
ਬੇਹੜਾ ਪਿੰਡ ਦੇ ਮੀਟ ਪਲਾਂਟ ਦੇ 9 ਕਰਮੀਆਂ ਦੀ ਰਿਪੋਰਟ ਆਈ ਪਾਜ਼ੇਟਿਵ
ਇਲਾਕੇ ਵਿਚ ਰੋਜਨਾ ਨਵੇਂ ਮਾਮਲੇ ਸਾਮਣੇ ਆਉਣ ਕਾਰਨ ਲੋਕਾਂ ਲਈ ਵੱਡੀ ਚਿੰਤਾ ਦਾ ਵਿਸ਼ਾ
ਵਿਕਰਮ ਜੀਤ
ਨਬਜ਼-ਏ-ਪੰਜਾਬ ਬਿਊਰੋ, ਡੇਰਾਬੱਸੀ/ਜ਼ੀਰਕਪੁਰ, 30 ਜੂਨ:
ਹਲਕਾ ਡੇਰਾਬੱਸੀ ਵਿੱਚ ਕਰੋਨਾ ਦਾ ਕਹਿਰ ਵਾਪਰ ਰਿਹਾ ਹੈ। ਅੱਜ ਡੇਰਾਬੱਸੀ ਅਤੇ ਜ਼ੀਰਕਪੁਰ ਵਿੱਚ ਕਰੋਨਾ ਦੇ 10 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿਚ ਇਕ ਮਰੀਜ਼ ਜ਼ੀਰਕਪੁਰ ਦੇ ਬਲਟਾਣਾ ਖੇਤਰ ਦੀ 29 ਸਾਲਾਂ ਦੀ ਔਰਤ ਸ਼ਾਮਲ ਹੈ। ਜਦਕਿ ਬਾਕੀ 9 ਮਰੀਜ਼ ਡੇਰਾਬੱਸੀ ਦੇ ਪਿੰਡ ਬੇਹੜਾ ਵਿਖੇ ਸਥਿਤ ਮੀਟ ਪਲਾਂਟ ਦੇ ਕਰਮੀ ਹਨ। ਇਸ ਤੋਂ ਪਹਿਲਾਂ ਮੀਟ ਪਲਾਂਟ ਦੇ ਜੀਐਮ ਸਮੇਤ 7 ਕਰਮੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਮੀਟ ਪਲਾਂਟ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ 16 ਹੋ ਗਈ ਹੈ। ਮੀਟ ਪਲਾਂਟ ਦੇ ਵਿੱਚ ਸਬ ਤੋਂ ਪਹਿਲਾਂ ਉਥੇ ਲੱਗੀ ਲੜਕੀ ਦੀ ਰਿਪੋਰਟ ਪਾਜ਼ੇਟਿਵ ਆਈ ਸੀ ਜਿਸ ਮਗਰੋਂ ਕੰਪਨੀ ਦੇ ਜੀ ਐਮ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਸਿਹਤ ਵਿਭਾਗ ਵੱਲੋਂ ਜੀ ਐਮ ਦੇ ਏਟੀਐਸ ਸੁਸਾਇਟੀ ਵਸਨੀਕ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਲੰਘੇ ਦਿਨੀਂ ਸਿਹਤ ਵਿਭਾਗ ਵਲੋਂ 10 ਹੋਰ ਸੈਂਪਲ ਲਏ ਸੀ ਜਿਨ੍ਹਾਂ ਵਿਚੋਂ ਉਥੇ ਕੰਮ ਕਰਦੀ 5 ਮਹਿਲਾ ਕਰਮੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ।ਡੇਰਾਬੱਸੀ ਵਿੱਚ ਕਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਲੰਘੇ ਦਿਨਾਂ ਤੋਂ ਖੇਤਰ ਵਿੱਚ ਰੋਜ਼ਾਨਾ ਨਵੇਂ ਮਾਮਲੇ ਸਾਹਮਣੇ ਆਉਣ ਕਾਰਨ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਜੋ ਸਿਹਤ ਵਿਭਾਗ ਅਤੇ ਇਲਾਕੇ ਦੇ ਲੋਕਾਂ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ।
ਇਸ ਮੀਟ ਪਲਾਂਟ ਦਾ ਸਾਰਾ ਮਾਲ ਬਾਹਰਲੇ ਦੇਸ਼ਾਂ ਵਿੱਚ ਐਕਸਪੋਰਟ ਹੁੰਦਾ ਹੈ। ਇਥੇ ਕਰੋਨਾ ਦੇ ਮਾਮਲੇ ਪਾਜ਼ੇਟਿਵ ਆਉਣ ਮਗਰੋਂ ਉਥੇ ਤਿਆਰ ਹੋ ਰਹੇ ਮਾਲ ਵੀ ਸ਼ੱਕ ਦੇ ਘੇਰੇ ਵਿੱਚ ਆ ਗਿਆ ਹੈ। ਜ਼ਿਕਰਯੋਗ ਹੈ ਕਿ ਮੀਟ ਪਲਾਂਟ ਤੋਂ ਇਲਾਵਾ ਡੇਰਾਬੱਸੀ ਵਿੱਚ ਹੁਣ ਤੱਕ ਇਕ ਨਾਮੀ ਬੀਅਰ ਵਾਲੀ ਫੈਕਟਰੀ ਤੋਂ ਵੀ ਮਰੀਜ਼ ਸਾਹਮਣੇ ਆਏ ਹਨ।