਼ੁਦ ਦਾ ਕੰਮ ਕਰਦੀ ਹੈ। ਉਸ ਦੇ ਪਤੀ ਉੱਘੇ ਕਾਰੋਬਾਰੀ ਹਨ ਅਤੇ ਉਨ੍ਹਾਂ ਦਾ ਇੱਕ ਬੇਟਾ ਵੀ ਹੈ ਜੋ ਪੜ੍ਹਦਾ ਹੈ।