Share on Facebook Share on Twitter Share on Google+ Share on Pinterest Share on Linkedin ਅਕਾਲੀ ਭਾਜਪਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਮੁਹਾਲੀ ਸ਼ਹਿਰ ਦੇ ਲੋਕ ਬੁਨਿਆਦੀ ਸਹੂਲਤਾਂ ਤੋਂ ਤਰਸੇ: ਸਿੱਧੂ ਮੁਹਾਲੀ ਫੇਜ਼-1 ਵਿੱਚ ਐਚ-ਈ ਮਕਾਨਾਂ ਦੇ ਨਾਲ ਲੱਗਦੇ ਪਾਰਕਾਂ ਦਾ ਨਗਰ ਨਿਗਮ ਦੀ ਸਮੁੱਚੀ ਟੀਮ ਨੂੰ ਨਾਲ ਲੈ ਕੇ ਲਿਆ ਜਾਇਜ਼ਾ ਅਮਰਜੀਤ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਦਸੰਬਰ: ਸਥਾਨਕ ਵਿਧਾਇਕ ਸ੍ਰ:ਬਲਬੀਰ ਸਿੰਘ ਸਿੱਧੂ ਨੇ ਫੇਜ਼-1 ਵਿੱਚ ਰਹਿਣ ਵਾਲੇ ਐਚ-ਈ ਦੇ ਮਕਾਨ ਮਾਲਕਾਂ ਦੀ ਮੰਗ ਤੇ ਫੇਜ਼-1 ਦੇ ਪਾਰਕਾਂ ਦੀ ਦਸ਼ਾ ਸੁਧਾਰਨ ਅਤੇ ਹੋਰ ਸੁਵਿਧਾਵਾਂ ਉਪਲਬੱਧ ਕਰਾਉਣ ਦੇ ਮੱਦੇਨਜ਼ਰ ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਹੰਸ, ਸੰਯੁਕਤ ਕਮਿਸ਼ਨਰ ਸ੍ਰੀਮਤੀ ਅਵਨੀਤ ਕੌਰ, ਸਹਾਇਕ ਕਮਿਸ਼ਨਰ ਸਰਬਜੀਤ ਸਿੰਘ, ਐਕਸ਼ੀਅਨ ਨਰਿੰਦਰ ਸਿੰਘ ਦਾਲਮ,ਐਸ.ਡੀ.ਓ. ਸੁਖਵਿੰਦਰ ਸਿੰਘ ਅਤੇ ਮੁਕੇਸ਼ ਗਰਗ ਨੂੰ ਨਾਲ ਲੈ ਕੇ ਫੇਜ਼-1 ਦੇ ਪਾਰਕਾ ਦਾ ਦੌਰਾ ਕੀਤਾ। ਜਿਸ ਦੀ ਹਾਲਤ ਬਦ ਤੋਂ ਬਦਤਰ ਬਣੀ ਹੋਈ ਹੈ ਅਤੇ ਸ਼ਹਿਰ ਦੀਆਂ ਹੋਰਨਾਂ ਥਾਵਾਂ ਦਾ ਵੀ ਦੌਰਾ ਕੀਤਾ। ਇਸ ਮੌਕੇ ਸ੍ਰੀ ਸਿੱਧੂ ਨੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਕਿਹਾ ਕਿ ਇਸ ਥਾਂ ’ਤੇ ਮਰਹੂਮ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਨੇ 03 ਦਸੰਬਰ 1974 ਨੂੰ ਉਸ ਵੇਲੇ ਦੇ ਰਾਸ਼ਟਰਪਤੀ ਸ੍ਰੀ ਫਖਰੁਦੀਨ ਅਲੀ ਅਹਿਮਦ ਨਾਲ ਸ਼ਹਿਰ ਦਾ ਨੀਂਹ ਪੱਥਰ ਅਤੇ 304 ਮਕਾਨਾਂ ਦਾ ਉਦਘਾਟਨ ਕੀਤਾ ਸੀ ਅਤੇ ਉਨ੍ਹਾਂ ਦੀ ਇੱਛਾ ਮੁਹਾਲੀ ਸ਼ਹਿਰ ਨੂੰ ਦੇਸ ਦੇ ਮਾਡਲ ਸ਼ਹਿਰ ਵਜੋਂ ਵਿਕਸਿਤ ਕਰਨ ਦੀ ਸੀ। ਪ੍ਰੰਤੂ ਸ਼ਹਿਰ ਦਾ ਵਿਕਾਸ ਤਾਂ ਕੀ ਕਰਨਾ ਸੀ, ਸਗੋਂ ਉਨ੍ਹਾਂ ਵਲੋਂ ਰੱਖੇ ਨੀਂਹ ਪੱਥਰ ਦੀ ਹਾਲਤ ਵੀ ਬਦਤਰ ਹੋਈ ਪਈ ਹੈ, ਜਿਸ ਦਾ ਸ੍ਰੀ ਸਿੱਧੂ ਨੇ ਮੌਕੇ ’ਤੇ ਜਾ ਕੇ ਜਾਇਜ਼ਾ ਲਿਆ। ਸ੍ਰੀ ਸਿੱਧੁੂ ਨੇ ਇਸ ਮੌਕੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਮੁਹਾਲੀ ਸ਼ਹਿਰ ਦੇ ਲੋਕ ਬੁਨਿਆਦੀ ਸਹੂਲਤਾਂ ਤੋਂ ਤਰਸੇ। ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਕੰਮਾਂ ਨੂੰ ਯੋਜਨਾਬੱਧ ਤਰੀਕੇ ਨਾਲ ਕਰਨ ਦੀ ਬਜਾਏ ਪੈਸੇ ਦੀ ਅੰਨ੍ਹੇਵਾਹ ਦੁਰਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਕੁਝ ਥਾਵਾਂ ਤੇ ਨਵੇਂ ਬਣੇ, ਫੁੱਟਪਾਥਾਂ ਅਤੇ ਸੜ੍ਹਕਾਂ ਨੂੰ ਮੁੜ-ਮੁੜ ਤੋੜ ਕੇ ਬਣਾਇਆ ਗਿਆ ਜਦ ਕਿ ਲੋੜ ਵਾਲੀਆਂ ਥਾਵਾਂ ਤੇ ਨਾ ਤਾਂ ਨਵੀਆਂ ਸੜਕਾਂ ਅਤੇ ਨਾਂ ਹੀ ਨਵੇਂ ਫੁੱਟਪਾਥ ਜਾਂ ਉਨ੍ਹਾਂ ਦੀ ਮੁਰੰਮਤ ਆਦਿ ਕੀਤੀ ਗਈ। ਉਨ੍ਹਾਂ ਕਿਹਾ ਕਿ ਫੇਜ਼-1 ਦੇ ਪਾਰਕਾਂ ਦੀ ਹਾਲਤ ਬੇਹੱਦ ਖਸਤਾ ਹੋਈ ਪਈ ਹੈ। ਹੁਣ ਅਜਿਹੇ ਪਾਰਕਾਂ ਦੀ ਦੁਰਦਸ਼ਾ ਪਹਿਲ ਦੇ ਅਧਾਰ ਤੇ ਠੀਕ ਕਰਵਾਈ ਜਾਵੇਗੀ ਅਤੇ ਸ਼ਹਿਰ ਦੇ ਵਿਕਾਸ ਕਾਰਜ਼ਾਂ ਨੂੰ ਯੋਜਨਾਬੱਧ ਤਰੀਕੇ ਨਾਲ ਕਰਵਾ ਕੇ ਮੁਹਾਲੀ ਸ਼ਹਿਰ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਉਪਲਬੱਧ ਕਰਵਾਈਆਂ ਜਾਣਗੀਆਂ। ਫੇਜ਼-1 ਦੇ ਐਚ.ਈ. ਮਕਾਨਾਂ ਵਿਚ ਰਹਿਣ ਵਾਲੇ ਲੋਕਾਂ ਨੇ ਸ੍ਰੀ ਸਿੱਧੂ ਨੂੰ ਮੰਗ ਪੱਤਰ ਵੀ ਸੌਂਪਿਆਂ। ਜਿਸ ਵਿਚ ਉਨ੍ਹਾਂ ਪਾਰਕਾਂ ਦੀ ਦਸ਼ਾ ਸੁਧਾਰਨ ਅਤੇ ਓਪਨ ਜਿੰਮ ਦੀ ਸੁਵਿਧਾ ਦੇਣ ਦੀ ਮੰਗ ਵੀ ਕੀਤੀ। ਪਾਰਕ ਵਿਚ ਬੱਚਿਆਂ ਲਈ ਝੂਲੇ ਅਤੇ ਬੈਠਣ ਲਈ ਬੈਂਚ ਲਗਾਉਣ, ਫੁੱਟਪਾਥਾਂ ਅਤੇ ਗਲੀਆਂ ਦੀ ਸਾਫ ਸਫਾਈ, ਚੌਰਾਹਿਆਂ ਵਿਚ ਸਪੀਡ ਬਰੇਕਰ, ਸੜ੍ਹਕਾਂ ਤੇ ਘਰਾਂ ਦੇ ਨਾਲ ਲੱਗਦੇ ਦਰੱਖਤਾਂ ਦੀ ਟਰੀਮਿੰਗ ਕਰਾਉਣ, ਸਟਰੀਟ ਲਾਇਟਾਂ ਦੀ ਗਿਣਤੀ ਵਧਾਉਣ ਸਮੇਤ ਐਚ.ਈ. ਦੇ ਮਕਾਨਾਂ ਵਿਚ ਨੀਡ ਬੇਸ ਅਨੁਸਾਰ ਉਸਾਰੀ ਨੂੰ ਰੈਗੂਲਰਾਈਜ਼ ਕਰਾਉਣ ਅਤੇ ਇਸ ਸਬੰਧੀ ਪੱਕੀ ਪਾਲਿਸੀ ਬਣਾਉਣ ਦੀ ਮੰਗ ਵੀ ਕੀਤੀ। ਇਸ ਮੌਕੇ ਵਿਧਾਇਕ ਸ੍ਰੀ ਸਿੱਧੂ ਦੇ ਸਿਆਸੀ ਸਲਾਹਕਾਰ ਹਰਕੇਸ਼ ਚੰਦ ਸ਼ਰਮਾ, ਕਾਂਗਰਸ ਦੀ ਕੌਂਸਲਰ ਸ੍ਰੀਮਤੀ ਸੁਮਨ ਗਰਗ, ਗੁਰਚਰਨ ਸਿੰਘ ਭੰਵਰਾ, ਸੁਰਿੰਦਰ ਕੁਮਾਰ, ਚਰਨਜੀਤ ਸਿੰਘ ਚੰਨੀ, ਐਨ.ਕੇ.ਸੂਦ, ਰਾਮਪਾਲ ਸਿੰਘ, ਜਸਪਾਲ ਸਿੰਘ, ਡੀ.ਕੇ.ਵਲਹੋਤਰਾ, ਆਰ ਕੇ ਜੈਨ, ਸੁਨੀਲ ਕੁਮਾਰ ਪਿੰਕਾ, ਕਰਨੈਲ ਸਿੰਘ, ਸ੍ਰੀਮਤੀ ਨੀਲਮ ਰਾਣੀ, ਕੁਲਜਿੰਦਰ ਕੌਰ, ਜਸਪਾਲ ਕੌਰ ਅਤੇ ਸਨੇਹ ਲਤਾ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ