ਜਗਤਪੁਰਾ ਵਿੱਚ ਰਾਸ਼ਨ ਨਾ ਮਿਲਣ ਕਾਰਨ ਗਰੀਬ ਲੋਕਾਂ ਨੇ ਖਾਲੀ ਭਾਂਡੇ ਖੜਕਾਏ

ਰਾਧਾ ਸੁਆਮੀ ਸਤਿਸੰਗ ਭਵਨ ਨੇ ਫੜੀ ਬਾਂਹ, ਇਕ ਵੇਲੇ ਦਾ ਰੋਜ਼ਾਨਾ ਪਰੋਸਿਆ ਜਾ ਰਿਹਾ ਹੈ ਖਾਣਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਪਰੈਲ:
ਪਿੰਡ ਜਗਤਪੁਰਾ ਅਤੇ ਕਲੋਨੀ ਨੇੜਿਓਂ ਲੰਘਦੇ ਗੰਦੇ ਪਾਣੀ ਦੇ ਨਾਲੇ ਦੇ ਕੰਢੇ ਕਿਰਾਏ ਦੇ ਮਕਾਨਾਂ ਵਿੱਚ ਰਹਿੰਦੇ ਗਰੀਬ ਪਰਿਵਾਰ ਲੋੜ ਅਨੁਸਾਰ ਰਾਸ਼ਨ ਅਤੇ ਖਾਣਾ ਨਾ ਮਿਲਣ ਕਾਰਨ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਜਦੋਂਕਿ ਜਗਤਪੁਰਾ ਕਲੋਨੀ, ਗੁਰੂ ਨਾਨਕ ਕਲੋਨੀ ਅਤੇ ਅੰਬ ਸਾਹਿਬ ਕਲੋਨੀ ਵਿੱਚ ਲੋਕਾਂ ਨੂੰ ਰਾਸ਼ਨ ਅਤੇ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਜਗਤਪੁਰਾ ਦੇ ਕਪਿਲ ਸ਼ਰਮਾ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਜਗਤਪੁਰਾ ਇਲਾਕੇ ਨੂੰ ਪੂਰੀ ਤਰ੍ਹਾ ਸੀਲ ਕੀਤਾ ਹੋਇਆ ਹੈ ਅਤੇ ਸਾਰੇ ਐਂਟਰੀ ਪੁਆਇੰਟਾਂ ’ਤੇ ਸੀਆਰਪੀਐਫ਼ ਅਤੇ ਪੰਜਾਬ ਪੁਲੀਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ।
ਸਮਾਜ ਸੇਵੀ ਆਗੂ ਰਣਜੀਤ ਸਿੰਘ ਜਗਤਪੁਰਾ ਨੇ ਦੱਸਿਆ ਕਿ ਸਾਰੇ ਐਂਟਰੀ ਪੁਆਇੰਟਾਂ ’ਤੇ ਤਾਇਨਾਤ ਸੁਰੱਖਿਆ ਕਰਮੀ ਕਿਸੇ ਵੀ ਵਿਅਕਤੀ ਨੂੰ ਜਗਤਪੁਰਾ ’ਚੋਂ ਬਾਹਰ ਆਉਣ ਜਾਣ ਨਹੀਂ ਦੇ ਰਹੇ ਹਨ। ਜਿਸ ਕਾਰਨ ਗਰੀਬ ਲੋਕਾਂ ਨੂੰ ਆਪਣੇ ਪਰਿਵਾਰਾਂ ਦੀ ਰੋਜ਼ੀ ਰੋਟੀ ਦਾ ਫਿਕਰ ਸਤਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਗੰਦੇ ਨਾਲੇ ਨੇੜੇ ਰਹਿੰਦੇ ਸੈਂਕੜੇ ਪਰਿਵਾਰਾਂ ਨੂੰ ਹੁਣ ਤੱਕ ਨਾ ਤਾਂ ਸੁੱਕਾ ਰਾਸ਼ਨ ਅਤੇ ਨਾ ਹੀ ਤਿਆਰ ਖਾਣਾ ਦਿੱਤਾ ਗਿਆ ਹੈ। ਸਿਰਫ਼ ਇਕ ਦਿਨ ਡੀਐਸਪੀ ਰਮਨਦੀਪ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਅਤੇ ਖਾਣਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਕੋਈ ਸਮਾਜ ਸੇਵੀ ਜਾਂ ਪ੍ਰਸ਼ਾਸਨ ਦਾ ਨੁਮਾਇੰਦੇ ਨਹੀਂ ਬਹੁੜਿਆਂ।
ਹੁਣ ਰਾਧਾ ਸੁਆਮੀ ਸਤਿਸੰਗ ਭਵਨ ਦੇ ਪੈਰੋਕਾਰਾਂ ਨੇ ਗਰੀਬ ਪਰਿਵਾਰਾਂ ਦੀ ਬਾਂਹ ਫੜੀ ਹੈ। ਜਿਨ੍ਹਾਂ ਵੱਲੋਂ ਰੋਜ਼ਾਨਾ ਸ਼ਾਮ ਨੂੰ ਇਕ ਵੇਲੇ ਦਾ ਖਾਣਾ ਪਰੋਸਿਆ ਜਾ ਰਿਹਾ ਹੈ। ਪੀੜਤ ਮਹਾਂਬੀਰ ਸਿੰਘ, ਅਜੈ ਸਿੰਘ, ਪੱਪੂ ਯਾਦਵ, ਸ਼ਾਮ ਕੁਮਾਰ, ਸ੍ਰੀਮਤੀ ਮਹੇਸ਼ਵਰੀ, ਕਾਂਤੀ ਦੇਵੀ ਨੇ ਦੱਸਿਆ ਕਿ ਡੇਰੇ ਵਾਲੇ 100 ਕੁ ਬੰਦਿਆਂ ਦਾ ਖਾਣਾ ਲੈ ਕੇ ਆਉਂਦੇ ਹਨ ਜਦੋਂਕਿ ਇੱਥੇ ਕਰੀਬ 350 ਤੋਂ 400 ਲੋਕ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਡੇਰੇ ਵਾਲੇ ਜਿਹੜਾ ਰਾਤ ਦਾ ਖਾਣਾ ਦਿੰਦੇ ਹਨ। ਉਸ ’ਚੋਂ ਕੁਝ ਖਾਣਾ ਬਚਾ ਕੇ ਸਵੇਰ ਦਾ ਡੰਗ ਸਾਰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਮੁਹਾਲੀ ਅਤੇ ਚੰਡੀਗੜ੍ਹ ਵਿੱਚ ਲੋਕਾਂ ਦੇ ਘਰਾਂ ਵਿੱਚ ਝਾੜੂ, ਪੋਚਾ ਅਤੇ ਝੂਠੇ ਭਾਂਡੇ ਮਾਂਜ ਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰ ਰਹੇ ਹਨ ਪਰ ਜਿਸ ਦਿਨ ਤੋਂ ਜਗਤਪੁਰਾ ’ਚੋਂ ਕਰੋਨਾ ਦਾ ਪਾਜ਼ੇਟਿਵ ਮਰੀਜ਼ ਮਿਲਿਆ ਹੈ। ਉਸ ਦਿਨ ਤੋਂ ਕੋਠੀਆਂ ਵਾਲਿਆਂ ਨੇ ਉਨ੍ਹਾਂ ਤੋਂ ਕੰਮ ਕਰਵਾਉਣਾ ਬੰਦ ਕਰ ਦਿੱਤਾ ਹੈ। ਜਿਸ ਕਾਰਨ ਉਹ ਦੋ ਵਕਤ ਦੀ ਰੋਟੀ ਨੂੰ ਤਰਸ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਗਰੀਬ ਪਰਿਵਾਰਾਂ ਨੂੰ ਲੋੜ ਅਨੁਸਾਰ ਤਿਆਰ ਖਾਣਾ ਜਾਂ ਸੁੱਕਾ ਰਾਸ਼ਨ ਮੁਹੱਈਆ ਕਰਵਾਇਆ ਜਾਵੇ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …