
ਮੁਹਾਲੀ ਵਿੱਚ ਕਰੋਨਾ ਮਹਾਮਾਰੀ ਦੇ 12 ਨਵੇਂ ਪਾਜ਼ੇਟਿਵ ਕੇਸ ਆਏ, ਸੋਹਾਣਾ ਹਸਪਤਾਲ ਸੀਲ
ਸੋਹਾਣਾ ਤੇ ਮਾਇਓ ਹਸਪਤਾਲ ’ਚ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ ਕਰੋਨਾ ਪਾਜ਼ੇਟਿਵ ਕੇਸ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੁਲਾਈ:
ਮੁਹਾਲੀ ਵਿੱਚ ਕਰੋਨਾ ਮਹਾਮਾਰੀ ਦਾ ਲਗਾਤਾਰ ਪ੍ਰਕੋਪ ਵਧਦਾ ਜਾ ਰਿਹਾ ਹੈ। ਮੁਹਾਲੀ ਵਿੱਚ ਅੱਜ ਕਰੋਨਾਵਾਇਰਸ ਦੇ 12 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 456 ’ਤੇ ਪਹੁੰਚ ਗਈ ਹੈ। ਜਿਨ੍ਹਾਂ ’ਚ 170 ਨਵੇਂ ਕੇਸ ਐਕਟਿਵ ਹਨ। ਪਿਛਲੇ ਚਾਰ ਦਿਨਾਂ ਵਿੱਚ 91 ਨਵੇਂ ਕੇਸ ਸਾਹਮਣੇ ਆਉਣ ਮੁਹਾਲੀ ਇਕ ਫਿਰ ਤੋਂ ਕਰੋਨਾ ਹੌਟਸਪਾਟ ਬਣ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਇੱਥੋਂ ਦੇ ਸੈਕਟਰ-77 ਸਥਿਤ ਸੋਹਾਣਾ ਅੱਖਾਂ ਤੇ ਜਨਰਲ ਹਸਪਤਾਲ ਵਿੱਚ ਕਰੋਨਾਵਾਇਰਸ ਤੋਂ ਪੀੜਤ ਅੱਠ ਨਵੇਂ ਕੇਸ ਮਿਲੇ ਹਨ। ਇਹ ਸਾਰੇ ਪੀੜਤ ਨਰਸਿੰਗ ਸਟਾਫ਼ ਹਨ ਜੋ ਹਸਪਤਾਲ ਵਿੱਚ ਤਾਇਨਾਤ ਹਨ। ਇੰਜ ਹੀ ਸੈਕਟਰ69 ਦੇ ਮਾਇਓ ਹਸਪਤਾਲ ਦੇ ਚਾਰ ਮੈਂਬਰਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਪਹਿਲਾਂ ਵੀ ਇਨ੍ਹਾਂ ਦੋਵੇਂ ਹਸਪਤਾਲਾਂ ਵਿੱਚ ਡਾਕਟਰਾਂ ਨੂੰ ਕਰੋਨਾ ਹੋਣ ਬਾਰੇ ਪਤਾ ਲੱਗਾ ਸੀ। ਸਿਹਤ ਵਿਭਾਗ ਨੇ ਅੱਜ ਸੋਹਾਣਾ ਹਸਪਤਾਲ ਵਿੱਚ ਜ਼ਿਆਦਾ ਕੇਸ ਆਉਣ ਕਾਰਨ ਅਗਲੇ ਹੁਕਮਾਂ ਤੱਕ ਹਸਪਤਾਲ ਕੰਪਲੈਕਸ ਨੂੰ ਬੰਦ ਕਰ ਦਿੱਤਾ ਹੈ। ਪ੍ਰਬੰਧਕਾਂ ਨੂੰ ਓਪੀਡੀ ਤੁਰੰਤ ਬੰਦ ਕਰਨ ਲਈ ਕਿਹਾ ਗਿਆ ਹੈ ਅਤੇ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਨੂੰ ਢੁਕਵੀਂ ਥਾਂ ’ਤੇ ਸ਼ਿਫ਼ਟ ਕਰਨ ਲਈ ਆਖਿਆ ਹੈ। ਇਸ ਤੋਂ ਇਲਾਵਾ ਆਈਸੀਯੂ ਵਾਰਡ ਵਿੱਚ ਦਾਖ਼ਲ ਮਰੀਜ਼ਾਂ ਅਤੇ ਉੱਥੇ ਡਿਊਟੀ ’ਤੇ ਤਾਇਨਾਤ ਸਾਰੇ ਸਟਾਫ਼ ਦੀ ਮੈਡੀਕਲ ਜਾਂਚ ਯਕੀਨੀ ਬਣਾਉਣ ਲਈ ਆਖਿਆ ਗਿਆ ਹੈ। ਉਧਰ, ਸੋਹਾਣਾ ਹਸਪਤਾਲ ਵਿੱਚ ਅੱਜ ਆਮ ਦਿਨਾਂ ਵਾਂਗ ਆਪਣੇ ਇਲਾਜ ਪਹੁੰਚੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਖੱਜਲ-ਖੁਆਰ ਹੋਣਾ ਪਿਆ। ਸੁਰੱਖਿਆ ਗਾਰਡਾਂ ਨੇ ਸੁਰੱਖਿਆ ਦੇ ਮੱਦੇਨਜ਼ਰ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ।
ਅਧਿਕਾਰੀਆਂ ਨੇ ਦੱਸਿਆ ਕਿ ਕਰੋਨਾ ਪੀੜਤ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਾਵਧਾਨੀ ਵਜੋਂ ਆਪਣੇ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ। ਸਿਹਤ ਵਿਭਾਗ ਵੱਲੋਂ ਪੀੜਤ ਸਟਾਫ਼ ਦੇ ਸੰਪਰਕ ਵਿੱਚ ਆਉਣ ਵਾਲਿਆਂ ਦਾ ਪਤਾ ਕੀਤਾ ਜਾ ਰਿਹਾ ਹੈ ਅਤੇ ਦੋਵੇਂ ਹਸਪਤਾਲਾਂ ਦੇ ਪ੍ਰਬੰਧਕਾਂ ਨੂੰ ਕਰੋਨਾ ਪਾਜ਼ੇਟਿਵ ਸਟਾਫ਼ ਦੇ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਸੂਚੀ ਮੰਗੀ ਗਈ ਹੈ। ਮੁਹਾਲੀ ਜ਼ਿਲ੍ਹੇ ਵਿੱਚ ਹੁਣ ਤੱਕ 456 ਪੀੜਤ ਮਰੀਜ਼ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ’ਚੋਂ 9 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ 279 ਮਰੀਜ਼ ਕਰੋਨਾ ਨੂੰ ਮਾਤ ਦੇ ਕੇ ਆਪਣੇ ਘਰਾਂ ਵਿੱਚ ਪਰਤ ਚੁੱਕੇ ਹਨ। ਇਸ ਸਮੇਂ ਮੁਹਾਲੀ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 170 ਹੋ ਗਈ ਹੈ। ਇਨ੍ਹਾਂ ਸਾਰਿਆਂ ਦੀ ਹਾਲਤ ਠੀਕ ਹੈ। ਮੈਡੀਕਲ ਟੀਮਾਂ ਵੱਲੋਂ ਲਗਾਤਾਰ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ।