
ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ: ਸਰਕਾਰ ਨੇ ਪ੍ਰਾਈਵੇਟ ਕਾਲਜਾਂ ਨੂੰ ਨਹੀਂ ਦਿੱਤੀ 660 ਕਰੋੜ ਦੀ ਵਜ਼ੀਫ਼ਾ ਰਾਸ਼ੀ
ਪੁੱਕਾ ਦੇ ਪ੍ਰਧਾਨ ਅੰਸ਼ੂ ਕਟਾਰੀਆਂ ਨੇ ਕੀਤੀ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨਾਲ ਮੁਲਾਕਾਤ, ਬਕਾਇਆ ਰਾਸ਼ੀ ਰਿਲੀਜ਼ ਕਰਨ ਦੀ ਮੰਗ
ਵਜ਼ੀਫ਼ਾ ਰਾਸ਼ੀ ਵਿੱਚ ਦੇਰੀ ਲਈ ਅਧਿਕਾਰੀਆਂ ਦੀ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਵਿਜੇ ਸਾਂਪਲਾ
ਨਿਊਜ਼ ਡੈਸਕ, ਮੁਹਾਲੀ, 13 ਦਸੰਬਰ
ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਵਾਲੇ ਪ੍ਰਾਈਵੇਟ ਕਾਲਜ ਅਤੇ ਹੋਰ ਬਹੁਤ ਸਾਰੀਆਂ ਤਕਨੀਕੀ ਸੰਸਥਾਵਾਂ ਅੱਜ ਆਰਥਿਕ ਮੰਦਹਾਲੀ ਦੇ ਦੌਰ ’ਚੋਂ ਲੰਘ ਰਹੀਆਂ ਹਨ। ਹਾਲਾਂਕਿ ਸਰਕਾਰ ਵੱਲੋਂ ਗ਼ਰੀਬ ਵਰਗ ਦੇ ਵਿਦਿਆਰਥੀਆਂ ਦੀ ਭਲਾਈ ਲਈ ਲਾਗੂ ਕੀਤੀ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਨੂੰ ਕਾਮਯਾਬ ਕਰਨ ਵਿੱਚ ਇਨ੍ਹਾਂ ਸੰਸਥਾਵਾਂ ਨੇ ਵਡਮੁੱਲਾ ਯੋਗਦਾਨ ਪਾਇਆ ਹੈ ਪ੍ਰੰਤੂ ਸਕਾਲਰਸ਼ਿਪ ਰਾਸ਼ੀ ਸਮੇਂ ਸਿਰ ਨਾ ਜਾਰੀ ਹੋਣ ਕਾਰਨ ਬਹੁਤ ਸਾਰੀਆਂ ਸੰਸਥਾਵਾਂ ਵਿੱਤੀ ਸੰਕਟ ਵਿੱਚ ਘਿਰ ਗਈਆਂ ਹਨ। ਕਾਲਜਾਂ ਦੇ ਪ੍ਰਬੰਧਕ ਵੀ ਕਾਫੀ ਦੁਬਿਧਾ ਵਿੱਚ ਹਨ।
ਇਸ ਸਬੰਧੀ ਪੰਜਾਬ ਅਨਏਡਿਡ ਕਾਲਜਿਜ਼ ਐਸੋਸੀਏਸ਼ਨ (ਪੁੱਕਾ) ਨੇ ਸਰਕਾਰ ਤੋ ਮੰਗ ਕੀਤੀ ਹੈ ਕਿ ਪੰਜਾਬ ਦੇ ਪ੍ਰਾਈਵੇਟ ਕਾਲਜਾਂ ਨੂੰ ਦਿੱਤੀ ਜਾਣ ਵਾਲੀ ਪੋਸਟ ਮੈਟਰਿਕ ਸਕਾਲਰਸ਼ਿਪ ਦੀ ਰਕਮ ਤੁਰੰਤ ਜਾਰੀ ਕੀਤੀ ਜਾਵੇ। ਸੰਸਥਾ ਦੇ ਸੂਬਾਈ ਪ੍ਰਧਾਨ ਅੰਸ਼ੂ ਕਟਾਰੀਆ ਨੇ ਦੱਸਿਆ ਕਿ ਸਰਕਾਰ ਨੇ ਪੋਸਟ ਮੈਟਰਿਕ ਸਕਾਲਰਸ਼ਿਪ ਤਹਿਤ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੇ ਬੱਚਿਆਂ ਨੂੰ ਦਿੱਤੀ ਜਾ ਰਹੀ ਮੁਫ਼ਤ ਮਿਆਰੀ ਸਿੱਖਿਆ ਬਦਲੇ 660 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਨਹੀਂ ਦਿੱਤੀ ਹੈ। ਜਿਸ ਕਾਰਨ ਕਾਲਜਾਂ ’ਤੇ ਪੈਣ ਵਾਲਾ ਵਿੱਤੀ ਬੋਝ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਓਬੀਸੀ ਵਿਦਿਆਰਥੀਆਂ ਲਈ ਵੀ ਸਰਕਾਰ ਨੇ ਕੋਈ ਪੈਸਾ ਜਾਰੀ ਨਹੀਂ ਕੀਤਾ ਗਿਆ ਹੈ ਜਦੋਂ ਕਿ ਹਿਮਾਚਲ ਪ੍ਰਦੇਸ਼ ਅਤੇ ਬਿਹਾਰ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਪੂਰੀ ਰਾਸ਼ੀ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਹੈ।
ਸ੍ਰੀ ਕਟਾਰੀਆ ਨੇ ਦੱਸਿਆ ਕਿ ਬੀਤੇ ਦਿਨੀਂ ਪੁੱਕਾ ਦੇ ਵਫ਼ਦ ਨੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨਾਲ ਮੁਲਾਕਾਤ ਕਰਕੇ ਵਜ਼ੀਫ਼ਾ ਰਾਸੀ ਰਿਲੀਜ਼ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਤੋਂ ਪੰਜਾਬ ਵਿੱਚ ਸਾਲ 2015-16 ਦੀ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਦੇ ਅਧੀਨ ਦਲਿਤ ਬੱਚਿਆਂ ਦੀ ਪੜ੍ਹਾਈ ਦੇ ਬਕਾਇਆ 345 ਕਰੋੜ ਰੁਪਏ ਤੁਰੰਤ ਦਿੱਤੇ ਜਾਣ। ਇਹੀ ਨਹੀਂ ਮੌਜੂਦਾ ਸੈਸ਼ਨ ਸਾਲ 2016-17 ਦੇ ਵੀ 315 ਕਰੋੜ ਰੁਪਏ ਸਰਕਾਰ ਵੱਲ ਖੜੇ ਹਨ। ਉਨ੍ਹਾਂ ਦੱਸਿਆ ਕਿ ਬਕਾਇਆ ਪੈਸੇ ਲੈਣ ਲਈ ਰਾਜ ਸਰਕਾਰ ਨੂੰ ਕਈ ਵਾਰ ਕੇਂਦਰ ਸਰਕਾਰ ਲਿਖਿਆ ਜਾ ਚੁੱਕਾ ਹੈ। ਲੇਕਿਨ ਹੁਣ ਤੱਕ ਇੱਕ ਧੇਲਾ ਵੀ ਨਹੀਂ ਮਿਲਿਆ ਹੈ।
ਇਸ ਮੌਕੇ ਸ੍ਰੀ ਵਿਜੇ ਸਾਂਪਲਾ ਨੇ ਪ੍ਰਾਈਵੇਟ ਕਾਲਜਾਂ ਦੇ ਵਫ਼ਦ ਦੀਆਂ ਸਮੱਸਿਆਵਾਂ ਨੂੰ ਬੜੇ ਧਿਆਨ ਨਾਲ ਸੁਣਿਆ। ਉਨ੍ਹਾਂ ਭਰੋਸਾ ਦਿੱਤਾ ਕਿ ਸਿੱਖਿਆ ਅਦਾਰਿਆਂ ਨੂੰ ਵਿੱਤੀ ਘਾਟੇ ’ਚੋਂ ਬਾਹਰ ਕੱਢਣ ਲਈ ਗ਼ਰੀਬ ਬੱਚਿਆਂ ਦੀ ਪੜ੍ਹਾਈ ਦੇ ਬਕਾਇਆ ਪੈਸੇ ਜਲਦੀ ਰਿਲੀਜ਼ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਬਕਾਇਆ ਰਾਸ਼ੀ ਜਾਰੀ ਨਾ ਹੋਣ ਦੇ ਕੀ ਕਾਰਨ ਰਹੇ ਹਨ। ਉਨ੍ਹਾਂ ਸਪੱਸ਼ਟ ਕਿਹਾ ਕਿ ਜੇਕਰ ਅਧਿਕਾਰੀਆਂ ਦੇ ਪੱਧਰ ’ਤੇ ਕੋਈ ਅਣਗਹਿਲੀ ਹੋਈ ਤਾਂ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।