
ਸੂਫ਼ੀ ਗਾਇਕ ਬਲਬੀਰ ਸੂਫ਼ੀ ਦੇ ਨਵੇਂ ਗੀਤ ‘ਧੀਆਂ’ ਦਾ ਪੋਸਟਰ ਰਿਲੀਜ਼
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਮਈ:
ਰਾਣਾ ਜੀ ਪੀਬੀ-65 ਫਿਲਮ ਪ੍ਰੋਡਕਸ਼ਨ ਵੱਲੋਂ ਪ੍ਰਸਿੱਧ ਗਾਇਕ ਸੂਫੀ ਬਲਬੀਰ ਦੇ ਗੀਤ ਧੀਆਂ ਦੀ ਘੁੰਡ ਚੁਕਾਈ ਕਰਦਿਆਂ ਲੋਕ ਗਾਇਕ ਬਾਈ ਹਰਦੀਪ ਅਤੇ ਰਾਣਾ ਜੀਪੀਬੀ-65 ਫਿਲਮ ਪ੍ਰੋਡਕਸ਼ਨ ਦੇ ਡਾਇਰੈਕਟਰ ਰਣਜੀਤ ਸਿੰਘ ਰਾਣਾ ਵੱਲੋਂ ਸਾਂਝੇ ਤੌਰ ’ਤੇ ਰਿਲੀਜ਼ ਕੀਤਾ ਗਿਆ। ਇਸ ਸਬੰਧੀ ਪੱਤਰਕਾਰ ਸੰਮੇਲਨ ਦੌਰਾਨ ਲੋਕ ਗਾਇਕ ਬਾਈ ਹਰਦੀਪ ਨੇ ਕਿਹਾ ਕਿ ਅੱਜ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਵੰਨਗੀਆਂ ਦਿਨ ਪ੍ਰਤੀ ਦਿਨ ਅਲੋਪ ਹੁੰਦੀਆਂ ਜਾ ਰਹੀਆਂ ਹਨ ਜਿਸ ਲਈ ਸਾਨੂੰ ਸਭਨਾਂ ਨੂੰ ਮਿਲ ਕੇ ਪੰਜਾਬੀ ਸਭਿਆਚਾਰ ਦੀ ਸੰਜੀਦਗੀ ਨਾਲ ਸੇਵਾ ਕਰਨੀ ਚਾਹੀਦੀ ਹੈ। ਤਾਂ ਕਿ ਨੌਜਵਾਨ ਪੀੜ੍ਹੀ ਸਾਡੇ ਪੁਰਾਤਨ ਤੇ ਅਮੀਰ ਸਭਿਆਚਾਰ ਨੂੰ ਸਮਝ ਸਕੇ ਤੇ ਸਹੀ ਮਾਇਨਿਆਂ ਵਿੱਚ ਸੰਭਾਲ ਵੀ ਸਕੇ।
ਇਸ ਮੌਕੇ ਪ੍ਰੋਡਿਊਸਰ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਉਹ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਸੁਦਾਈ ਹਨ। ਪੰਜਾਬੀ ਸੱਭਿਆਚਾਰ ਦੀ ਸੇਵਾ ਲਈ ਕੰਮ ਕਰਦੇ ਰਹਿਣਗੇ ਤੇ ਵਧੀਆ ਗੀਤ ਪੰਜਾਬੀ ਜਗਤ ਦੀ ਝੋਲੀ ਵਿਚ ਪਾਏ ਜਾਣਗੇ। ਇਸ ਮੌਕੇ ਗਾਇਕ ਸੂਫੀ ਬਲਬੀਰ ਤੋਂ ਇਲਾਵਾ ਵੀਡੀਓ ਡਾਇਰੈਕਟਰ ਬੌਬੀ ਬਾਜਵਾ, ਲੋਕ ਗਾਇਕਾ ਆਰ ਦੀਪ ਰਮਨ, ਬਾਈ ਤਰਲੋਚਨ ਸਿੰਘ, ਮਨਜੀਤ ਸਿੰਘ, ਗੁਰਮੀਤ ਸਿੰਘ ਜਗਤਪੁਰ, ਰਾਕੇਸ਼ ਕੁਮਾਰ, ਜਸਪਾਲ ਸਿੰਘ ਵੀ ਹਾਜਰ ਸਨ।