ਪਾਵਰਕੌਮ ਠੇਕਾ ਕਾਮਿਆਂ ਵੱਲੋਂ ਇਨਸਾਫ਼ ਪ੍ਰਾਪਤੀ ਲਈ ਦੁਬਾਰਾ ਚੱਕਾ ਜਾਮ ਕਰਨ ਦਾ ਐਲਾਨ

5 ਅਕਤੂਬਰ ਨੂੰ ਮੀਟਿੰਗ ਵਿੱਚ ਮੰਗਾਂ ਨਾ ਮੰਨੇ ਜਾਣ ਦੀ ਸੂਰਤ ’ਚ ਕਮਿਸ਼ਨਰ ਦਫ਼ਤਰ ਨੂੰ ਘੇਰਾ ਪਾਉਣਗੇ ਮੁਲਾਜ਼ਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਅਕਤੂਬਰ:
ਪਾਵਰਕੌਮ ਐਂਡ ਟ੍ਰਾਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਨੇ ਇਨਸਾਫ਼ ਪ੍ਰਾਪਤੀ ਲਈ ਮੁੜ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਅੱਜ ਇੱਥੇ ਸੂਬਾ ਪ੍ਰਧਾਨ ਬਲਿਹਾਰ ਸਿੰਘ, ਜਰਨਲ ਸਕੱਤਰ ਵਰਿੰਦਰ ਸਿੰਘ, ਮੀਤ ਪ੍ਰਧਾਨ ਅਜੇ ਕੁਮਾਰ ਤੇ ਰਾਜੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਰਾਜ ਪੱਧਰੀ ਮੀਟਿੰਗ ਵਿੱਚ ਲਿਆ ਗਿਆ। ਆਗੂਆਂ ਨੇ ਦੱਸਿਆ ਕਿ ਠੇਕਾ ਮੁਲਾਜ਼ਮਾਂ ਦੀ ਛਾਂਟੀ ਰੱਦ ਕਰਵਾਉਣ, ਬਰਖ਼ਾਸਤ ਕਾਮਿਆਂ ਦੀ ਬਹਾਲੀ, ਹਾਦਸਾ ਪੀੜਤ ਪਰਿਵਾਰਾਂ ਨੂੰ ਯੋਗ ਮੁਆਵਜ਼ਾ, ਮ੍ਰਿਤਕ ਕਾਮਿਆਂ ਦੇ ਵਾਰਸਾਂ ਲਈ ਨੌਕਰੀ ਦੀ ਵਿਵਸਥਾ ਅਤੇ ਹੋਰ ਜਾਇਜ਼ ਮੰਗਾਂ ਹੱਲ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਪਾਵਰਕੌਮ ਮੈਨੇਜਮੈਂਟ ਨੇ ਅੰਦਰਖਾਤੇ ਫਿਰ ਤੋਂ ਠੇਕਾ ਕਾਮਿਆਂ ਦੀ ਛਾਂਟੀ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਯੂਨੀਅਨ ਆਗੂਆਂ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਵਿੱਚ ਹੁਣ ਤੱਕ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਸਮੇਤ ਕਿਰਤ ਕਮਿਸ਼ਨਰ, ਪਾਵਰਕੌਮ ਮੈਨੇਜਮੈਂਟ ਨਾਲ 6 ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਇਨ੍ਹਾਂ ਪੈਨਲ ਮੀਟਿੰਗਾਂ ਵਿੱਚ ਉਕਤ ਸਾਰੀਆਂ ਮੰਗਾਂ ਪ੍ਰਵਾਨ ਕਰਨ ਦੀ ਹਾਮੀ ਭਰੀ ਗਈ ਸੀ ਲੇਕਿਨ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਕਿਰਤ ਮੰਤਰੀ ਨਾਲ ਭਲਕੇ 2 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਅੱਗੇ ਟਾਲ ਦਿੱਤੀ ਗਈ ਹੈ। ਹੁਣ ਕਿਰਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ 5 ਅਕਤੂਬਰ ਨੂੰ ਬਾਅਦ ਦੁਪਹਿਰ ਸਾਢੇ 12 ਵਜੇ ਮੀਟਿੰਗ ਸੱਦੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਮੀਟਿੰਗ ਵਿੱਚ ਪਾਵਰਕੌਮ ਠੇਕਾ ਕਾਮਿਆਂ ਦੀਆਂ ਪਹਿਲਾਂ ਪ੍ਰਵਾਨਿਤ ਜਾਇਜ਼ ਮੰਗਾਂ ਨੂੰ ਲਾਗੂ ਕਰਨ ਦਾ ਫੈਸਲਾ ਨਹੀਂ ਲਿਆ ਗਿਆ ਤਾਂ ਠੇਕਾ ਮੁਲਾਜ਼ਮ ਫਿਰ ਤੋਂ ਸੜਕਾਂ ’ਤੇ ਆਉਣ ਲਈ ਮਜਬੂਰ ਹੋਣਗੇ ਅਤੇ ਮੀਟਿੰਗ ਤੋਂ ਬਾਅਦ ਮੁਹਾਲੀ ਵਿੱਚ ਸੜਕਾਂ ਜਾਮ ਕੀਤਾ ਜਾਵੇਗਾ ਅਤੇ 13 ਅਕਤੂਬਰ ਨੂੰ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੀ ਮਹਾ ਰੈਲੀ ਵਿੱਚ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਕੇ ਗੂੜੀ ਨੀਂਦ ਵਿੱਚ ਸੁੱਤੀ ਪਈ ਸਰਕਾਰ ਨੂੰ ਹਲੂਣਾ ਦੇ ਕੇ ਜਗਾਇਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …