
ਪੋਸਟ ਮੈਟ੍ਰਿਕ ਸਕਾਲਰਸ਼ਿਪ: ਵਿਸ਼ੇਸ਼ ਆਡਿਟ ਦੌਰਾਨ ਵੱਡੇ ਪੱਧਰ ’ਤੇ ਘਪਲੇ ਸਾਹਮਣੇ ਆਏ: ਧਰਮਸੋਤ
ਭਲਾਈ ਮੰਤਰੀ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿੱਚ ਘਪਲੇ ਦੇ ਦੋਸ਼ ਹੇਠ 2 ਅਧਿਕਾਰੀ ਮੁਅੱਤਲ
ਘਪਲੇਬਾਜ਼ ਸਿੱਖਿਆ ਸੰਸਥਾਵਾਂ ਵਿਰੁੱਧ ਐਫ.ਆਈ.ਆਰ. ਦਰਜ ਕਰਨ ਦੇ ਹੁਕਮ
ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 2 ਨਵੰਬਰ:
ਪੰਜਾਬ ਦੇ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਤੇ ਘੱਟ ਗਿਣਤੀ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਵਿਭਾਗ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਕਰਵਾਏ ਜਾ ਰਹੇ ਵਿਸ਼ੇਸ਼ ਆਡਿਟ ਦੌਰਾਨ ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਘਪਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿੱਦਿਅਕ ਭਲਾਈ ਸਕੀਮ ’ਚ ਘਪਲੇ ਦੇ ਦੋਸ਼ ਹੇਠ ਅਤੇ ਘਪਲੇਬਾਜ਼ਾਂ ਦਾ ਸਹਿਯੋਗ ਕਰਨ ਅਤੇ ਆਪਣੀ ਡਿਊਟੀ ’ਚ ਅਣਗਹਿਲੀ ਵਰਤਣ ਦੇ ਦੋਸ਼ ’ਚ ਵਿਭਾਗ ਦੇ 2 ਅਧਿਕਾਰੀ ਮੁਅੱਤਲ ਕਰ ਦਿੱਤੇ ਗਏ ਹਨ। ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਮੀਡੀਆਂ ਕਰਮੀਆਂ ਨਾਲ ਗੱਲਬਾਤ ਦੌਰਾਨ ਧਰਮਸੋਤ ਨੇ ਦੱਸਿਆ ਕਿ ਵਿਭਾਗ ਨੇ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਭਰ ਦੀਆਂ ਸਿੱਖਿਆ ਸੰਸਥਾਵਾਂ ਦਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਫ਼ਾਰ ਐਸ.ਸੀ ਅਤੇ ਓ.ਬੀ.ਸੀ. ਦਾ ਸਾਲ 2011-12 ਤੋਂ 2016-17 ਤੱਕ ਸਪੈਸ਼ਲ ਆਡਿਟ ਕਰਨ ਦੇ 16 ਜੂਨ, 2017 ਨੂੰ ਦਿੱਤੇ ਗਏ ਆਦੇਸ਼ਾਂ ਅਨੁਸਾਰ ਵਿੱਤ ਵਿਭਾਗ ਵੱਲੋਂ ਵਿੱਦਿਅਕ ਸੰਸਥਾਵਾਂ ਦੇ ਰਿਕਾਰਡ ਅਤੇ ਅਕਾਊੁਂਟ ਨੂੰ ਚੈੱਕ ਕੀਤਾ ਜਾ ਰਿਹਾ ਹੈ ਅਤੇ ਇਹ ਸਪੈਸ਼ਲ ਆਡਿਟ ਨੂੰ 31 ਦਸੰਬਰ, 2017 ਤੱਕ ਮੁਕੰਮਲ ਕਰ ਦਿੱਤਾ ਜਾਵੇਗਾ।
ਘਪਲਿਆਂ ਦਾ ਪਰਦਾਫ਼ਾਸ਼ ਕਰਦਿਆਂ ਭਲਾਈ ਮੰਤਰੀ ਨੇ ਦੱਸਿਆ ਕਿ ਪੋਸਟ-ਮੈਟ੍ਰਿਕ ਸਕਾਲਰਸ਼ਿਪ ਫਾਰ ਓ.ਬੀ.ਸੀ. ਸਕੀਮ ਤਹਿਤ ‘ਯੂਨੀਵਰਸਲ ਕਾਲਜ, ਡੇਰਾਬੱਸੀ’ ਵੱਲੋਂ 311 ਓ.ਬੀ.ਸੀ. ਦੇ ਜਾਅਲੀ ਵਿਦਿਆਰਥੀਆਂ ਦੇ ਨਾਂ ’ਤੇ 1.18 ਕਰੋੜ ਦਾ ਕਲੇਮ ਭਲਾਈ ਵਿਭਾਗ ਤੋਂ ਕੀਤਾ ਗਿਆ ਸੀ, ਜਿਸ ਵਿੱਚ ਵਿਭਾਗ ਵੱਲੋਂ ਉਚੇਚੀ ਜਾਂਚ ਕੀਤੀ ਗਈ ਅਤੇ ਹੁਣ ਇਸ ਕਾਲਜ ਨੇ 1 ਕਰੋੜ 17 ਲੱਖ 62 ਹਜ਼ਾਰ ਦੀ ਰਾਸ਼ੀ ਭਲਾਈ ਵਿਭਾਗ ਨੂੰ ਵਾਪਸ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ’ਚ ਘਪਲਾ ਕਰਨ ਵਿੱਚ ਸਹਿਯੋਗ ਕਰਨ ਅਤੇ ਆਪਣੀ ਡਿਊਟੀ ’ਚ ਅਣਗਹਿਲੀ ਵਰਤਣ ਦੇ ਦੋਸ਼ ਹੇਠ ਭਲਾਈ ਵਿਭਾਗ ਦੇ ਮੁੱਖ ਦਫ਼ਤਰ ਦੇ ਤਹਿਸੀਲ ਭਲਾਈ ਅਫ਼ਸਰ ਸਨੀ ਬਜਾਜ ਤੇ ਸੀਨੀਅਰ ਸਹਾਇਕ ਸਤੀਸ਼ ਕੁਮਾਰ ਨੂੰ ਸਸਪੈਂਡ ਕਰਕੇ ਚਾਰਜਸ਼ੀਟ ਕੀਤਾ ਗਿਆ ਹੈ।
ਭਲਾਈ ਮੰਤਰੀ ਨੇ ਅੱਗੇ ਦੱਸਿਆ ਕਿ ਇਸ ਵਿਸ਼ੇਸ਼ ਆਡਿਟ ਦੌਰਾਨ ਫ਼ਿਰੋਜ਼ਪੁਰ ਦੇ ਦੇਵਰਾਜ ਗਰੁੱਪ ਆਫ਼ ਕਾਲਜ਼ਿਜ ਵਲੋਂ ਵੀ ਜਾਅਲੀ ਵਿਦਿਆਰਥੀ ਵਿਖਾ ਕੇ 4.40 ਕਰੋੜ ਦੀ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਸੰਸਥਾ ਨੇ 4.40 ਕਰੋੜ ਦੀ ਰਾਸ਼ੀ ਭਲਾਈ ਵਿਭਾਗ ਵੱਲ ਬਕਾਇਆ ਹੋਣ ਸਬੰਧੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਕੋਲ ਪਹੁੰਚ ਕੀਤੀ ਸੀ। ਜਦੋਂ ਮਾਣਯੋਗ ਹਾਈਕੋਰਟ ਦੇ ਆਦੇਸ਼ਾਂ ’ਤੇ ਇਸ ਸੰਸਥਾ ਦਾ ਵਿਸ਼ੇਸ਼ ਆਡਿਟ ਕਰਵਾਇਆ ਗਿਆ ਤਾਂ ਇਸ ਸੰਸਥਾ ਦਾ 4.40 ਕਰੋੜ ਦੀ ਰਾਸ਼ੀ ਦਾ ਕਲੇਮ ਜਾਅਲੀ ਪਾਇਆ ਗਿਆ। ਭਲਾਈ ਮੰਤਰੀ ਨੇ ਉਕਤ ਦੋਵੇਂ ਸਿੱਖਿਆ ਸੰਸਥਾਵਾਂ ’ਤੇ ਐਫ਼.ਆਈ.ਆਰ. ਦਰਜ ਕਰਨ ਦੇ ਆਦੇਸ਼ ਦਿੱਤੇ ਹਨ। ਸ੍ਰੀ ਧਰਮਸੋਤ ਨੇ ਦੱਸਿਆ ਕਿ ਮਾਣਯੋਗ ਮੁੱਖ ਮੰਤਰੀ ਦੇ ਹੁਕਮਾਂ ਅਨੁਸਾਰ ਵਿੱਤ ਵਿਭਾਗ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ ਐਸ.ਸੀ ਸਕੀਮ ਤਹਿਤ ਹੁਣ ਤੱਕ 249 ਸੰਸਥਾਵਾਂ ਦਾ ਆਡਿਟ ਮੁਕੰਮਲ ਹੋ ਚੁੱਕਾ ਹੈ ਅਤੇ ਆਡਿਟ ਪਾਰਟੀਆਂ ਵੱਲੋਂ 249 ਸੰਸਥਾਵਾਂ ਵੱਲ 53.76 ਕਰੋੜ ਦੀ ਰਾਸ਼ੀ ਕਲੇਮ ਕੀਤੀ ਗਈ ਹੈ।
ਆਡਿਟ ਪਾਰਟੀਆਂ ਨੇ ਇਹ ਇਤਰਾਜ਼ਯੋਗ ਰਾਸ਼ੀ ਵੱਖ-ਵੱਖ ਸਿੱਖਿਆ ਸੰਸਥਾਂਵਾਂ ਵੱਲ ਕੱਢੀ ਹੈ, ਜਿਸ ਵਿੱਚ ਡਰਾਪ ਆਊਟ ਸਟੂਡੈਂਟ, ਵਿਦਿਆਰਥੀਆਂ ਵੱਲੋਂ ਬਿਨਾਂ ਦਸਤਖ਼ਤ ਕੀਤੀਆਂ ਅਰਜ਼ੀਆਂ, ਬਿਨਾਂ ਜਾਤੀ ਤੇ ਆਮਦਨ ਸਰਟੀਫਿਕੇਟ ਅਤੇ ਰੀਨਊਲ ਵਿਦਿਆਰਥੀਆਂ ਨੂੰ ਬਿਨਾਂ ਐਕਨੋਲੇਜਮੈਂਟ ਤੋਂ ਵੱਖ-ਵੱਖ ਸਿੱਖਿਆ ਸੰਸਥਾਵਾਂ ਦੁਆਰਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ ਐਸ.ਸੀ. ਸਕੀਮ ਤਹਿਤ ਵਜ਼ੀਫ਼ੇ ਦਾ ਕਲੇਮ ਕੀਤਾ ਗਿਆ ਸੀ। ਭਲਾਈ ਮੰਤਰੀ ਨੇ ਦੱਸਿਆ ਕਿ ਵਿਭਾਗ ਵਲੋਂ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਅਸ਼ੀਰਵਾਦ ਸਕੀਮ (ਸ਼ਗਨ ਸਕੀਮ) ਤਹਿਤ ਪਿਛਲੇ ਪੰਜ ਸਾਲਾਂ ਦੌਰਾਨ ਜਾਰੀ ਰਾਸ਼ੀ ਦਾ ਆਡਿਟ ਦੂਜੇ ਵਿਭਾਗ ਤੋ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਚਾਲੂ ਸਾਲ 2017 ਤੋ ਲਾਭਪਾਤਰੀਆਂ ਨੂੰ ਚੈਕ ਦੁਆਰਾ ਕੀਤੀ ਜਾਂਦੀ ਅਦਾਇਗੀ ਬੰਦ ਕਰਕੇ ਆਨਲਾਈਨ ਬੈਂਕਿੰਗ ਮੈਨੇਜਮੈਂਟ ਸਿਸਟਮ ਰਾਹੀਂ ਰਾਸ਼ੀ ਲਾਭਪਾਤਰੀਆਂ ਦੇ ਖਾਤੇ ਵਿੱਚ ਸਿੱਧੀ ਟਰਾਂਸਫਰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 1 ਅਪਰੈਲ, 2017 ਤੋ ਅਸ਼ੀਰਵਾਦ ਸਕੀਮ ਤਹਿਤ ਅਪਲਾਈ ਕਰਨ ਵਾਲੇ ਲਾਭਪਾਤਰੀਆਂ ਨੂੰ 21,000 ਰੁਪਏ ਦੀ ਰਾਸ਼ੀ ਅਤੇ ਉਸ ਤੋ ਪਹਿਲੇ ਭਾਵ 31 ਮਾਰਚ, 2017 ਤੱਕ ਅਪਲਾਈ ਕਰ ਚੁੱਕੇ ਲਾਭਪਾਤਰੀਆਂ ਨੂੰ 15,000 ਰੁਪਏ ਦੇ ਹਿਸਾਬ ਨਾਲ ਸਕੀਮ ਦਾ ਲਾਭ ਦਿੱਤਾ ਜਾਵੇਗਾ।
ਇਸ ਤੋਂ ਪਹਿਲਾਂ ਵਿਭਾਗੀ ਅਧਿਕਾਰੀਆਂ ਦੀ ਉੱਚ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਧਰਮਸੋਤ ਨੇ ਕਿਹਾ ਹੈ ਕਿ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵਿਭਿੰਨ ਭਲਾਈ ਸਕੀਮਾਂ ਨੂੰ ਸਬੰਧਤਾਂ ਤੱਕ ਪਹੁੰਚਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਨਾਲ ਸਬੰਧਤ ਸਮੁੱਚੀਆਂ ਭਲਾਈ ਸਕੀਮਾਂ ਸਚਾਰੂ ਢੰਗ ਨਾਲ ਲਾਗੂ ਕੀਤੇ ਜਾਣ ਦੀ ਜ਼ਰੂਰਤ ਹੈ ਤਾਂ ਜੋ ਇਨ੍ਹਾਂ ਦਾ ਲਾਭ ਯੋਗ ਵਿਅਕਤੀਆਂ ਤੱਕ ਪਹੁੰਚਾਇਆ ਜਾ ਸਕੇ। ਉਨ੍ਹਾਂ ਨੇ ਵਿਭਾਗੀ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਭਲਾਈ ਸਕੀਮਾਂ ਦਾ ਲਾਭ ਯੋਗ ਵਿਅਕਤੀਆਂ ਨੂੰ ਦੇਣ ਦੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨੀ ਯਕੀਨੀ ਬਣਾਈ ਜਾਵੇ ਤਾਂ ਜੋ ਕਿਸੇ ਕਿਸਮ ਦੀ ਅਣਗਹਿਲੀ ਜਾਂ ਬੇਲੋੜੀ ਦੇਰੀ ਨਾ ਹੋਵੇ। ਇਸ ਮੌਕੇ ਭਲਾਈ ਵਿਭਾਗ, ਪੰਜਾਬ ਦੇ ਪ੍ਰਮੁੱਖ ਸਕੱਤਰ ਸ੍ਰੀ ਆਰ. ਵੈਂਕਟ ਰਤਨਮ, ਡਾਇਰੈਕਟਰ ਸ੍ਰੀ ਮਾਲਵਿੰਦਰ ਸਿੰਘ ਜੱਗੀ, ਡਾਇਰੈਕਟਰ ਐਸ.ਸੀ. ਸਬ-ਪਲਾਨ ਸ੍ਰੀ ਰਾਜ ਬਹਾਦਰ ਸਿੰਘ, ਭਲਾਈ ਵਿਭਾਗ ਦੇ ਸਮੂਹ ਸੰਯੁਕਤ ਡਾਇਰੈਕਟਰਜ਼, ਡਿਪਟੀ ਡਾਇਰੈਕਟਰਜ਼ ਅਤੇ ਸਮੂਹ ਜ਼ਿਲ੍ਹਿਆਂ ਦੇ ਭਲਾਈ ਅਫ਼ਸਰ ਹਾਜ਼ਰ ਸਨ।