nabaz-e-punjab.com

ਪੰਜਾਬ ਦੇ ਲੋਕਾਂ ਨੇ ਸੱਤਾ ‘ਆਪ’ ਨੂੰ ਸੌਪਣ ਦਾ ਪੱਕਾ ਮਨ ਬਣਾਇਆ: ਭਗਵੰਤ ਮਾਨ

ਕਿਹਾ, ਲੋਕ 14 ਫਰਵਰੀ ਨੂੰ ਆਪਣੇ ਹੱਥਾਂ ਨਾਲ ਲਿਖਣਗੇ ਪੰਜਾਬ ਦੀ ਨਵੀਂ ਕਿਸਮਤ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 9 ਜਨਵਰੀ:
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੇਸ਼ ਦੇ ਚੋਣ ਕਮਿਸ਼ਨ ਵੱਲੋਂ ਪੰਜਾਬ ਸਮੇਤ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾ ਦੀਆਂ ਤਾਰੀਖਾਂ ਐਲਾਨਣ ਦਾ ਜ਼ੋਰਦਾਰ ਸਵਾਗਤ ਕੀਤਾ ਅਤੇ ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਚੋਣਾ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੈ। ਮਾਨ ਨੇ ਪੰਜਾਬ ਵਾਸੀਆਂ ਨੂੰ ਪੰਜਾਬ ਨੂੰ ਮੁੜ ਖੁਸ਼ਹਾਲ ਤੇ ਸ਼ਾਂਤਮਈ ਪੰਜਾਬ ਬਣਾਉਣ ਲਈ 14 ਫਰਵਰੀ ਨੂੰ ਨਵੀਂ ਇਬਾਰਤ ਆਪਣੇ ਹੱਥਾਂ ਨਾਲ ਲਿਖਣ ਦੀ ਅਪੀਲ ਵੀ ਕੀਤੀ।
ਸ਼ਨੀਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਭਗਵੰਤ ਮਾਨ ਦਾ ਟਵੀਟ ਜਾਰੀ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ 14 ਫਰਵਰੀ ਨੂੰ ਘਰਾਂ ਤੋਂ ਵੱਡੀ ਗਿਣਤੀ ’ਚ ਬਾਹਰ ਨਿਕਲਣ ਅਤੇ ਆਪਣੇ ਹੱਥਾਂ ਨਾਲ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਪੰਜਾਬ ਦੀ ਨਵੀਂ ਕਿਸਮਤ ਲਿਖਣ। ਸੂਬੇ ਦੇ ਵੋਟਰ ਆਪਣੀਆਂ ਵੋਟਾਂ ਪਾ ਕੇ ਪੰਜਾਬ, ਪੰਜਾਬੀਅਤ ਅਤੇ ਪੰਜਾਬਵਾਸੀਆਂ ਨੂੰ ਲੁੱਟਣ ਅਤੇ ਕੁੱਟਣ ਵਾਲਿਆਂ ਨੂੰ ਪੰਜਾਬ ਦੀ ਸੱਤਾ ਤੋਂ ਦੂਰ ਕਰਨ, ਤਾਂ ਜੋ ਕਰਜ਼ੇ, ਡਰੱਗ, ਮਾਫੀਆ ਅਤੇ ਭ੍ਰਿਸ਼ਟਾਚਾਰ ਵਿੱਚ ਡੁਬੇ ਪੰਜਾਬ ਨੂੰ ਮੁੜ ਸੋਹਣਾ ਅਤੇ ਖੁਸ਼ਹਾਲ ਪੰਜਾਬ ਬਣਾਇਆ ਜਾ ਸਕੇ।
ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸੱਤਾ ਵਿੱਚ ਲਿਆਉਣ ਦਾ ਪੱਕਾ ਮਨ ਬਣ ਲਿਆ ਹੈ। ਪਾਰਟੀ ਉਮੀਦਵਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਚੋਣ ਰੈਲੀਆਂ ਵਿੱਚ ਪੰਜਾਬ ਵਾਸੀ ਆਪੋ-ਆਪਣੇ ਸਾਧਨਾਂ ਨਾਲ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ ਅਤੇ ਕੇਜਰੀਵਾਲ ਦੀਆਂ ਗਰੰਟੀਆਂ ਨੂੰ ਖੁੱਲ੍ਹੇ ਮਨ ਨਾਲ ਸਮਰਥਨ ਦੇ ਰਹੇ ਹਨ। ਇਸ ਲਈ 10 ਮਾਰਚ ਨੂੰ ਆਉਣ ਵਾਲੇ ਨਤੀਜੇ ਪੰਜਾਬ ਦੇ ਲੋਕਾਂ ਦੀ ਜਿੱਤ ਦਾ ਐਲਾਨ ਕਰਨਗੇ।
ਮਾਨ ਨੇ ਟਵੀਟ ਕੀਤਾ, ‘‘ ਪੰਜਾਬੀਓ, … ਪੰਜਾਬ ਦੀ ਆਪਣੇ ਹੱਥਾਂ ਨਾਲ ਕਿਸਮਤ ਲਿਖਣ ਦੀ ਤਾਰੀਖ 14 ਫਰਵਰੀ …. ਤਿਆਰ ਹੋ ਜਾਓ, … 10 ਮਾਰਚ ਨੂੰ ਪੰਜਾਬ ਦੇ ਲੋਕਾਂ ਦੀ ਜਿੱਤ ਹੋਵੇਗੀ…. ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਾਂਗੇ।’’
ਇਸ ਦੇ ਨਾਲ ਹੀ ਭਗਵੰਤ ਮਾਨ ਨੇ ਦੇਸ਼ ਦੇ ਚੋਣ ਕਮਿਸਨ ਦੇ ਫ਼ੈਸਲਿਆਂ ਦਾ ਸਵਾਗਤ ਕਰਦਿਆਂ ਉਮੀਦ ਪ੍ਰਗਟ ਕੀਤੀ ਕਿ ਕਮਿਸ਼ਨ ਵੱਲੋਂ ਪੰਜਾਬ ਵਿੱਚ ਨਿਰਪੱਖ, ਸ਼ਾਂਤਮਈ ਅਤੇ ਸੰਵਿਧਾਨਕ ਤਰੀਕੇ ਨਾਲ ਚੋਣਾ ਕਰਵਾਈਆਂ ਜਾਣਗੀਆਂ, ਤਾਂ ਜੋ ਲੋਕਤੰਤਰ ਵਿੱਚ ਲੋਕਾਂ ਦਾ ਹੋਰ ਵਿਸ਼ਵਾਸ ਪੱਕਾ ਹੋਵੇ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…