Nabaz-e-punjab.com

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਮੁਹਾਲੀ ਵਿੱਚ ਲੱਗੇ ਗੁੰਮਨਾਮ ਪੋਸਟਰ

ਸਿਆਸੀ ਆਗੂਆਂ ਨੂੰ ਸਟੇਜਾਂ ’ਤੇ ਸੋਚ ਸਮਝ ਕੇ ਬਿਆਨ ਦਾਗਣੇ ਚਾਹੀਦੇ ਹਨ: ਡਾ. ਚੀਮਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੂਨ:
ਪੰਜਾਬ ਦੇ ਬਹੁ-ਚਰਚਿਤ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਸੂਬੇ ਦੀ ਰਾਜਧਾਨੀ ਦੀ ਬਿਲਕੁਲ ਜੂਹ ਵਿੱਚ ਵਸਦੇ ਮੁਹਾਲੀ ਵਿੱਚ ਜਨਤਕ ਥਾਵਾਂ ’ਤੇ ਸ੍ਰੀ ਸਿੱਧੂ ਦੇ ਅਸਤੀਫ਼ੇ ਬਾਰੇ ਗੁਮਨਾਮ ਇਸ਼ਤਿਹਾਰ ਲਗਾਏ ਗਏ। ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਵਿੱਚ ਲੱਗੇ ਇਨ੍ਹਾਂ ਇਸ਼ਤਿਹਾਰਾਂ ’ਤੇ ਲਿਖਿਆ ਗਿਆ ਹੈ ਕਿ ‘ਮੈਂ ਰਾਜਨੀਤੀ ਛੱਡਾਂਗਾ’, ਜੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅਮੇਠੀ ਨੂੰ ਗੁਆ ਦਿੱਤਾ। ਨਵਜੋਤ ਸਿੰਘ ਸਿੱਧੂ ਤੁਸੀਂ ਕਦੋਂ ਰਾਜਨੀਤੀ ਛੱਡੋਗੇ?? ਹੁਣ ਸਮਾਂ ਆ ਗਿਆ ਹੈ, ਤੁਹਾਡੇ ਸ਼ਬਦਾਂ ਨੂੰ ਪੁਗਾਉਣ ਦਾ, ਅਸੀਂ ਤੁਹਾਡੇ ਅਸਤੀਫ਼ੇ ਦੀ ਉਡੀਕ ਕਰ ਰਹੇ ਹਾਂ? ਇਸ ਮੌਕੇ ਪ੍ਰਿੰਟ ਮੀਡੀਆ ਅਤੇ ਇਲੈਕਟ੍ਰਾਨਿਕ ਮੀਡੀਆ ਨਾਲ ਜੁੜੇ ਪੱਤਰਕਾਰਾਂ ਨੇ ਵਾਰੋ ਵਾਰੀ ਸ੍ਰੀ ਨਵਜੋਤ ਸਿੰਘ ਸਿੱਧੂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਸ੍ਰੀ ਸਿੱਧੂ ਨੇ ਕਿਸੇ ਪੱਤਰਕਾਰ ਦਾ ਫੋਨ ਨਹੀਂ ਚੁੱਕਿਆ।
ਅੱਜ ਇੱਥੋਂ ਦੇ ਚਾਵਲਾ ਪੈਟਰੋਲ ਲਾਗੇ ਮੋੜ ’ਤੇ ਇਕ ਨੋਟਿਸ ਬੋਰਡ ’ਤੇ ਇਸ ਤਰ੍ਹਾਂ ਦੇ ਇਸ਼ਤਿਹਾਰ ਲੱਗੇ ਦੇਖ ਕੇ ਰਾਹਗੀਰਾਂ ਦਾ ਉੱਥੇ ਤਾਂਤਾ ਲੱਗ ਗਿਆ। ਹਰ ਕੋਈ ਬੜੀ ਬਰੀਕੀ ਨਾਲ ਇਨ੍ਹਾਂ ਇਸ਼ਤਿਹਾਰਾਂ ਨੂੰ ਪੜ੍ਹ ਰਿਹਾ ਸੀ ਅਤੇ ਆਪਣੇ ਨਾਲ ਖੜੇ ਵਿਅਕਤੀ ਨੂੰ ਇਹ ਪੁੱਛ ਰਿਹਾ ਸੀ ਕਿ ਇਹ ਕੀ ਮਾਜਰਾ ਹੈ। ਕਈ ਲੋਕਾਂ ਦਾ ਕਹਿਣਾ ਸੀ ਕਿ ਇਹ ਮੁੱਖ ਮੰਤਰੀ ਦੇ ਚਮਚਿਆਂ ਦਾ ਕਾਰਾ ਹੈ ਜਦੋਂਕਿ ਕੁਝ ਲੋਕ ਇਹ ਵੀ ਕਹਿੰਦੇ ਸੁਣੇ ਕਿ ਹੋ ਸਕਦਾ ਹੈ ਕਿ ਨਵਜੋਤ ਸਿੱਧੂ ਨੇ ਚਰਚਾ ਵਿੱਚ ਰਹਿਣ ਲਈ ਇਹ ਸ਼ੋਸ਼ਾ ਛੱਡਿਆ ਹੋ ਸਕਦਾ ਹੈ?
ਜਾਣਕਾਰੀ ਅਨੁਸਾਰ ਲੋਕਾਂ ਸਭਾ ਚੋਣਾਂ ਤੋਂ ਬਾਅਦ ਸ੍ਰੀ ਸਿੱਧੂ ਆਪਣੀ ਪਾਰਟੀ ਦੇ ਆਗੂਆਂ ਅਤੇ ਵਿਰੋਧੀ ਧਿਰ ਦੇ ਨਿਸ਼ਾਨੇ ’ਤੇ ਹਨ। ਹਾਲਾਂਕਿ ਸ੍ਰੀ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਪਹਿਲਾਂ ਹੀ ਦੂਰੀਆਂ ਸਨ ਪ੍ਰੰਤੂ ਪਿਛਲੇ ਦਿਨੀਂ ਮੁੱਖ ਮੰਤਰੀ ਵੱਲੋਂ ਸ੍ਰੀ ਸਿੱਧੂ ਤੋਂ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਵਿਭਾਗ ਖੋਹ ਕੇ ਉਨ੍ਹਾਂ ਨੂੰ ਬਿਜਲੀ ਮਹਿਕਮਾ ਦੇਣ ਕਾਰਨ ਦੋਵੇਂ ਆਗੂਆਂ ਵਿੱਚ ਪਾੜਾ ਕਾਫੀ ਵਧ ਗਿਆ ਹੈ। ਹਾਲੇ ਤੱਕ ਸ੍ਰੀ ਸਿੱਧੂ ਨੇ ਆਪਣੇ ਨਵੇਂ ਵਿਭਾਗ ਦਾ ਚਾਰਜ ਵੀ ਨਹੀਂ ਸੰਭਾਲਿਆ ਹੈ। ਜਿਸ ਕਾਰਨ ਕੈਪਟਨ ਨੇ ਖ਼ੁਦ ਨੇ ਪਾਵਰਕੌਮ ਵਿਭਾਗ ਦੀ ਨਿਗਰਾਨੀ ਦਾ ਬੀੜਾ ਚੁੱਕਿਆ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ (ਬ) ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਆਪਣੀ ਟਿੱਪਣੀ ਵਿੱਚ ਕਿਹਾ ਕਿ ਸਿਆਸੀ ਆਗੂਆਂ ਨੂੰ ਸਟੇਜ ’ਤੇ ਬੋਲਣ ਲੱਗਿਆ ਬਹੁਤ ਸੋਚ ਸਮਝ ਕੇ ਬਿਆਨ ਦਾਗਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸ੍ਰੀ ਸਿੱਧੂ ਨੇ ਉਕਤ ਬਿਆਨਬਾਜ਼ੀ ਕੀਤੀ ਹੈ ਤਾਂ ਉਨ੍ਹਾਂ ਨੂੰ ਲੋਕਾਂ ਦੇ ਸਵਾਲਾਂ ਦੇ ਜਵਾਬ ਤਾਂ ਦੇਣੇ ਹੀ ਪੈਣਗੇ। ਉਨ੍ਹਾਂ ਸਿੱਧੂ ਨੂੰ ਇਹ ਵੀ ਸਲਾਹ ਦਿੱਤੀ ਕਿ ਜੇਕਰ ਅਸਤੀਫ਼ਾ ਨਹੀਂ ਦੇਣਾ ਤਾਂ ਜਨਤਕ ਤੌਰ ’ਤੇ ਮੁਆਫ਼ੀ ਮੰਗ ਲੈਣ ਅਤੇ ਕਹਿ ਦੇਣ ਕਿ ਉਨ੍ਹਾਂ ਦੇ ਮੰੂਹੋਂ ਐਵੇਂ ਹੀ ਗੱਲ ਨਿਕਲ ਗਈ ਸੀ। ਡਾ. ਚੀਮਾ ਨੇ ਕਿਹਾ ਕਿ ਕਾਂਗਰਸ ਝੂਠਿਆਂ ਦੀ ਪਾਰਟੀ ਹੈ। ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਝੂਠੀ ਸਹੁੰ ਚੁੱਕੀ ਸੀ ਲੇਕਿਨ ਹੁਣ ਆਪਣੇ ਵਾਅਦੇ ਤੋਂ ਮੁਕਰ ਗਏ ਹਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…