ਲਾਵਾਰਿਸ ਭੈਣ ਤੇ ਭਰਾ ਦੀ ਪ੍ਰਭ ਆਸਰਾ ਕੇਂਦਰ ਨੇ ਫੜੀ ਬਾਂਹ

ਮੁਹਾਲੀ ਪੁਲੀਸ ਨੇ ਬੱਚਿਆ ਕਰੋਨਾ ਟੈਸਟ ਕਰਵਾਇਆ, ਰਿਪੋਰਟ ਨੈਗੇਟਿਵ

ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਲਾਵਾਰਿਸ ਹੋ ਗਏ ਸੀ ਦੋਵੇਂ ਭੈਣ-ਭਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਨਵੰਬਰ:
ਇੱਥੋਂ ਦੇ ਇਤਿਹਾਸਕ ਨਗਰ ਸੋਹਾਣਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਲਾਵਾਰਿਸ ਬੱਚਿਆਂ ਨੂੰ ਆਖ਼ਰਕਾਰ ਰੈਣ ਬਸੇਰਾ ਮਿਲ ਗਿਆ ਹੈ। ਇਨ੍ਹਾਂ ਦੋਵੇਂ ਮਾਸੂਮ ਬੱਚਿਆਂ ਦੀ ਵਿਧਵਾ ਮਾਂ ਮੀਨੂ ਚੌਹਾਨ ਉਰਫ਼ ਪਾਇਲ ਦੀ ਦੀਵਾਲੀ ਤੋਂ ਇਕ ਦਿਨ ਪਹਿਲਾਂ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਜਦੋਂਕਿ ਚਾਰ ਸਾਲ ਪਹਿਲਾਂ ਉਨ੍ਹਾਂ ਦੇ ਪਿਤਾ ਵੀ ਇਸ ਫ਼ਾਨੀ ਦੁਨੀਆ ਨੂੰ ਛੱਡ ਕੇ ਜਾ ਚੁੱਕੇ ਹਨ। ਪਿਤਾ ਦੀ ਮੌਤ ਤੋਂ ਬਾਅਦ ਵਿਧਵਾ ਮਾਂ ਵੱਲੋਂ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਜਾ ਰਿਹਾ ਸੀ ਅਤੇ ਉਹ ਘਰ ਦਾ ਗੁਜ਼ਾਰਾ ਚਲਾਉਣ ਲਈ ਮੁਹਾਲੀ ਦੇ ਬੈਸਟੈੱਕ ਮਾਲ ਵਿੱਚ ਨੌਕਰੀ ਕਰਦੀ ਸੀ।
ਜਾਂਚ ਅਧਿਕਾਰੀ ਏਐਸਆਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਮੀਨੂ ਚੌਹਾਨ ਦੀਵਾਲੀ ਤੋਂ ਇਕ ਦਿਨ ਪਹਿਲਾਂ ਦੇਰ ਰਾਤ ਆਪਣੇ ਸਾਈਕਲ ’ਤੇ ਸਵਾਰ ਹੋ ਕੇ ਘਰ ਪਰਤ ਰਹੀ ਸੀ ਕਿ ਰਸਤੇ ਵਿੱਚ ਸੈਕਟਰ-69 ਅਤੇ ਸੈਕਟਰ-70 ਦੇ ਟੀ-ਪੁਆਇੰਟ ਨੇੜੇ ਕਿਸੇ ਅਣਪਛਾਤੇ ਮੋਟਰ ਸਾਈਕਲ ਨੇ ਉਸ ਦੇ ਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਹ ਸੜਕ ’ਤੇ ਡਿੱਗ ਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਰਾਹਗੀਰਾਂ ਨੇ ਉਸ ਨੂੰ ਮਾਇਓ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੋਂ ਉਸ ਨੂੰ ਸਰਕਾਰੀ ਹਸਪਤਾਲ ਫੇਜ਼-6 ਵਿੱਚ ਭੇਜ ਦਿੱਤਾ। ਇੱਥੋਂ ਵੀ ਡਾਕਟਰਾਂ ਨੇ ਮੁੱਢਲੀ ਮੈਡੀਕਲ ਸਹਾਇਤਾ ਤੋਂ ਬਾਅਦ ਉਸ ਨੂੰ ਸੈਕਟਰ-16 ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ। ਉੱਥੋਂ ਉਸ ਨੂੰ ਅੱਗੇ ਪੀਜੀਆਈ ਭੇਜ ਦਿੱਤਾ ਗਿਆ। ਜਿੱਥੇ ਉਸ ਦੀ ਮੌਤ ਹੋ ਗਈ ਸੀ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਹਾਲੀ ਦੇ ਐਸਡੀਐਮ ਜਗਦੀਪ ਸਹਿਗਲ ਦੇ ਹੁਕਮਾਂ ’ਤੇ ਦੋਵੇਂ ਲਾਵਾਰਿਸ ਬੱਚਿਆਂ ਨੂੰ ਅੱਜ ਪ੍ਰਭ ਆਸਰਾ ਕੇਂਦਰ ਪਡਿਆਲਾ ਵਿੱਚ ਭੇਜਿਆ ਜਾਵੇਗਾ। ਜਿੱਥੇ ਇਹ ਦੋਵੇਂ ਮਾਸੂਮ ਬੱਚੇ ਸੰਸਥਾ ਦੇ ਸੰਚਾਲਕ ਭਾਈ ਸ਼ਮਸ਼ੇਰ ਸਿੰਘ ਦੀ ਦੇਖਰੇਖ ਵਿੱਚ ਰਹਿਣਗੇ। ਅੱਜ ਸਰਕਾਰੀ ਹਸਪਤਾਲ ਵਿੱਚ ਦੋਵੇਂ ਬੱਚਿਆਂ ਦਾ ਕਰੋਨਾ ਟੈਸਟ ਕਰਵਾਇਆ ਗਿਆ ਅਤੇ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਬੱਚਿਆਂ ਨੂੰ ਲੈ ਕੇ ਹਾਲੇ ਪ੍ਰਭ ਆਸਰਾ ਕੇਂਦਰ ਜਾ ਹੀ ਰਹੀ ਸੀ ਕਿ ਗੁਆਂਢੀਆਂ ਦੀ ਅਪੀਲ ’ਤੇ ਉਨ੍ਹਾਂ ਨੂੰ ਨਹੀਂ ਭੇਜਿਆ ਗਿਆ। ਗੁਆਂਢੀ ਦੀ ਬੇਟੀ ਦੀ ਭਲਕੇ ਵੀਰਵਾਰ ਨੂੰ ਬਰਾਤ ਆਉਣੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਬੱਚਿਆਂ ਨੂੰ ਵਿਆਹ ਦੇਖਣ ਦੀ ਇਜਾਜਤ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਵਿਆਹ ਦੇਖਣ ਤੋਂ ਬਾਅਦ ਸ਼ੁੱਕਰਵਾਰ ਨੂੰ ਦੋਵੇਂ ਬੱਚਿਆਂ ਨੂੰ ਪ੍ਰਭ ਆਸਰਾ ਕੇਂਦਰ ਵਿੱਚ ਭੇਜਿਆ ਜਾਵੇਗਾ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…