
ਬਿਜਲੀ ਵਿਭਾਗ ’ਤੇ ਵੱਖ-ਵੱਖ ਢੰਗਾਂ ਨਾਲ ਖਪਤਕਾਰਾਂ ਦੀ ਲੁੱਟ ਕਰਨ ਦਾ ਦੋਸ਼
350 ਰੁਪਏ ਦੀ ਕੀਮਤ ਵਾਲੇ ਬਿਜਲੀ ਮੀਟਰ ਦਾ 8 ਹਜ਼ਾਰ ਰੁਪਏ ਵਸੂਲਿਆ ਕਿਰਾਇਆ: ਵਿਨੀਤ ਵਰਮਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਦਸੰਬਰ:
ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਬੁਲਾਰੇ ਵਿਨੀਤ ਵਰਮਾ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਦੇ ਬਿਜਲੀ ਵਿਭਾਗ ਵੱਲੋਂ ਵੱਖ ਵੱਖ ਢੰਗਾਂ ਨਾਲ ਬਿਜਲੀ ਖਪਤਕਾਰਾਂ ਦੀ ਲੁੱਟ ਕੀਤੀ ਜਾ ਰਹੀ ਹੈ। ਅੱਜ ਇੱਥੇ ਸ੍ਰੀ ਵਰਮਾ ਨੇ ਕਿਹਾ ਕਿ ਫੇਜ਼-6 ਦੇ ਵਸਨੀਕ ਸੀਨੀਅਰ ਸਿਟੀਜਨ ਰਘੁਬੀਰ ਸਿੰਘ ਵੱਲੋਂ ਪਾਈ ਗਈ ਆਰਟੀਆਈ 2910, ਏ-122 ਮਿਤੀ 07-05-2014 ਦੇ ਅਨੁਸਾਰ ਇਕ ਬਿਜਲੀ ਦੇ ਮੀਟਰ ਦੀ ਕੁੱਲ ਕੀਮਤ 350 ਰੁਪਏ ਸੀ ਅਤੇ 1986 ਤੋਂ ਲੈ ਕੇ 2014 ਤੱਕ ਮੀਟਰ ਦਾ ਕਿਰਾਇਆ ਬਿਜਲੀ ਵਿਭਾਗ ਵੱਲੋਂ 3844 ਰੁਪਏ ਵਸੂਲਿਆ ਗਿਆ ਹੈ, ਜਦੋਂਕਿ ਟੈਕਸ ਇਸ ਤੋਂ ਵੱਖਰਾ ਹੈ। ਇਸ ਤਰ੍ਹਾਂ ਇਹ ਵਿਅਕਤੀ ਆਪਣਾ ਖੁਦ ਦਾ ਮੀਟਰ ਹੋਣ ਦੇ ਬਾਵਜੂਦ 1986 ਤੋੱ ਲੈ ਕੇ ਹੁਣ ਤਕ ਸਿਰਫ 350 ਰੁਪਏ ਕੀਮਤ ਵਾਲੇ ਬਿਜਲੀ ਮੀਟਰ ਦਾ ਕਿਰਾਇਆ 8 ਹਜਾਰ ਰੁਪਏ ਜਮਾਂ ਕਰਵਾ ਚੁਕਿਆ ਹੈ।
ਆਪ ਆਗੂ ਨੇ ਕਿਹਾ ਕਿ ਵਾਰ ਵਾਰ ਮੀਟਰ ਜਲਣ, ਖਰਾਬ ਹੋਣ ਦੇ ਬਾਵਜੂਦ ਵਾਰ ਵਾਰ ਸਕਿਉਰਟੀ ਲਈ ਜਾਂਦੀ ਹੈ, ਪਿਛਲੀ ਸਿਕਿਉਰਟੀ ਨਾ ਤਾਂ ਵਾਪਸ ਕੀਤੀ ਜਾਂਦੀ ਹੈ ਅਤੇ ਨਾ ਐਡਜਸਟ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਬਿਜਲੀ ਵਿਭਾਗ ਵੱਲੋਂ ਮੀਟਰ ਕਵਰ ਬਾਕਸ ਭਾਵ ਐਮਸੀਬੀ ਦਾ ਕਿਰਾਇਆ ਅਤੇ ਟੈਕਸ ਹਰ ਮਹੀਨੇ ਵਸੂਲੇ ਜਾਂਦੇ ਹਨ, ਜਦੋਂਕਿ ਐਮਸੀਬੀ ਦੀ ਕੀਮਤ ਵੱਧ ਤੋਂ ਵੱਧ 200 ਤੋਂ 300 ਰੁਪਏ ਤੱਕ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਘਰ ਵਿੱਚ ਇਕ ਹੀ ਐਮਸੀਬੀ ਵਿੱਚ ਚਾਰ ਚਾਰ ਮੀਟਰ ਲੱਗੇ ਹੁੰਦੇ ਹਨ, ਪਰ ਬਿਜਲੀ ਵਿਭਾਗ ਵੱਲੋਂ ਵੱਖ-ਵੱਖ ਮੀਟਰਾਂ ਤੇ ਵੱਖ-ਵੱਖ ਕਿਰਾਇਆ ਅਤੇ ਟੈਕਸ ਵਸੂਲੇ ਜਾ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋੱ ਮੰਗ ਕੀਤੀ ਕਿ ਬਿਜਲੀ ਵਿਭਾਗ ਵਲੋੱ ਮੀਟਰ ਅਤੇ ਐਮਸੀਬੀ ਦਾ ਕਿਰਾਇਆ ਅਤੇ ਟੈਕਸ ਵਸੂਲਿਆ ਜਾਣਾਂ ਬਿਲਕੁਲ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ, ਬਿਜਲੀ ਮੀਟਰ ਦੀ ਰੀਡਿੰਗ ਹਰ ਮਹੀਨੇ ਕੀਤੀ ਜਾਵੇ, ਮੀਟਰ ਅਤੇ ਐਮਸੀਬੀ ਦੀ ਕੀਮਤ ਵਸੂਲ ਹੋਣ ਤੋਂ ਬਾਅਦ ਸਾਰੇ ਪੈਸੇ ਵਾਪਸ ਕਰ ਦਿਤੇ ਜਾਣ।