
ਬਿਜਲੀ ਬੋਰਡ ਮੁਲਾਜ਼ਮਾਂ ਵੱਲੋਂ ਪਾਵਰਕੌਮ ਮੈਨੇਜਮੈਂਟ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ
ਪਾਵਰਕੌਮ ਮੈਨੇਜਮੈਂਟ ’ਤੇ ਮੀਟਿੰਗ ਵਿੱਚ ਮੰਨੀਆਂ ਮੰਗਾਂ ਲਾਗੂ ਨਾ ਕਰਨ ਦਾ ਦੋਸ਼
ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜੂਨ:
ਪੀਐਸਈਬੀ ਸੰਯੁਕਤ ਫੋਰਮ ਪੰਜਾਬ ਦੇ ਸੱਦੇ ’ਤੇ ਟੈਕਨੀਕਲ ਸਰਵਸਿਜ ਯੂਨੀਅਨ ਮੰਡਲ ਮੁਹਾਲੀ ਦੇ ਕਰਮਚਾਰੀਆਂ ਨੇ ਅੱਜ ਮੁਲਾਜ਼ਮ ਮੰਗਾਂ ਨੂੰ ਲੈ ਕੇ ਪਾਵਰਕੌਮ ਮੈਨੇਜਮੈਂਟ ਵਿਰੁੱਧ ਅਰਥੀ ਫੂਕ ਮੁਜ਼ਾਹਰਾ ਕੀਤਾ ਅਤੇ ਹੁਕਮਰਾਨਾਂ ਅਤੇ ਉੱਚ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੋਲਦਿਆਂ ਮੰਡਲ ਪ੍ਰਧਾਨ ਓਮ ਕੁਮਾਰ, ਸਕੱਤਰ ਗੁਰਮੇਲ ਸਿੰਘ ਸਿੱਧੂ ਅਤੇ ਸਰਕਲ ਪ੍ਰਧਾਨ ਸੁਰਮੁੱਖ ਸਿੰਘ ਨੇ ਕਿਹਾ ਕਿ ਬੀਤੀ 3 ਸਤੰਬਰ 2019 ਨੂੰ ਪਾਵਰਕੌਮ ਦੇ ਚੇਅਰਮੈਨ ਸਮੇਤ ਉੱਚ ਅਧਿਕਾਰੀਆਂ ਦੀ ਮੁਲਾਜ਼ਮ ਜਥੇਬੰਦੀ ਨਾਲ ਹੋਈ ਮੀਟਿੰਗ ਵਿੱਚ ਕਈ ਮੰਗਾਂ ਮੰਨੀਆਂ ਗਈਆਂ ਸਨ। ਜਿਨ੍ਹਾਂ ਵਿੱਚ 23 ਸਾਲਾ ਦੀ ਸਰਵਿਸ ਹੋਣ ’ਤੇ ਬਿਨਾਂ ਰੈਗੂਲਰ ਅਤੇ ਸੇਵਾਮੁਕਤ ਹੋਏ ਮੁਲਾਜ਼ਮਾਂ ਨੂੰ ਬਿਨਾ ਸ਼ਰਤ ਲਾਭ ਦੇਣਾ, ਪੰਜਾਬ ਸਰਕਾਰ ਦੇ ਬਾਕੀ ਵਿਭਾਗਾਂ ਦੇ ਮੁਲਾਜ਼ਮਾਂ ਦੀ ਤਰਜ਼ ’ਤੇ ਪਾਵਰਕੌਮ ਮੁਲਾਜ਼ਮਾਂ ਨੂੰ ਦਸੰਬਰ 2019 ਪੇ-ਬੈਂਡ ਦੇਣਾ, ਠੇਕੇ ’ਤੇ ਕੰਮ ਕਰਦੇ ਅਤੇ ਸੇਵਾਮੁਕਤ ਕਰਮਚਾਰੀਆਂ ਨੂੰ ਬਿਜਲੀ ਰਿਆਇਤ ਦੇਣਾ ਸ਼ਾਮਲ ਸੀ ਲੇਕਿਨ 9 ਮਹੀਨੇ ਬੀਤ ਜਾਣ ਦੇ ਬਾਵਜੂਦ ਅਜੇ ਤਾਈਂ ਕੋਈ ਮੰਗ ਲਾਗੂ ਨਹੀਂ ਹੋਈ। ਜਿਸ ਕਾਰਨ ਮੁਲਾਜ਼ਮ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਬੁਲਾਰਿਆਂ ਨੇ ਦੱਸਿਆ ਕਿ ਇਸੇ ਸੰਘਰਸ਼ ਦੀ ਲਗਾਤਾਰਤਾ ਵਿੱਚ ਭਲਕੇ 10 ਤੋਂ 30 ਜੂਨ ਤੱਕ ਵਰਕ ਟੂ ਰੂਲ ਲਾਗੂ ਕੀਤਾ ਜਾਵੇਗਾ, ਸੀਐਮਡੀ ਪਾਵਰਕੌਮ ਅਤੇ ਟਰਾਸਕੋ ਸਮੇਤ ਡਾਇਰੈਕਟਰਾਂ ਨੂੰ ਫੀਲਡ ਦੌਰਿਆਂ ਸਮੇਂ ਕਾਲੇ ਝੰਡੇ ਦਿਖਾ ਕੇ ਰੋਸ ਦਿਖਾਵੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ 16 ਜੂਨ ਨੂੰ ਪਾਵਰਕੌਮ ਦੇ ਮੁੱਖ ਦਫ਼ਤਰ ਪਟਿਆਲਾ ਦੇ ਤਿੰਨਾਂ ਗੇਟਾਂ ਅੱਗੇ ਰੋਸ ਵਿਖਾਵੇ ਕੀਤੇ ਜਾਣਗੇ ਅਤੇ ਜੁਲਾਈ ਦੇ ਦੂਜੇ ਹਫ਼ਤੇ ਵਿੱਚ ਇਕ ਰੋਜਾ ਮੁਕੰਮਲ ਹੜਤਾਲ ਕੀਤੀ ਜਾਵੇਗੀ।
ਇਸ ਰੈਲੀ ਵਿੱਚ ਯੂਨੀਅਨ ਦੇ ਮੀਤ ਪ੍ਰਧਾਨ ਮੰਗਲ ਸਿੰਘ, ਸੰਯੁਕਤ ਸਕੱਤਰ ਧਰਮਪਾਲ, ਟੈਕਨੀਕਲ ਯੂਨੀਅਨ ਦੇ ਪ੍ਰਧਾਨ ਜਸਪਾਲ ਸਿੰਘ ਭੁੱਲਰ, ਸਕੱਤਰ ਹਰਪ੍ਰੀਤ ਸਿੰਘ ਤੰਬੜ, ਟੈੱਕ-1 ਦੇ ਪ੍ਰਧਾਨ ਜੋਗੇਸ਼ਵਰ, ਟੈੱਕ-2 ਦੇ ਪ੍ਰਧਾਨ ਕੁਲਦੀਪ ਸਿੰਘ, ਸਕੱਤਰ ਓਂਕਾਰ ਚੰਦ ਅਤੇ ਕੈਸ਼ੀਅਰ ਸਵਰਨਜੀਤ ਸਿੰਘ ਨੇ ਸੰਬੋਧਨ ਕੀਤਾ।