ਪੰਜਾਬ ਭਰ ਵਿੱਚ ਭਾਰਤ ਬੰਦ ਨੂੰ ਮਿਲਿਆ ਰਲਵਾਂ ਮਿਲਵਾਂ ਹੁੰਗਾਰਾ, ਗ਼ਰੀਬ ਵਰਗ ਦੇ ਲੋਕ ਸੜਕਾਂ ’ਤੇ ਉੱਤਰੇ

ਸੂਬੇ ਵਿੱਚ ਕਈ ਥਾਵਾਂ ’ਤੇ ਰੋਸ ਰੈਲੀਆਂ, ਸੜਕਾਂ ਜਾਮ, ਰੇਲਾਂ ਰੋਕੀਆਂ, ਹਿੰਸਕ ਘਟਨਾਵਾਂ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 2 ਅਪਰੈਲ:
ਸੁਪਰੀਮ ਕੋਰਟ ਵੱਲੋਂ ਐਸਸੀ/ਐਸਟੀ ਐਕਟ ਦੇ ਖ਼ਿਲਾਫ਼ ਦਿੱਤੇ ਫੈਸਲੇ ਵਿਰੁੱਧ ਭਾਰਤ ਬੰਦ ਦੇ ਸੱਦੇ ਨੂੰ ਪੰਜਾਬ ਵਿੱਚ ਰਲਿਆ ਮਿਲਿਆ ਅਸਰ ਦੇਖਣ ਨੂੰ ਮਿਲਿਆ। ਇਸ ਦੌਰਾਨ ਦਲਿਤ ਵਰਗ ਦੇ ਲੋਕ ਸੜਕਾਂ ’ਤੇ ਉੱਤਰ ਆਏ। ਸਰਕਾਰ ਵੱਲੋਂ ਸੂਬੇ ਵਿੱਚ ਸੁਰੱਖਿਆ ਪ੍ਰਬੰਧਾਂ ਤਹਿਤ ਭਾਰੀ ਗਿਣਤੀ ਵਿੱਚ ਪੁਲੀਸ ਦੀ ਤਾਇਨਾਤੀ ਕੀਤੀ ਗਈ ਹੈ। ਬੰਦ ਦੇ ਮੱਦੇਨਜ਼ਰ ਜਿੱਥੇ ਬੱਸ ਅਤੇ ਮੋਬਾਈਲ ਇੰਟਰਨੈਟ ਸੇਵਾ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਉੱਥੇ ਸੀਬੀਐਸਈ ਵੱਲੋਂ ਪੰਜਾਬ ਵਿੱਚ ਅੱਜ ਹੋਣ ਵਾਲੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਗਈਆਂ ਹਨ।
ਜਲੰਧਰ ਵਿੱਚ ਬੰਦ ਦਾ ਭਰਪੂਰ ਅਸਰ ਦੇਖਿਆ ਜਿੱਥੇ ਦਲਿਤ ਭਾਈਚਾਰੇ ਵੱਲੋਂ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਜਲੰਧਰ ਵਿੱਚ ਕੰਪਨੀ ਬਾਗ, ਨਾਮਦੇਵ ਚੌਕ, ਫੁੱਟਬਾਲ ਚੌਕ, ਬਬਰੀਕ ਚੌਕ, ਅੰਬੇਡਕਰ ਚੌਕ ਸਮੇਤ ਕਈ ਥਾਵਾਂ ਤੇ ਪ੍ਰਦਰਸ਼ਨਕਾਰੀਆਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਜਲੰਧਰ ਦੇ ਪਠਾਨਕੋਟ ਬਾਈਪਾਸ ਵਿੱਚ ਇਕੱਠੀ ਹੋਈ ਭੀੜ ਨੇ ਸੜਕ ਜਾਮ ਕਰ ਦਿੱਤੀ। ਬੰਦ ਦੌਰਾਨ ਵਾਲਮੀਕ ਟਾਈਗਰ ਫੋਰਸ ਦੇ ਵਰਕਰ ਰੇਲਵੇ ਸਟੇਸ਼ਨ ਦੇ ਪਲੇਟਫ਼ਾਰਮ ਨੰਬਰ 1 ’ਤੇ ਪਹੁੰਚ ਗਏ। ਇਸ ਦੌਰਾਨ ਪਲੇਟਫ਼ਾਰਮ ਤੇ ਖੜੀਆਂ ਅੌਰਤਾਂ ਡਰਦੀਆਂ ਹੋਈਆਂ ਖੜੀਆਂ ਟਰੇਨਾਂ ਵਿੱਚ ਚੜ ਗਈਆਂ ਤੇ ਕੁੱਝ ਰੇਲਵੇ ਦੇ ਦਫ਼ਤਰਾਂ ਵਿੱਚ ਵੜ ਗਈਆਂ। ਤਕਰੀਬਨ ਅੱਧਾ ਘੰਟਾ ਮਗਰੋੱ ਵਾਲਮੀਕ ਟਾਈਗਰ ਫੋਰਸ ਦੇ ਵਰਕਰਾਂ ਦੇ ਜਾਣ ਤੋੱ ਬਾਅਦ ਅੌਰਤਾਂ ਬਾਹਰ ਆਈਆਂ।
ਬਠਿੰਡਾ ਵਿੱਚ ਦੋ ਥਾਵਾਂ ’ਤੇ ਹਿੰਸਕ ਘਟਨਾਵਾਂ ਸਾਹਮਣੇ ਆਈਆਂ ਹਨ। ਬਠਿੰਡਾ ਦੀ ਏ. ਸੀ. ਮਾਰਕੀਟ ਦੇ ਕੁਝ ਸ਼ਰਾਰਤੀ ਅਨਸਰਾਂ ਵਲੋੱ ਦਰਵਾਜ਼ੇ ਤੋੜ ਦਿੱਤੇ ਗਏ ਅਤੇ ਬਸ ਸਟੈਂਡ ਕੋਲ ਹੌਂਡਾ ਸ਼ੋਅ ਰੂਮ ਦੇ ਬਾਹਰ ਖੜ੍ਹੀਆਂ ਗੱਡੀਆਂ ਦੀ ਵੀ ਭੰਨ ਤੋੜ ਕਰ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਵਿੱਚ ਵੱਡੀ ਗਿਣਤੀ ਵਿੱਚ ਦਲਿਤ ਭਾਈਚਾਰੇ ਦੇ ਲੋਕ ਸਰਕਾਰ ਖਿਲਾਫ ਸੜਕਾਂ ਤੇ ਉਤਰ ਆਏ ਅਤੇ ਬਠਿੰਡਾ ਦੇ ਸਾਰੇ ਬਾਜ਼ਾਰ ਮੁਕੰਮਲ ਬੰਦ ਹਨ ਜਦੋੱਕਿ ਕਈ ਥਾਵਾਂ ਤੇ ਜ਼ਬਰਨ ਦੁਕਾਨਾਂ ਬੰਦ ਕਰਵਾਈਆਂ ਗਈਆਂ।
ਬਰਨਾਲਾ ਵਿਖੇ ਬੰਦ ਦਾ ਪੂਰਾ ਅਸਰ ਦਿਖਿਆ। ਸ਼ਹਿਰ ਦੇ ਸਾਰੇ ਬਾਜ਼ਾਰਾਂ ਦੀਆਂ ਦੁਕਾਨਾਂ ਬੰਦ ਰਹੀਆਂ। ਦਲਿਤ ਸਮਾਜ ਦੇ ਆਗੂਆਂ ਵੱਲੋਂ ਸ਼ਹਿਰ ਵਿਚ ਪ੍ਰਦਰਸ਼ਨ ਕਰ ਕੇ ਖੁੱਲ੍ਹੇ ਬੈਂਕਾਂ ਅਤੇ ਡਾਕਘਰਾਂ ਨੂੰ ਵੀ ਬੰਦ ਕਰਵਾ ਦਿੱਤਾ ਗਿਆ। ਸ਼ਹਿਰ ਦੇ ਵਾਲਮੀਕ ਚੌਕ, ਸੰਘੇੜਾ ਅਤੇ ਹੰਡਿਆਇਆ ਮੇਨ ਚੌਂਕਾਂ ਵਿਖੇ ਵੱਡੇ ਗਿਣਤੀ ਵਿੱਚ ਲੋਕਾਂ ਵੱਲੋਂ ਜਾਮ ਲਾਏ ਗਏ। ਫਾਜ਼ਿਲਕਾ ਵਿੱਚ ਵੀ ਬੰਦ ਨੂੰ ਪੂਰਾ ਸਮਰਥਨ ਮਿਲਿਆ ਅਤੇ ਫਾਜ਼ਿਲਕਾ ਪੂਰੀ ਤਰ੍ਹਾ ਨਾਲ ਬੰਦ ਰਿਹਾ। ਵੱਡੀ ਗਿਣਤੀ ਵਿੱਚ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਦਲਿਤ ਸਮਾਜ ਨਾਲ ਸਬੰਧਿਤ ਲੋਕਾਂ ਵਲੋੱ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਦਿਆਂ ਸ਼ਹਿਰ ਵਿੱਚ ਰੋਸ ਮਾਰਚ ਕੱਢ ਕੇ ਕੇੱਦਰ ਸਰਕਾਰ ਖਿਲਾਫ ਜੰਮ ਕੇ ਨਾਰੇਬਾਜੀ ਕੀਤੀ। ਨਵਾਂ ਸ਼ਹਿਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਦਲਿਤ ਭਾਈਚਾਰੇ ਦੇ ਲੋਕ ਸੜਕਾਂ ਤੇ ਉਤਰ ਆਏ। ਦਲਿਤ ਭਾਈਚਾਰੇ ਨੇ ਜਲੰਧਰ-ਚੰਡੀਗੜ੍ਹ ਹਾਈਵੇ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ। ਦਲਿਤ ਭਾਈਚਾਰੇ ਨੇ ਰੇਲ ਟ੍ਰੈਫ਼ਿਕ ਰੋਕ ਲਿਆ ਅਤੇ ਰੇਲਵੇ ਪੱਟੜੀ ’ਤੇ ਬੈਠ ਗਏ।
ਬੰਦ ਦੌਰਾਨ ਫਗਵਾੜਾ ਪੁਲੀਸ ਛਾਉਣੀ ਵਿੱਚ ਤਬਦੀਲ ਹੋਇਆ ਨਜ਼ਰ ਆਇਆ। ਇਸ ਦੌਰਾਨ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਵੱਡੀ ਗਿਣਤੀ ਵਿੱਚ ਦਲਿਤ ਸਗੰਠਨ ਦੇ ਲੋਕ ਸੜਕਾਂ ਤੇ ਉਤਰੇ। ਪ੍ਰਦਰਸ਼ਨ ਦੌਰਾਨ ਫਗਵਾੜਾ ਵਿੱਚ ਸਥਿਤੀ ਉਸ ਸਮੇੱ ਤਣਾਅਪੂਰ ਹੋ ਗਈ ਜਦੋੱ ਫਗਵਾੜਾ-ਹੁਸ਼ਿਆਰਪੁਰ ਰੋਡ ਤੇ ਸਥਿਤ ਇਕ ਪੈਟਰੋਲ ਪੰਪ ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਹਮਲਾਵਰਾਂ ਵਲੋੱ ਪੈਟਰੋਲ ਪੰਪ ਦੇ ਸ਼ੀਸ਼ੇ ਵੀ ਤੋੜ ਦਿੱਤੇ ਗਏ। ਇਥੇ ਹੀ ਬਸ ਨਹੀਂ ਇਸ ਪ੍ਰਦਰਸ਼ਨ ਦੌਰਾਨ ਫਗਵਾੜਾ-ਬੰਗਾ ਰੋਡ ਤੇ ਸਥਿਤ ਇਕ ਦੁਕਾਨ ਤੇ ਹਮਲਾ ਕਰਕੇ ਦੁਕਾਨ ਨੂੰ ਬੁਰੀ ਤਰ੍ਹਾਂ ਤੋੜ ਦਿੱਤਾ ਗਿਆ।
ਭਾਰਤ ਬੰਦ ਦੇ ਕਾਰਨ ਕਈ ਥਾਵਾਂ ਤੇ ਬਾਜ਼ਾਰ ਬੰਦ ਹਨ ਪਰ ਗੋਰਾਇਆ ਵਿੱਚ ਪੁਲੀਸ ਦੇ ਰਵੱਈਏ ਦੇ ਚਲਦਿਆਂ ਮਾਹੌਲ ਤਣਾਅਪੂਰਨ ਬਣ ਗਿਆ ਅਤੇ ਦੁਕਾਨਦਾਰਾਂ ਨੇ ਪੁਲੀਸ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਾਣਕਾਰੀ ਮੁਤਾਬਕ ਗੋਰਾਇਆ ਪੁਲੀਸ ਵੱਲੋੱ ਖੁਦ ਹੀ ਗੋਰਾਇਆ ਵਿੱਚ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ ਸਨ ਅਤੇ ਦੁਕਾਨਦਾਰਾਂ ਦੇ ਨਾਲ ਗਲਤ ਸ਼ਬਦਾਂ ਦੀ ਵਰਤੋੱ ਕੀਤੀ ਜਾ ਰਹੀ ਸੀ। ਇਕ ਨਿਊਜ਼ ਪੇਪਕ ਹਾਕਰ ਨੂੰ ਥਾਣਾ ਗੋਰਾਇਆ ਦੇ ਥਾਣਾ ਇੰਚਾਰਜ ਨੇ ਧਮਕੀ ਭਰੇ ਲਹਿਜ਼ੇ ਵਿੱਚ ਦੁਕਾਨ ਬੰਦ ਕਰਨ ਨੂੰ ਕਿਹਾ। ਇਸ ਤੋਂ ਬਾਅਦ ਕੁਝ ਹੋਰ ਦੁਕਾਨਾਂ ਨੂੰ ਬੰਦ ਕਰਵਾਇਆ ਗਿਆ, ਜਿਸ ਨਾਲ ਦੁਕਾਨਦਾਰ ਭੜਕ ਗਏ। ਸਾਰੇ ਇਕਜੁਟ ਹੋ ਕੇ ਪੁਲੀਸ ਖਿਲਾਫ ਨਾਅਰੇਬਾਜ਼ੀ ਕਰਨ ਲੱਗੇ। ਮਾਹੌਲ ਵਿਗੜਨ ਤੋੱ ਬਾਅਦ ਡੀਐਸਪੀ ਫਿਲੌਰ, ਐਸਡੀਐਮ ਫਿਲੌਰ ਮੌਕੇ ਤੇ ਪਹੁੰਚੇ ਅਤੇ ਸਾਬਕਾ ਕੌਂਸਲਰ ਸੁਦੇਸ਼ ਬਿੱਲਾ ਦੁਕਾਨਦਾਰਾਂ ਦੇ ਕੋਲ ਆਇਆ, ਜਿਨ੍ਹਾਂ ਨੇ ਬੰਦ ਦੇ ਲਈ ਸਹਿਯੋਗ ਮੰਗਿਆ, ਜਿਸ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ। ਪਟਿਆਲਾ ਵਿੱਚ ਪ੍ਰਦਰਸ਼ਨਕਾਰੀਆਂ ਵਲੋੱ ਰੇਲ ਗੱਡੀਆਂ ਰੋਕਣ ਕਾਰਨ ਰੇਲ ਮਾਰਗ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਦਲਿਤ ਭਾਈਚਾਰੇ ਦੇ ਲੋਕਾਂ ਨੇ ਸੜਕਾਂ ਤੇ ਨਾਅਰੇਬਾਜੀ ਕੀਤੀ ਜਿਸ ਦੇ ਮੱਦੇਨਜ਼ਰ ਸਾਰੇ ਬਾਜ਼ਾਰ ਪ੍ਰਸ਼ਾਸਨ ਨੇ ਮੁਕੰਮਲ ਬੰਦ ਕਰਵਾ ਦਿੱਤੇ।
ਲੁਧਿਆਣਾ ਵਿੱਚ ਪ੍ਰਦਰਸ਼ਨ ਦੌਰਾਨ ਫੈਕਟਰੀਆਂ ਨੂੰ ਬੰਦ ਕਰਵਾ ਦਿੱਤਾ ਗਿਆ। ਲੁਧਿਆਣਾ ਦੇ ਸਾਰੇ ਬਾਜ਼ਾਰ ਵੀ ਬੰਦ ਰਹੇ। ਸ਼ਹਿਰ ਦੇ ਭਾਰਤ ਨਗਰ ਚੌਂਕ ਵਿੱਚ ਪ੍ਰਦਰਸ਼ਨਕਾਰੀਆਂ ਵਲੋੱ ਸਰਕਾਰ ਖਿਲਾਫ ਖੂਬ ਨਾਅਰੇਬਾਜ਼ੀ ਕੀਤੀ ਗਈ। ਗੁਰੂਹਰਸਹਾਏ ਸ਼ਹਿਰ ਪੂਰੀ ਤਰ੍ਹਾਂ ਬੰਦ ਰਿਹਾ। ਸ਼ਹਿਰ ਦੇ ਪੈਟਰੋਲ ਪੰਪ, ਬੱਸ ਸਰਵਿਸ ਵੀ ਬੰਦ ਰਹੀਆਂ। ਵਾਲਮੀਕਿ ਭਾਈਚਾਰੇ ਨੇ ਰੇਲਵੇ ਪਾਰਕ ਵਿੱਚ ਇਕੱਠੇ ਹੋ ਕੇ ਬਜ਼ਾਰਾਂ ਵਿੱਚ ਰੋਸ ਮਾਰਚ ਕੀਤਾ ਅਤੇ ਸਥਾਨਕ ਲਾਈਟਾਂ ਵਾਲਾ ਚੌਕ ਤੇ ਰੋਡ ਜਾਮ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਹੱਥ ਵਿੱਚ ਕਾਲੇ ਝੰਡੇ ਲੈ ਕੇ ਨਾਅਰੇਬਾਜ਼ੀ ਕੀਤੀ।
ਅੰਮ੍ਰਿਤਸਰ ਵਿੱਚ ਦਲਿਤ ਭਾਈਚਾਰੇ ਦਾ ਤਿੱਖਾ ਸੰਘਰਸ਼ ਦੇਖਣ ਨੂੰ ਮਿਲਿਆ। ਅੰਮ੍ਰਿਤਸਰ ਰੂਟ ਤੇ ਚੱਲਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਨੂੰ ਰੋਕ ਦਿੱਤਾ ਗਿਆ। ਅੰਮ੍ਰਿਤਸਰ ਦੇ ਹਾਲ ਬਾਜ਼ਾਰ ਵਿੱਚ ਸਥਿਤ ਕੇੱਦਰੀ ਮੰਦਰ ਵਿੱਚ ਦਲਿਤ ਸੰਗਠਨਾਂ ਦੀ ਬੈਠਕ ਹੋਈ। ਇਸ ਤੋਂ ਬਾਅਦ ਕਰੀਬ 100-150 ਮੋਟਸਾਈਕਲਾਂ ਤੇ 3-3 ਨੌਜਵਾਨ ਸਵਾਰ ਹੋ ਕੇ ਹੁੱਲੜਬਾਜ਼ੀ ਕਰਦੇ ਹੋਏ ਦਿਖਾਈ ਦਿੱਤੇ, ਜਿਨ੍ਹਾਂ ਦੇ ਹੱਥਾਂ ਵਿੱਚ ਝੰਡੇ ਤੇ ਲਾਠੀਆਂ ਸਨ। ਸ਼ਹਿਰ ਦੇ ਲਾਰੇਂਸ ਰੋਡ ਚੌਂਕ, ਹਾਲ ਬਜ਼ਾਰ, ਪੁਤਲੀ ਘਰ, ਇਸਲਾਮਾਬਾਦ, ਰਾਣੀ ਦਾ ਬਾਗ, ਗ੍ਰੀਨ ਐਵੀਨਿਓ, ਬਸੰਤ ਐਵੀਨਿਓ, ਰੰਜੀਤ ਐਵੀਨਿਓ ਵਿੱਚ ਮੋਟਰਸਾਈਕਲ ਸਵਾਰ ਹੁੱਲੜਬਾਜ਼ੀ ਕਰਦੇ ਦਿਖਾਈ ਦਿੱਤੇ।
ਉਧਰ, ਅੱਜ ਮਿਤੀ 2 ਅਪਰੈਲ ਨੂੰ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਅਮਰਗੜ੍ਹ, ਜ਼ਿਲ੍ਹਾ ਸੰਗਰੂਰ ਵਿੱਚ ਬਹੁਤ ਵੱਡਾ ਇਕੱਠ ਡਾ ਭੀਮ ਰਾਓ ਅੰਬੇਡਕਰ ਹਿਊਮਨ ਰਾਈਟਸ ਐਂਡ ਵੈਲਫੇਅਰ ਫਾਊਂਡੇਸ਼ਨ ਰਜਿਸਟਰਡ ਪੰਜਾਬ ਵੱਲੋਂ ਸੰਸਥਾ ਦੇ ਜ਼ੋਨਲ ਇੰਚਾਰਜ ਕੁਲਵੰਤ ਸਿੰਘ ਮੁਹਾਲੀ ਜ਼ਿਲ੍ਹਾ ਸੰਗਰੂਰ ਵੱਲੋਂ ਸਮੂਹ ਅੰਬੇਡਕਰਬਾਦੀ ਜਥੇਬੰਦੀਆਂ ਦੇ ਸਹਿਯੋਗ ਨਾਲ ਬਹੁਤ ਵੱਡਾ ਇਕੱਠ ਕਰਕੇ ਕਾਫਲੇ ਦੇ ਰੂਪ ਵਿੱਚ ਜਾਕੇ ਬਜ਼ਾਰ ਅਤੇ ਅਵਾਜਾਈ ਨੂੰ ਪੂਰਨ ਰੂਪ ਵਿੱਚ ਬੰਦ ਕਰ ਕੇ ਇਕ ਭਾਰੀ ਲੋਕਾਂ ਦੇ ਇਕੱਠ ਨੂੰ ਵਖ ਵਖ ਜਥੇਬੰਦੀਆਂ ਦੇ ਬੁਲਾਰਿਆਂ ਨੇ ਡਾ ਅੰਬੇਦਕਰ ਸਹਿਬ ਜੀ ਦੀ ਵਿਚਾਰਧਾਰਾ ਵਾਰੇ,ਸੰਵਿਧਾਨ ਦੁਆਰਾ ਮਿਲੇ ਅਧਿਕਾਰਾਂ ਦੀ ਜਾਣਕਾਰੀ ਅਤੇ ਐਸਸੀ\ਐਸਟੀ ਐਟਰੋਸਿਟੀ ਐਕਟ ਦੇ ਵਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਸਮਾਗਮ ਵਿੱਚ 5 ਹਜ਼ਾਰ ਦੇ ਲਗਭਗ ਦਲਿਤ ਵਰਕਰਾਂ ਨੇ ਸ਼ਮੂਲੀਅਤ ਕੀਤੀ।

Load More Related Articles
Load More By Nabaz-e-Punjab
Load More In General News

Check Also

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫ਼ਤਾਰ ਬੀਡੀਪੀਓ ਧਨਵੰਤ ਸਿੰਘ ਦੀ ਭਾਲ ਵਿ…