
ਪਾਵਰਕੌਮ ਠੇਕਾ ਮੁਲਾਜ਼ਮਾਂ ਨੇ ਬਰਖ਼ਾਸਤ ਕਾਮਿਆਂ ਦੀ ਸੂਚੀ ਚੇਅਰਮੈਨ ਤੇ ਉਪ ਸਕੱਤਰ ਨੂੰ ਸੌਂਪੀ
ਡੀਸੀ ਦਫ਼ਤਰ ਮੁਹਾਲੀ ਵਿੱਚ ਦੋ ਸਤੰਬਰ ਨੂੰ ਕਿਰਤ ਮੰਤਰੀ ਬਲਬੀਰ ਸਿੱਧੂ ਨੂੰ ਹੋਵੇਗੀ ਪੈਨਲ ਮੀਟਿੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਗਸਤ:
ਪਾਵਰਕੌਮ ਐਂਡ ਟ੍ਰਾਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਅੱਜ ਪਾਵਰਕੌਮ ਦੇ ਚੇਅਰਮੈਨ ਅਤੇ ਉਪ ਸਕੱਤਰ ਨੂੰ ਬਰਖ਼ਾਸਤ ਕਾਮਿਆਂ ਦੀ ਸੂਚੀ ਸੌਂਪੀ ਗਈ। ਚੇਅਰਮੈਨ ਏ ਵੇਨੂ ਪ੍ਰਸ਼ਾਦ ਨੇ ਭਰੋਸਾ ਦਿੱਤਾ ਹੈ ਕਿ ਅਗਲੇ ਮਹੀਨੇ ਨੌਕਰੀ ਤੋਂ ਕੱਢੇ ਗਏ ਠੇਕਾ ਕਾਮਿਆਂ ਨੂੰ ਬਹਾਲ ਕਰ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੀਆਂ ਹੋਰ ਸਾਰੀਆਂ ਜਾਇਜ਼ ਮੰਗਾਂ ਦਾ ਵੀ ਛੇਤੀ ਨਿਪਟਾਰਾ ਕੀਤਾ ਜਾਵੇਗਾ। ਇਸ ਸਬੰਧੀ ਮੁੱਢਲੀ ਪ੍ਰਕਿਰਿਆ ਚੱਲ ਰਹੀ ਹੈ।
ਇਹ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ, ਸਕੱਤਰ ਟੇਕ ਚੰਦ, ਸਰਕਲ ਸਕੱਤਰ ਮਨਮੋਹਨ ਸਿੰਘ ਨੇ ਦੱਸਿਆ ਕਿ ਬੀਤੀ 19 ਅਗਸਤ ਨੂੰ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪਾਵਰਕੌਮ ਦੇ ਚੇਅਰਮੈਨ, ਪ੍ਰਬੰਧਕੀ ਡਾਇਰੈਕਟਰ, ਡਾਇਰੈਕਟਰ ਵਣਜ, ਕਿਰਤ ਕਮਿਸ਼ਨ, ਪੰਜਾਬ, ਸਹਾਇਕ ਕਿਰਤ ਕਮਿਸ਼ਨਰ ਮੁਹਾਲੀ ਅਤੇ ਪਟਿਆਲਾ ਨਾਲ ਕਰਵਾਈ ਮੀਟਿੰਗ ਵਿੱਚ ਬਰਖ਼ਾਸਤ ਕਾਮਿਆਂ ਨੂੰ ਬਹਾਲ ਕਰਨ, ਛਾਂਟੀ ਦੀ ਨੀਤੀ ਪੱਕੇ ਤੌਰ ’ਤੇ ਰੱਦ ਕਰਨ, ਹਾਦਸਾ ਪੀੜਤ ਕਾਮਿਆਂ ਨੂੰ ਯੋਗ ਮੁਆਵਜ਼ਾ ਅਤੇ ਪਰਿਵਾਰਕ ਮੈਂਬਰ ਨੂੰ ਨੌਕਰੀ ਦਾ ਪ੍ਰਬੰਧ ਕਰਨ, ਘਾਤਕ ਅਤੇ ਗੈਰ ਘਾਤਕ ਹਾਦਸਿਆਂ ਨੂੰ ਰੋਕਣ ਲਈ ਠੇਕਾ ਕਾਮਿਆਂ ਨੂੰ ਵਿਸ਼ੇਸ਼ ਸਿਖਲਾਈ ਦੇਣ ਦਾ ਪ੍ਰਬੰਧ ਕਰਨ ਅਤੇ ਹੋਰ ਹੱਕੀ ਮੰਗਾਂ ਸਬੰਧੀ ਫੈਸਲਾ ਹੋਇਆ ਸੀ ਅਤੇ ਉਪ ਸਕੱਤਰ ਨੇ ਬਰਖ਼ਾਸਤ ਕਾਮਿਆਂ ਦੀ ਸੂਚੀ ਦੇਣ ਅਤੇ ਹਾਦਸਾ ਪੀੜਤ ਕਾਮਿਆਂ ਦੇ ਕੇਸ ਤਿਆਰ ਕਰਕੇ ਦੇਣ ਲਈ ਕਿਹਾ ਗਿਆ ਸੀ।
ਆਗੂਆਂ ਨੇ ਦੱਸਿਆ ਕਿ ਦੋ ਸਤੰਬਰ ਨੂੰ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਮੁਹਾਲੀ ਦੇ ਡੀਸੀ ਦਫ਼ਤਰ ਵਿੱਚ ਹੋਣ ਵਾਲੀ ਵਿਸ਼ੇਸ਼ ਪੈਨਲ ਮੀਟਿੰਗ ਵਿੱਚ ਪਾਵਰਕੌਮ ਦੇ ਚੇਅਰਮੈਨ ਨਾਲ ਹੋਈ ਮੀਟਿੰਗਾਂ ਦੀ ਕਾਰਵਾਈ ਦੀ ਕਾਪੀ ਅਤੇ ਜਾਇਜ਼ ਮੰਗਾਂ ਦਾ ਨਿਪਟਾਰਾ ਕਰਨ ਲਈ ਚਰਚਾ ਕੀਤੀ ਜਾਵੇਗੀ।