
ਬਿਜਲੀ ਗੁੱਲ: ਪਿੰਡ ਸੰਭਾਲਕੀ ਤੇ ਮੌਲੀ ਬੈਦਵਾਨ ਦੇ ਲੋਕਾਂ ਨੇ ਲਾਇਆ ਧਰਨਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਮਈ:
ਮੁਹਾਲੀ ਨੇੜਲੇ ਪਿੰਡ ਨਾਨੂਮਾਜਰਾ-ਸੰਭਾਲਕੀ (ਸੈਕਟਰ-86) ਦੇ ਵਸਨੀਕਾਂ ਨੇ ਐਸਡੀਐਮ ਨੂੰ ਪੱਤਰ ਲਿਖ ਦੇ ਕੇ ਮੰਗ ਕੀਤੀ ਹੈ ਕਿ ਲੰਘੀ ਰਾਤ ਅਚਾਨਕ ਤੇਜ਼ ਤੂਫ਼ਾਨ ਆਉਣ ਕਾਰਨ ਬਿਜਲੀ ਗੁੱਲ ਹੋ ਗਈ ਅਤੇ ਅੱਜ ਐਤਵਾਰ ਨੂੰ ਦਿਨ ਵਿੱਚ ਵੀ ਬਿਜਲੀ ਸਪਲਾਈ ਬਹਾਲ ਨਹੀਂ ਹੋ ਸਕੀ। ਪਿੰਡ ਵਾਸੀ ਅਸ਼ਵਨੀ ਸ਼ਰਮਾ, ਹਰਬੰਸ ਲਾਲ, ਜੈ ਪ੍ਰਕਾਸ਼ , ਵੈਦ ਪ੍ਰਕਾਸ਼, ਧਰਮਪਾਲ, ਸਰਪੰਚ ਅਰਵਿੰਦ ਕੁਮਾਰ, ਸੁਮਨ ਲਤਾ, ਰਜਨ ਰਾਣੀ ਨੇ ਦੱਸਿਆ ਕਿ ਨੇੜਲੇ ਪਿੰਡਾਂ ਵਿੱਚ ਅੱਜ ਦੁਪਹਿਰ 12 ਵਜੇ ਬਿਜਲੀ ਆ ਗਈ ਸੀ ਪ੍ਰੰਤੂ ਉਨ੍ਹਾਂ ਦੇ ਪਿੰਡ ਬਿਜਲੀ ਨਹੀਂ ਆਈ। ਜਿਸ ਪ੍ਰੀਤ ਸਿਟੀ ਵਿੱਚ ਲੱਗੇ ਟਰਾਂਸਫ਼ਰਾਂ ਤੋਂ ਪਿੰਡ ਬਿਜਲੀ ਸਪਲਾਈ ਆਉਂਦੀ ਹੈ। ਸ਼ਿਕਾਇਤ ਲੈ ਕੇ ਬਿਜਲੀ ਗਰਿੱਡ ਪਹੁੰਚੇ ਤਾਂ ਉੱਥੇ ਤਾਇਨਾਤ ਕਰਮਚਾਰੀਆਂ ਨੇ ਪਿੰਡ ਵਾਸੀਆਂ ਨਾਲ ਬਦਸਲੂਕੀ ਕੀਤੀ। ਜਿਸ ਕਾਰਨ ਰੋਹ ਵਿੱਚ ਪਿੰਡ ਵਾਸੀਆਂ ਨੇ ਗਰਿੱਡ ਅੰਦਰ ਧਰਨਾ ਸ਼ੁਰੂ ਕਰ ਦਿੱਤਾ। ਖ਼ਬਰ ਲਿਖੇ ਜਾਣ ਤੱਕ ਵੀ ਧਰਨਾ ਜਾਰੀ ਸੀ। ਇਸੇ ਦੌਰਾਨ ਪ੍ਰੀਤ ਸਿਟੀ ਦੇ ਵਸਨੀਕਾਂ ’ਤੇ ਸੰਭਾਲਕੀ ਵਾਸੀਆਂ ਨਾਲ ਝਗੜਾ ਕਰਨ ਦੇ ਦੋਸ਼ ਲੱਗੇ ਹਨ। ਇੱਟਾਂ ਲੱਗਣ ਕਾਰਨ ਦੋ ਪਿੰਡ ਵਾਸੀ ਜ਼ਖ਼ਮੀ ਹੋਏ ਹਨ। ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਬਿਜਲੀ ਸਪਲਾਈ ਬਹਾਲ ਕੀਤੀ ਜਾਵੇ ਅਤੇ ਝਗੜਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਪੁਲੀਸ ਕੇਸ ਦਰਜ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ।
ਉਧਰ, ਇੱਥੋਂ ਦੇ ਸੈਕਟਰ-80 (ਮੌਲੀ ਬੈਦਵਾਨ) ਦੇ ਵਸਨੀਕ ਵੀ ਸ਼ਾਮ ਨੂੰ ਵਿਰੋਧ ਪ੍ਰਦਰਸ਼ਨ ’ਤੇ ਉਤਰ ਆਏ। ਸਰਪੰਚ ਬਾਲ ਕ੍ਰਿਸ਼ਨ ਗੋਇਲ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਰਾਤੀ ਤੂਫ਼ਾਨ ਆਉਣ ਤੋਂ ਬਾਅਦ ਕਰੀਬ 10 ਵਜੇ ਬਿਜਲੀ ਗੁੱਲ ਹੋ ਗਈ ਸੀ ਅਤੇ ਅੱਜ ਦੂਜੇ ਦਿਨ ਸ਼ਾਮ 6 ਵਜੇ ਤੱਕ ਵੀ ਬਿਜਲੀ ਨਹੀਂ ਆਈ। ਇਸ ਸਬੰਧੀ ਪਾਵਰਕੌਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਵਾਰ ਵਾਰ ਸ਼ਿਕਾਇਤ ਦੇਣ ਦੇ ਬਾਵਜੂਦ ਕਿਸੇ ਨੇ ਗੱਲ ਨਹੀਂ ਸੁਣੀ। ਇਹੀ ਨਹੀਂ ਪਿਛਲੇ ਤਿੰਨ ਦਿਨਾਂ ਤੋਂ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੈ। ਜਿਸ ਕਾਰਨ ਰੋਹ ਵਿੱਚ ਆਏ ਪਿੰਡ ਵਾਸੀਆਂ ਨੇ ਸ਼ਾਮ ਨੂੰ ਧਰਨਾ ਪ੍ਰਦਰਸ਼ਨ ਕੀਤਾ ਅਤੇ ਸੜਕ ਜਾਮ ਕਰਕੇ ਨਾਅਰੇਬਾਜ਼ੀ ਕੀਤੀ।

ਇਸ ਤੋਂ ਬਾਅਦ ਦੇਰ ਸ਼ਾਮ ਕਰੀਬ ਸੱਤ ਵਜੇ ਸੋਹਾਣਾ ਪੁਲੀਸ ਅਤੇ ਪਾਵਰਕੌਮ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਗੁੱਲ ਹੋਈ ਬਿਜਲੀ ਸਪਲਾਈ ਚਾਲੂ ਕਰਨ ਲਈ ਯਤਨ ਸ਼ੁਰੂ ਕੀਤੇ ਗਏ। ਖ਼ਬਰ ਲਿਖੇ ਜਾਣ ਤੱਕ ਬਿਜਲੀ ਗੁੱਲ ਸੀ।