![](https://www.nabaz-e-punjab.com/wp-content/uploads/2021/09/Balwinder-Singh-Kumbra.jpg)
ਗਰੀਬ ਵਰਗ ਦੇ ਲੋਕ ਇਨਸਾਫ਼ ਲਈ ਖੱਜਲ-ਖੁਆਰ, ਪੁਲੀਸ ਨੇ ਸਾਰੇ ਦੋਸ਼ ਨਕਾਰੇ
ਪੀੜਤ ਲੋਕਾਂ ਵੱਲੋਂ ਮੁੱਖ ਮੰਤਰੀ ਚਰਨਜੀਤ ਚੰਨੀ ਤੋਂ ਨਿੱਜੀ ਦਖ਼ਲ ਦੇਣ ਦੀ ਮੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਸਤੰਬਰ:
ਸਰਕਾਰੀ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਪੁਲੀਸ ਵਧੀਕੀਆਂ ਦਾ ਮਾਮਲਾ ਚੁੱਕਦੇ ਹੋਏ ਕਿਹਾ ਕਿ ਪੀੜਤ ਲੋਕ ਇਨਸਾਫ਼ ਲਈ ਖੱਜਲ-ਖੁਆਰ ਹੋ ਰਹੇ ਹਨ। ਇਸ ਸਬੰਧੀ ਜਿੱਥੇ ਉਨ੍ਹਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਨਸਾਫ਼ ਦੀ ਆਸ ਰੱਖਦਿਆਂ ਉਨ੍ਹਾਂ ਨੂੰ ਨਿੱਜੀ ਦਖ਼ਲ ਦੇਣ ਦੀ ਮੰਗ ਕੀਤੀ, ਉੱਥੇ ਡੀਜੀਪੀ ਅਤੇ ਐਸਐਸਪੀ ਨੂੰ ਵੀ ਸ਼ਿਕਾਇਤਾਂ ਭੇਜੀਆਂ ਹਨ।
ਸ੍ਰੀ ਕੁੰਭੜਾ ਨੇ ਥਾਣੇਦਾਰ ਜੀਵਨ ਸਿੰਘ ’ਤੇ ਨਸ਼ਾ ਵੇਚਣ ਵਾਲੇ ਕੈਮਿਸਟਾਂ ਵਿਰੁੱਧ ਕਾਰਵਾਈ ਕਰਨ ਦੀ ਥਾਂ ਕਥਿਤ ਤੌਰ ’ਤੇ ਪੈਸੇ ਲੈ ਕੇ ਛੱਡਣ ਦਾ ਦੋਸ਼ ਲਾਇਆ ਹੈ। ਇੰਜ ਹੀ ਸੋਹਾਣਾ ਪੁਲੀਸ ’ਤੇ ਪ੍ਰਸ਼ਨ-ਚਿੰਨ੍ਹ ਲਗਾਉਂਦਿਆਂ ਕਿਹਾ ਕਿ ਮੁਹਾਲੀ ਨੇੜਲੇ ਇਕ ਪਿੰਡ ਵਿੱਚ ਗਰੀਬ ਲੜਕੀ ਨਾਲ ਵਾਪਰੀ ਬਲਾਤਕਾਰ ਦੀ ਘਟਨਾ ਤੋਂ ਉਸ ਦੀ ਮੌਤ ਹੋ ਗਈ ਪ੍ਰੰਤੂ 4 ਸਾਲ ਬੀਤ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ ਕਿਉਂਕਿ ਮੁਲਜ਼ਮ ਪੁਲੀਸ ਅਫ਼ਸਰ ਦੇ ਰਿਸ਼ਤੇਦਾਰ ਸਨ। ਇਸ ਸਬੰਧੀ ਐਸਸੀ ਕਮਿਸ਼ਨ ਅਤੇ ਸਮਾਜਿਕ ਸੁਰੱਖਿਆ ਅਫ਼ਸਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ। ਅਵਤਾਰ ਸਿੰਘ ਮੱਕੜਿਆਂ ਨੇ ਦੱਸਿਆ ਕਿ ਸਾਲ 2017 ਵਿੱਚ ਪੁਲੀਸ ਉਸਦੇ ਜਵਾਈ ਨੂੰ ਝੂਠੇ ਕੇਸ ਵਿੱਚ ਫਸਾਉਣਾ ਚਾਹੁੰਦਾ ਸੀ। ਇਸ ਸਬੰਧੀ ਥਾਣੇ ਬਾਹਰ ਧਰਨਾ ਦੇਣ ਵਾਲੇ ਵਿਅਕਤੀਆਂ ਖ਼ਿਲਾਫ਼ ਹੀ ਕੇਸ ਦਰਜ ਕੀਤਾ ਗਿਆ।
ਇਸ ਮਾਮਲੇ ਵਿੱਚ ਐਸਐਸਪੀ ਵੱਲੋਂ ਕੇਸ ਖਾਰਜ ਕਰਨ ਲਈ ਕਿਹਾ ਜਾ ਚੁੱਕਾ ਹੈ ਪਰ ਹੁਣ ਤੱਕ ਐਫ਼ਆਈਆਰ ਰੱਦ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਇਸ ਲਈ ਕਈ ਵਾਰ ਐਸਐਸਪੀ ਦਫ਼ਤਰ ਦੇ ਚੱਕਰ ਕੱਟ ਚੁੱਕੇ ਹਨ।
ਬਲਵਿੰਦਰ ਕੁੰਭੜਾ ਨੇ ਦੱਸਿਆ ਕਿ ਉਸ ਦੇ ਬੇਟੇ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ 5 ਲੱਖ ਰੁਪਏ ਦੀ ਠੱਗੀ ਮਾਰਨ ਦੀ ਸ਼ਿਕਾਇਤ ਐਸਐਸਪੀ ਨੂੰ ਦਿੱਤੀ ਸੀ ਪਰ 6 ਮਹੀਨੇ ਬੀਤ ਜਾਣ ਦੇ ਬਾਵਜੂਦ ਸ਼ਿਕਾਇਤ ’ਤੇ ਕੋਈ ਕਾਰਵਾਈ ਨਹੀਂ ਹੋਈ। ਇੰਜ ਹੀ ਪੁੱਡਾ ਵਿਭਾਗ ਦੇ ਡਰਾਈਵਰ ਕੁਲਦੀਪ ਸਿੰਘ ਦੀ ਕੁੱਟਮਾਰ ਕਰਨ ਵਾਲਿਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਮੌਕੇ ਲਖਮੀਰ ਸਿੰਘ ਬਡਾਲਾ, ਅਵਤਾਰ ਸਿੰਘ, ਓਮ ਪ੍ਰਕਾਸ਼, ਨਾਗਰ ਸਿੰਘ, ਗੁਰਮੇਲ ਸਿੰਘ, ਗੁਰਮੇਲ ਸਿੰਘ ਮੱਕੜਿਆਂ, ਗੁਰਿੰਦਰ ਸਿੰਘ, ਇੰਦਰਜੀਤ ਕੌਰ, ਗੁਰਨਾਮ ਕੌਰ ਸਾਬਕਾ ਬਲਾਕ ਸੰਮਤੀ ਮੈਂਬਰ, ਕੁਲਦੀਪ ਸਿੰਘ, ਗੁਰਜੰਟ ਸਿੰਘ ਵੀ ਹਾਜ਼ਰ ਸਨ।
ਉਧਰ, ਦੂਜੇ ਪਾਸੇ ਸੰਪਰਕ ਕਰਨ ’ਤੇ ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਰਾਜੇਸ਼ ਅਰੋੜਾ ਨੇ ਕਿਹਾ ਕਿ ਉਕਤ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਬੀਤੇ ਕੱਲ੍ਹ ਕੁੰਭੜਾ ਵਾਸੀ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਹੈ ਅਤੇ ਮੁਲਜ਼ਮ ਧਿਰ ਕਾਨੂੰਨੀ ਕਾਰਵਾਈ ਤੋਂ ਬਚਨ ਅਤੇ ਪੁਲੀਸ ’ਤੇ ਦਬਾਅ ਬਣਾਉਣ ਲਈ ਦੂਸ਼ਣਬਾਜ਼ੀ ਕਰ ਰਹੇ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਮੈਡੀਕਲ ਨਸ਼ਾ ਵੇਚਣ ਦੀ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲੀਸ ਅਤੇ ਸਿਹਤ ਵਿਭਾਗ ਦੀ ਟੀਮ ਨੇ ਸੈਕਟਰ-68 ਦੀਆਂ ਦੋ ਮੈਡੀਕਲ ਦੁਕਾਨਾਂ ਦੀ ਚੈਕਿੰਗ ਕੀਤੀ ਸੀ ਲੇਕਿਨ ਉੱਥੋਂ ਕੋਈ ਵੀ ਇਤਰਾਜ਼ਯੋਗ ਵਸਤੂ\ਨਸ਼ਾ ਨਹੀਂ ਮਿਲਿਆ। ਥਾਣੇਦਾਰ ’ਤੇ ਪੈਸੇ ਲੈਣ ਸਬੰਧੀ ਵੀ 3 ਮਹੀਨੇ ਬਾਅਦ ਦੋਸ਼ ਲਗਾਏ ਜਾ ਰਹੇ ਹਨ। ਇਸ ਤੋਂ ਪਹਿਲਾਂ ਕੋਈ ਸ਼ਿਕਾਇਤ ਨਹੀਂ ਕੀਤੀ ਗਈ।