ਪਾਵਰਕੌਮ ਸੀਐੱਚਬੀ ਠੇਕਾ ਕਾਮਿਆਂ ਦੀ ਛੇਵੇਂ ਦਿਨ ਭੁੱਖ ਹੜਤਾਲ ਖ਼ਤਮ

18 ਅਗਸਤ ਪਰਿਵਾਰਾਂ ਤੇ ਬੱਚਿਆਂ ਸਮੇਤ ਕਿਰਤ ਕਮਿਸ਼ਨਰ ਪੰਜਾਬ ਦਫ਼ਤਰ ਦੇ ਬਾਹਰ ਸੂਬਾ ਪੱਧਰੀ ਧਰਨਾ ਦੇਣ ਦਾ ਐਲਾਨ

ਐਸਡੀਐਮ ਜਗਦੀਪ ਸਹਿਗਲ ਰਾਹੀਂ ਪੰਜਾਬ ਸਰਕਾਰ ਨੂੰ ਭੇਜਿਆ ਮੰਗ ਪੱਤਰ, ਲੜੀਵਾਰ ਸੰਘਰਸ਼ ਵਿੱਢਣ ਦੀ ਚਿਤਾਵਨੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਗਸਤ:
ਪਾਵਰਕੌਮ ਐਂਡ ਟ੍ਰਾਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਮੁਹਾਲੀ ਅਤੇ ਰੂਪਨਗਰ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਡਿਪਟੀ ਕਮਿਸ਼ਨਰ, ਸਹਾਇਕ ਕਿਰਤ ਕਮਿਸ਼ਨਰ, ਲੇਬਰ ਇੰਸਪੈਕਟਰ ਅਤੇ ਪਾਵਰਕੌਮ ਦੇ ਦਫ਼ਤਰਾਂ ਅੱਗੇ ਕੀਤੀ ਜਾ ਰਹੀ ਲੜੀਵਾਰ ਭੁੱਖ ਹੜਤਾਲ ਅੱਜ ਛੇਵੇਂ ਦਿਨ ਸਮਾਪਤ ਹੋ ਗਈ। ਠੇਕਾ ਕਾਮਿਆਂ ਨੇ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਵੱਡਾ ਇਕੱਠਾ ਕਰਨ ਦੀ ਥਾਂ ਸਿਰਫ਼ 5 ਆਗੂ ਹੀ ਭੁੱਖ ਹੜਤਾਲ ’ਤੇ ਬੈਠੇ ਸਨ।
ਇਸ ਮੌਕੇ ਸੂਬਾ ਪ੍ਰਧਾਨ ਬਲਿਹਾਰ ਸਿੰਘ, ਸਰਕਲ ਪ੍ਰਧਾਨ ਮਨਜਿੰਦਰ ਸਿੰਘ, ਸਕੱਤਰ ਸਤਵਿੰਦਰ ਸਿੰਘ, ਜਗਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਨੇ ਕਿਹਾ ਕਿ ਪਾਵਰਕੌਮ ਸੀਐੱਚਬੀ ਠੇਕਾ ਕਾਮੇ ਕਰੋਨਾ ਸੰਕਟ ਦੌਰਾਨ ਐਮਰਜੈਂਸੀ ਡਿਊਟੀਆਂ ਦੇ ਰਹੇ ਹਨ ਅਤੇ ਬਿਜਲੀ ਸਪਲਾਈ ਸਬੰਧੀ ਆਮ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਵੀ ਹੱਲ ਕਰਨ ਲਈ ਸੇਵਾ ਭਾਵਨਾ ਨਾਲ ਕੰਮ ਕਰ ਰਹੇ ਹਨ, ਪ੍ਰੰਤੂ ਪੰਜਾਬ ਸਰਕਾਰ ਤੇ ਪਾਵਰਕੌਮ ਮੈਨੇਜਮੈਂਟ ਤੇ ਕਿਰਤ ਮੰਤਰੀ ਵੱਲੋਂ ਠੇਕਾ ਕਾਮਿਆਂ ਨੂੰ ਬਣਦਾ ਮਾਣ ਸਨਮਾਨ ਦੇਣ ਦੀ ਥਾਂ ਠੇਕਾ ਕਾਮਿਆਂ ਦੀਆਂ ਛਾਂਟੀਆਂ ਕਰਕੇ ਉਨ੍ਹਾਂ ਨੂੰ ਬੇਰੁਜ਼ਗਾਰੀ ਦੀ ਭੱਠੀ ਵਿੱਚ ਝੋਕਿਆਂ ਜਾ ਰਿਹਾ ਹੈ।
ਆਗੂਆਂ ਨੇ ਦੱਸਿਆ ਕਿ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਪਾਵਰਕੌਮ ਦੇ ਪ੍ਰਬੰਧਕੀ ਡਾਇਰੈਕਟਰ ਆਰਪੀ ਪਾਂਡਵ ਅਤੇ ਕਿਰਤ ਕਮਿਸ਼ਨਰ ਨਾਲ ਹੋਈਆਂ ਮੀਟਿੰਗਾਂ ਬੇਸਿੱਟਾ ਰਹੀਆਂ ਹਨ। ਜਿਸ ਕਾਰਨ ਠੇਕਾ ਮੁਲਾਜ਼ਮਾਂ ਨੂੰ ਦੁਬਾਰਾ ਸੜਕਾਂ ’ਤੇ ਉੱਤਰਨ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਕਰੋਨਾ ਪੀਰੀਅਡ ਦੌਰਾਨ ਐਮਰਜੈਂਸੀ ਡਿਊਟੀ ਨਿਭਾਉਂਦਿਆਂ ਬਿਜਲੀ ਕਰੰਟ ਲੱਗਣ ਕਾਰਨ 15 ਕਾਮਿਆਂ ਦੀ ਜਾਨ ਚਲੀ ਗਈ ਹੈ ਅਤੇ ਕਈ ਠੇਕਾ ਮੁਲਾਜ਼ਮ ਅਪਾਹਜ਼ ਹੋ ਗਏ। ਜਦੋਂਕਿ ਪਿਛਲੇ ਚਾਰ ਸਾਲਾਂ ਵਿੱਚ ਹੁਣ ਤੱਕ 155 ਕਾਮਿਆਂ ਦੀ ਮੌਤ ਹੋ ਚੁੱਕੀ ਹੈ, ਪ੍ਰੰਤੂ ਰਾਜ ਸਰਕਾਰ ਤੇ ਪਾਵਰਕੌਮ ਮੈਨੇਜਮੈਂਟ ਯੋਗ ਮੁਆਵਜ਼ਾ ਅਤੇ ਪਰਿਵਾਰ ਦੇ ਇਕ ਮੈਂਬਰ ਨੌਕਰੀ ਦੇਣ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਫਰੰਟ ਲਾਈਨ ਯੋਧਿਆਂ ਨੂੰ ਸ਼ਾਬਾਸ਼ ਦੇਣ ਦੀ ਬਜਾਏ ਛਾਂਟੀ ਕਰਨ ਦੇ ਰਾਹ ਪੈ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਹਾਦਸਾ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ, ਨੌਕਰੀ ਅਤੇ 50 ਲੱਖ ਬੀਮਾ ਘੇਰੇ ਵਿੱਚ ਲਿਆਂਦਾ ਜਾਵੇ। ਨਵੀਂ ਭਰਤੀ ਕਰਨ ਤੋਂ ਪਹਿਲਾਂ ਠੇਕਾ ਕਾਮਿਆਂ ਨੂੰ ਤਜਰਬੇ ਦੇ ਆਧਾਰ ’ਤੇ ਰੈਗੂਲਰ ਕੀਤਾ ਜਾਵੇ। ਉਨ੍ਹਾਂ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਤੇ ਕਿਰਤ ਵਿਭਾਗ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਦਾ ਹੱਲ ਨਹੀਂ ਹੋਇਆ 13 ਤੋਂ 15 ਅਗਸਤ ਤੱਕ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਗੁਲਾਮੀ ਦਿਵਸ ਵਜੋਂ ਮਨਾਇਆ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ 18 ਅਗਸਤ ਨੂੰ ਮੁਹਾਲੀ ਵਿੱਚ ਪਰਿਵਾਰਾਂ ਸਮੇਤ ਕਿਰਤ ਕਮਿਸ਼ਨਰ ਦਫ਼ਤਰ ਦੇ ਬਾਹਰ ‘ਹੱਲਾ ਬੋਲ’ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ। ਭੁੱਖ ਹੜਤਾਲ ਖ਼ਤਮ ਕਰਨ ਤੋਂ ਪਹਿਲਾਂ ਠੇਕਾ ਮੁਲਾਜ਼ਮਾਂ ਨੇ ਮੁਹਾਲੀ ਦੇ ਐਸਡੀਐਮ ਜਗਦੀਪ ਸਹਿਗਲ ਰਾਹੀਂ ਪੰਜਾਬ ਸਰਕਾਰ, ਕਿਰਤ ਵਿਭਾਗ ਅਤੇ ਪਾਵਰਕੌਮ ਮੈਨੇਜਮੈਂਟ ਨੂੰ ਮੰਗ ਪੱਤਰ ਭੇਜੇ ਗਏ ਅਤੇ ਕਿਰਤ ਕਮਿਸ਼ਨਰ ਪੰਜਾਬ ਨੂੰ ਨੋਟਿਸ ਸੌਂਪਿਆ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…