
ਮੁਹਾਲੀ ਸ਼ਹਿਰ ਤੇ ਨੇੜਲੇ ਪਿੰਡਾਂ ਵਿੱਚ ਬਿਜਲੀ ਦੀ ਮਾੜੀ ਸਪਲਾਈ ਤੋਂ ਲੋਕ ਦੁਖੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜੂਨ:
ਮੁਹਾਲੀ ਸ਼ਹਿਰ ਅਤੇ ਨੇੜਲੇ ਪਿੰਡਾਂ ਦੇ ਲੋਕ ਇਨ੍ਹੀਂ ਦਿਨੀਂ ਬਿਜਲੀ ਦੇ ਅਣਐਲਾਨੇ ਕੱਟਾਂ ਤੋਂ ਬੇਹੱਦ ਦੁਖੀ ਹਨ। ਬੀਤੇ ਕੱਲ੍ਹ ਵੀ ਦੇਰ ਸ਼ਾਮ ਆਏ ਤੇਜ਼ ਤੂਫ਼ਾਨ ਅਤੇ ਬਾਰਿਸ਼ ਤੋਂ ਬਾਅਦ ਅਚਾਨਕ ਬਿਜਲੀ ਗੁੱਲ ਹੋ ਗਈ ਅਤੇ ਕਈ ਇਲਾਕਿਆਂ ਵਿੱਚ ਪੂਰੀ ਬਿਜਲੀ ਨਹੀਂ ਆਈ। ਇੱਥੋਂ ਦੇ ਫੇਜ਼-2 ਦੇ ਵਸਨੀਕ ਜਸਪਾਲ ਸਿੰਘ ਤੇ ਹੋਰਨਾਂ ਵਿਅਕਤੀਆਂ ਨੇ ਦੱਸਿਆ ਕਿ ਬਿਜਲੀ ਸਪਲਾਈ ਦੀ ਸਮੱਸਿਆ ਲਗਾਤਾਰ ਵਧਦੀ ਜਾ ਰਹੀ ਹੈ। ਦਿਨ ਵਿੱਚ ਵੀ ਪਤਾ ਨਹੀਂ ਕਦੋਂ ਬਿਜਲੀ ਗੁੱਲ ਹੋ ਜਾਵੇਗੀ ਅਤੇ ਕਦੋਂ ਵਾਪਸ ਆਵੇਗੀ।
ਉਧਰ, ਇੱਥੋਂ ਦੇ ਵਾਰਡ ਨੰਬਰ-17 (ਫੇਜ਼-11) ਦੇ ਵਸਨੀਕਾਂ ਨੇ ਪਾਵਰਕੌਮ ਦੇ ਐਕਸੀਅਨ ਨੂੰ ਪੱਤਰ ਲਿਖ ਕੇ ਕਿਹਾ ਕਿ ਉਨ੍ਹਾਂ ਦੇ ਮੁਹੱਲੇ ਵਿੱਚ ਬਿਜਲੀ ਦੀ ਸਪਲਾਈ ਦਾ ਬਹੁਤ ਹੀ ਜ਼ਿਆਦਾ ਮਾੜਾ ਹਾਲ ਹੈ। ਘਰਾਂ ਵਿੱਚ ਲਾਈਟ ਹਰ ਸਮੇਂ ਘੱਟ-ਵੱਧ ਹੁੰਦੀ ਰਹਿੰਦੀ ਹੈ ਅਤੇ ਰਾਤ ਸਮੇਂ ਤਾਂ ਵੋਲਟੇਜ ਐਨੀ ਘੱਟ ਜਾਂਦੀ ਹੈ ਕਿ ਨਾ ਤਾਂ ਏਸੀ ਚਲਦਾ ਹੈ ਅਤੇ ਨਾ ਹੀ ਬਿਜਲੀ ਦੇ ਹੋਰ ਉਪਕਰਨ ਠੀਕ ਢੰਗ ਨਾਲ ਕੰਮ ਕਰਦੇ ਹਨ। ਪੀੜਤ ਲੋਕਾਂ ਨੇ ਦੱਸਿਆ ਕਿ ਬਿਜਲੀ ਦੇ ਵਾਰ-ਵਾਰ ਘੱਟ- ਵੱਧ ਹੋਣ ਕਾਰਨ ਕਈ ਘਰਾਂ ਦੇ ਬਿਜਲੀ ਦੇ ਉਪਕਰਨ ਸੜ ਚੁੱਕੇ ਹਨ। ਇਸ ਸਬੰਧੀ ਪਾਵਰਕੌਮ ਦੇ 96461-15973 ਅਤੇ 96461-15951 ਨੰਬਰਾਂ ’ਤੇ ਲਗਾਤਾਰ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੁੰਦੀ। ਸਗੋਂ ਇਹ ਕਹਿ ਕੇ ਪੱਲਾ ਝਾੜ ਲਿਆ ਜਾਂਦਾ ਹੈ ਕਿ ਬਾਰਿਸ਼ ਦੇ ਮੌਸਮ ਵਿੱਚ ਅਕਸਰ ਅਜਿਹੀ ਸਮੱਸਿਆ ਆਉਂਦੀ ਅਤੇ ਆਪਣੇ ਆਪ ਠੀਕ ਹੋ ਜਾਵੇਗੀ। ਮੁਹੱਲਾ ਵਾਸੀਆਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਏਰੀਆ ਵਿਚਲੇ ਟਰਾਂਸਫ਼ਾਰਮਰ ਨੂੰ ਬਦਲ ਕੇ ਵੱਧ ਸਮਰਥਾ ਵਾਲਾ ਟਰਾਂਸਫ਼ਾਰਮਰ ਲਗਾਇਆ ਜਾਵੇ।
ਇੰਜ ਖਰੜ ਸ਼ਹਿਰੀ ਖੇਤਰ ਵਿੱਚ ਰੰਧਾਵਾ ਰੋਡ ’ਤੇ ਲੰਘੀ ਰਾਤ ਲੋਕਾਂ ਨੇ ਜਾਗ ਕੇ ਕੱਟੀ ਹੈ। ਬੀਤ ਦੇਰ ਸ਼ਾਮ ਹਨੇਰੀ ਆਉਣ ਤੋਂ ਬਾਅਦ ਬਿਜਲੀ ਗੁੱਲ ਹੋ ਗਈ ਅਤੇ ਪੂਰੀ ਰਾਤ ਬਿਜਲੀ ਨਹੀਂ ਆਈ। ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਿਸਾਨ ਆਗੂ ਜਸਪਾਲ ਸਿੰਘ ਨਿਆਮੀਆਂ, ਪੁਆਧੀ ਮੰਚ ਦੇ ਆਗੂ ਗੁਰਪ੍ਰੀਤ ਸਿੰਘ ਨਿਆਮੀਆਂ ਨੇ ਦੱਸਿਆ ਕਿ ਲੰਘੀ ਪੂਰੀ ਰਾਤ ਉਨ੍ਹਾਂ ਦੇ ਪਿੰਡ ਵਿੱਚ ਬਿਜਲੀ ਗੁੱਲ ਰਹੀ। ਹੋਰਨਾਂ ਪਿੰਡਾਂ ’ਚੋਂ ਵੀ ਅਜਿਹੀਆਂ ਸ਼ਿਕਾਇਤਾਂ ਮਿਲੀਆਂ ਹਨ।