ਸ਼ਹੀਦ ਊਧਮ ਸਿੰਘ ਬਾਰੇ ਪ੍ਰਚੱਲਿਤ ਗੱਲਾਂ ਇਤਿਹਾਸ ਤੋਂ ਕੋਹਾਂ ਦੂਰ: ਰਾਕੇਸ਼ ਕੁਮਾਰ

ਬਦਲੇ ਤੋਂ ਪਾਰ, ਸਮਾਜਿਕ ਤਬਦੀਲੀ ਨੂੰ ਪ੍ਰਣਾਇਆ ਸੀ ਸ਼ਹੀਦ ਊਧਮ ਸਿੰਘ ਨੇ

ਤਰਕਸ਼ੀਲ ਸੁਸਾਇਟੀ ਵੱਲੋਂ ਕਰਵਾਏ ਸੈਮੀਨਾਰ ਵਿੱਚ ਅਣਫੋਲੇ ਤੱਥ ਸਾਹਮਣੇ ਆਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਮਾਰਚ:
ਸ਼ਹੀਦ ਊਧਮ ਸਿੰਘ ਬਾਰੇ ਆਮ ਪ੍ਰਚੱਲਿਤ ਗੱਲਾਂ ਇਤਿਹਾਸਿਕ ਤੱਥਾਂ ਤੋਂ ਬਹੁਤ ਦੂਰ ਹਨ। 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਵਿੱਚ ਗੋਲੀਆਂ ਚਲਾਉਣ ਪਿੱਛੇ ਸਿਰਫ ਬਦਲੇ ਦੀ ਭਾਵਨਾ ਨਹੀਂ ਬਲਕਿ ਸਮਾਜਿਕ ਤਬਦੀਲੀ ਦਾ ਮਿਸ਼ਨ ਸੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ਹੀਦ ਊਧਮ ਸਿੰਘ ਬਾਰੇ ਵਿਸ਼ੇਸ਼ ਖੋਜਕਾਰ ਰਾਕੇਸ਼ ਕੁਮਾਰ ਨੇ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮੁਹਾਲੀ ਵੱਲੋਂ ਸਥਾਨਕ ਬਾਲ ਭਵਨ ਵਿੱਚ ‘ਸ਼ਹੀਦ ਊਧਮ ਸਿੰਘ-ਜੀਵਨ ਤੇ ਵਿਚਾਰਧਾਰਾ’ ਵਿਸ਼ੇ ’ਤੇ ਕਰਵਾਏ ਸੈਮੀਨਾਰ ਦੌਰਾਨ ਕੀਤਾ। ਉਹਨਾਂ ਕਿਹਾ ਕਿ ਇਸ ਗੱਲ ਬਾਰੇ ਕੋਈ ਇਤਿਹਾਸਿਕ ਤੱਥ ਮੌਜੂਦ ਨਹੀਂ ਕਿ ਊਧਮ ਸਿੰਘ, ਰਿਵਾਲਵਾਰ ਨੂੰ ਇੱਕ ਕਿਤਾਬ ਵਿੱਚ ਪਾ ਕੇ ਕੈਕਸਟਨ ਹਾਲ ਵਿੱਚ ਦਾਖਲ ਹੋਇਆ ਬਲਕਿ ਰਿਵਾਲਵਰ ਉਹਨਾਂ ਦੇ ਪਾਏ ਨੀਲੇ ਰੰਗ ਦੇ ਕੋਟ ਪੈਂਟ ਅੰਦਰ ਹੀ ਮੌਜੂਦ ਸੀ। ਸ਼੍ਰੀ ਰਾਕੇਸ਼ ਕੁਮਾਰ ਨੇ ਇਹ ਵੀ ਖੁਲਾਸਾ ਕੀਤਾ ਕਿ ਬ੍ਰਿਟਿਸ਼ ਸਰਕਾਰ ਦੇ ਗੁਪਤ ਦਸਤਾਵੇਜ਼ਾਂ ਤੋਂ ਪਤਾ ਲਗਦਾ ਹੈ ਕਿ ਜਲ੍ਹਿਆਂਵਾਲੇ ਬਾਗ ਦੇ ਸਾਕੇ ਯਾਨੀ 13 ਅਪ੍ਰੈਲ 1919 ਨੂੰ ਸ਼ਹੀਦ ਊਧਮ ਸਿੰਘ ਮੌਕੇ ’ਤੇ ਮੌਜੂਦ ਨਹੀਂ ਸੀ।
ਸ਼੍ਰੀ ਰਾਕੇਸ਼ ਕੁਮਾਰ ਨੇ ਦਾਅਵਾ ਕੀਤਾ ਕਿ ਜੂਨ 1997 ’ਚ ਇੰਗਲੈਡ ਸਰਕਾਰ ਵੱਲੋਂ ਰਿਲੀਜ ਕੀਤੀਆਂ ਗਈਆਂ 5 ਫਾਈਲਾਂ (771 ਪੰਨੇ) ਤੋਂ ਪਤਾ ਲਗਦਾ ਹੈ ਕਿ ਸ਼ਹੀਦ ਊਧਮ ਸਿੰਘ ਨੇ ਕੈਕਸਟਨ ਹਾਲ ਵਿੱਚ ਇਕੱਲੇ ਮਾਈਕਲ ਓਡਵਾਇਰ ’ਤੇ ਨਹੀਂ ਬਲਕਿ ਕੁੱਲ ਚਾਰ ਅੰਗਰੇਜ਼ ਅਫਸਰਾਂ ’ਤੇ ਛੇ ਗੋਲੀਆਂ ਦਾਗੀਆਂ ਜਿਹਨਾਂ ਵਿੱਚ ਮਾਈਕਲ ਓਡਵਾਇਰ ਮੌਕੇ ’ਤੇ ਹੀ ਮਾਰਿਆ ਗਿਆ ਅਤੇ ਬਾਕੀ ਜ਼ਖਮੀ ਹੋਏ। ਇਹ ਸਾਰੇ ਅਫਸਰ ਭਾਰਤ ਵਿੱਚ ਗਵਰਨਰ ਰਹਿ ਚੁੱਕੇ ਸਨ ਅਤੇ ਭਾਰਤ ਦੀ ਆਜ਼ਾਦੀ ਦੇ ਵਿਰੋਧੀ ਸਨ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਊਧਮ ਸਿੰਘ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਨੂੰ ਮੌਕੇ ’ਤੇ ਫੜ੍ਹ ਲਿਆ ਗਿਆ ਸੀ। ਉਹਨਾਂ ਕਿਹਾ ਕਿ ਗਦਰ ਲਹਿਰ ਨੂੰ ਕੁਚਲਣ ਵਿੱਚ ਮਾਈਕਲ ਓਡਵਾਇਰ ਦਾ ਮੁੱਖ ਰੋਲ ਸੀ ਅਤੇ ਸ਼ਹੀਦ ਊਧਮ ਸਿੰਘ ਗਦਰੀਆਂ ਤੋਂ ਪੇ੍ਰਰਿਤ ਸੀ। ਸ਼੍ਰੀ ਰਾਕੇਸ਼ ਕੁਮਾਰ ਨੇ ਕਿਹਾ ਕਿ ਦਸਤਾਵੇਜ਼ਾਂ ਤੋਂ ਪਤਾ ਲਗਦਾ ਹੈ ਕਿ ਸ਼ਹੀਦ ਊਧਮ ਸਿੰਘ ਨੇ ਆਪਣੇ ਜ਼ਿੰਦਗੀ ਵਿੱਚ ਕਰੀਬ 10 ਨਾਂ ਵਰਤੇ। ਸ੍ਰੀ ਰਾਕੇਸ਼ ਕੁਮਾਰ ਨੇ ਕਿਹਾ ਕਿ ਊਧਮ ਸਿੰਘ ਦੀਆਂ 20 ਤੋਂ ਜਿਆਦਾ ਫੋਟੋਆਂ ਇੰਟਰਨੈਟ ’ਤੇ ਮੌਜੂਦ ਹਨ ਜੋ ਅਸਲੀ ਨਹੀਂ। ਹੁਣ ਤੱਕ ਸਿਰਫ ਚਾਰ ਅਸਲੀ ਤਸਵੀਰਾਂ ਸਾਹਮਣੇ ਆਈਆਂ ਹਨ। ਉਹਨਾਂ ਕਿਹਾ ਕਿ ਸੁਨਾਮ ’ਚ ਇੱਕ ਵੀ ਬੁੱਤ ਸ਼ਹੀਦ ਊਧਮ ਸਿੰਘ ਦੀ ਅਸਲੀ ਸ਼ਕਲ ਨਾਲ ਨਹੀਂ ਮਿਲਦਾ।
ਸ਼੍ਰੀ ਰਾਕੇਸ਼ ਕੁਮਾਰ ਨੇ ਕਿਹਾ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ’ਤੇੇ ਇਹ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸ਼ਹੀਦ ਊਧਮ ਸਿੰਘ ਦੇ ਪੋਤੇ ਦਾ ਬਹੁਤ ਮਾੜਾ ਹਾਲ ਹੈ। ਉਹਨਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ ਵਿਆਹ ਹੀ ਨਹੀਂ ਸੀ ਕਰਵਾਇਆ ਫਿਰ ਪੋਤਾ ਕਿੱਥੋਂ ਆ ਗਿਆ। ਉਹਨਾਂ ਕਿਹਾ ਕਿ ਊਧਮ ਸਿੰੰਘ ਬਾਰੇ ਚਾਰ ਫਾਈਲਾਂ ਅਜੇ ਜਨਤਕ ਨਹੀਂ ਹੋਈਆਂ ਜਿਹਨਾਂ ਬਾਰੇ ਪੈਰਵਾਈ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਜਲ੍ਹਿਆਂਵਾਲੇ ਬਾਗ ਦੇ ਸਾਕੇ ਲਈ ਮਾਈਕਲ ਓਡਵਾਇਰ ਸਿੱਧੇ ਤੌਰ ’ਤੇ ਦੋਸ਼ੀ ਨਹੀਂ ਸੀ ਬਲਕਿ ਇਸ ਲਈ ਜਨਰਲ ਡਾਇਰ ਹੀ ਦੋਸ਼ੀ ਸੀ ਜਿਸ ਨੇ ਬਿਨ੍ਹਾਂ ਕਿਸੇ ਸੀਨੀਅਰ ਅਫਸਰ ਨੂੰ ਰਿਪੋਰਟ ਕੀਤੇ ਸਿਰਫ 30 ਸੈਕਿੰਡ ਵਿੱਚ ਗੋਲੀਆਂ ਚਲਾਉਣ ਦਾ ਫੈਸਲਾ ਲਿਆ ਜੋ ਉਸ ਨੇ ਖੁਦ ਸਾਕੇ ਤੋਂ ਬਾਅਦ ਬਣੀ ਕਮੇਟੀ ਅੱਗੇ ਲਿਖਤੀ ਤੌਰ ’ਤੇ ਮੰਨਿਆ। ਸ਼ੀ੍ਰ ਰਾਕੇਸ਼ ਨੇ ਮਾਈਕਲ ਓਡਵਾਇਰ ਦੀ 1925 ਵਿੱਚ ਲਿਖੀ ਪੁਸਤਕ ਵੀ ਦਿਖਾਈ। ਉਹਨਾਂ ਦਾਅਵਾ ਕੀਤਾ ਕਿ ਸ਼ਹੀਦ ਊਧਮ ਸਿੰਘ ਸ਼ਹੀਦ ਭਗਤ ਸਿੰਘ ਤੋਂ ਪ੍ਰੇਰਿਤ ਸੀ।
ਹੁਣ ਤੱਕ ਨਹੀਂ ਬਣੀ ਇੱਕ ਵੀ ਯਾਦਗਾਰ
ਸ਼੍ਰੀ ਰਾਕੇਸ਼ ਕੁਮਾਰ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਦਾ 31 ਜੁਲਾਈ 1974 ਨੂੰ ਸਸਕਾਰ ਕੀਤਾ ਗਿਆ। ਸਸਕਾਰ ਨੂੰ 42 ਸਾਲ ਹੋ ਚੁੱਕੇ ਹਨ ਪਰ ਕੋਈ ਯਾਦਗਾਰ ਨਹੀਂ ਬਣੀ। ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਲਾਇਬ੍ਰੇਰੀ ’ਚ ਸ਼ਹੀਦ ਊਧਮ ਸਿੰਘ ਦੀਆਂ ਚਿੱਠੀਆਂ ਪਈਆਂ ਹਨ। 1939-40 ਦੀਆਂ ਦੋ ਡਾਇਰੀਆਂ, ਚਾਕੂ, ਗੋਲੀਆਂ ਇੰਗਲੈਂਡ ’ਚ ਪਏ ਹਨ। ਇੱਕ ਫੋਟੋ ਕਿਸੇ ਹੋਰ ਕੋਲ ਪਈ ਹੈ। ਮੈਮੋਰੀਅਲ ਨਾ ਹੋਣ ਕਰਕੇ ਇਹ ਚੀਜ਼ਾ ਵੱਖ ਵੱਖ ਪਈਆਂ ਹਨ। ਸਰਕਾਰ ਨੇ 15 ਕਰੋੜ ਖਰਚ ਕੇ ਯਾਦਗਾਰ ਬਣਾਉਣ ਦੀ ਗੱਲ ਕੀਤੀ ਸੀ ਪਰ ਹੁਣ ਤੱਕ ਸਿਰਫ ਜ਼ਮੀਨ ਹੀ ਖਰੀਦੀ ਗਈ ਹੈ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ …