Nabaz-e-punjab.com

550 ਸਾਲਾ ਪ੍ਰਕਾਸ਼ ਪੁਰਬ: ਸਿੱਖਿਆ ਬੋਰਡ ਵੱਲੋਂ ਸੁਲਤਾਨਪੁਰ ਲੋਧੀ ਵਿੱਚ ਧਾਰਮਿਕ ਸਮਾਗਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਨਵੰਬਰ:
ਸ੍ਰੀ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਤਹਿਤ ਸੁਲਤਾਨਪੁਰ ਲੋਧੀ ਵਿੱਚ ਸਜਾਏ ਗਏ ਮੁੱਖ ਪੰਡਾਲ ਵਿੱਚ ਵੀਰਵਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਰੂਹਾਨੀ ਪੇਸ਼ਕਾਰੀ ਅਧੀਨ ਵਿਦਿਆਰਥੀਆਂ ਨੇ ਲਗਭਗ ਸਵਾ ਘੰਟਾ ਕਵੀਸ਼ਰੀ, ਵਾਰ-ਗਾਇਨ, ਧਾਰਮਿਕ ਗੀਤ ਅਤੇ ਗੁਰੂ ਸਾਹਿਬ ਨਾਲ ਸਬੰਧਤ ਭਾਸ਼ਨ ਰਾਹੀਂ ਹਜ਼ਾਰਾਂ ਸੰਗਤਾਂ ਨਾਲ ਸੰਵਾਦ ਰਚਾ ਕੇ ਮੌਜੂਦਾ ਛੋਟੀ ਪੀੜ੍ਹੀ ਵੱਲੋਂ ਆਪਣੇ ਸਮਾਜਿਕ, ਧਾਰਮਿਕ ਅਤੇ ਸਿਆਸੀ ਆਗੂਆਂ ਨੂੰ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ, ਵਿਸ਼ਾ ਮਾਹਰ ਹਰਜਿੰਦਰ ਸਿੰਘ ਹੈਪੀ, ਉਪਨੀਤ ਕੌਰ, ਪ੍ਰਿਤਪਾਲ ਸਿੰਘ, ਸੁਰਭੀ ਜੈਕਵਾਲ, ਮਨਵਿੰਦਰ ਸਿੰਘ ਅਤੇ ਰਮਿੰਦਰਜੀਤ ਸਿੰਘ ਬਾਸੂ ਸਮੇਤ ਵਿਦਿਆਰਥੀਆਂ ਦੇ ਅਧਿਆਪਕ ਅਤੇ ਮਾਤਾ ਪਿਤਾ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ।
ਮੁੱਖ ਸਟੇਜ ’ਤੇ ਸਭ ਤੋਂ ਪਹਿਲਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਾੜੀ ਬੁੱਚੀਆਂ, ਗੁਰਦਾਸਪੁਰ ਦੇ ਵਿਦਿਆਰਥੀ ਹਰਮਨਪ੍ਰੀਤ ਸਿੰਘ (ਬਾਰ੍ਹਵੀਂ ਸ਼੍ਰੇਣੀ) ਅਤੇ ਉਸ ਦੇ ਸਾਥੀਆਂ ਦਮਨਦੀਪ ਸਿੰਘ (ਬਾਰ੍ਹਵੀਂ ਸ਼੍ਰੇਣੀ) ਅਤੇ ਸਰਵਨ ਸਿੰਘ (ਗਿਆਰਵੀਂ ਸ਼੍ਰੇਣੀ) ਨੇ ਗੁਰੂ ਸਾਹਿਬ ਨਾਲ ਸਬੰਧਤ ਕਲਾਮ ‘ਪਾਪਾਂ ਦੀ ਧੁੰਦ ਮਿਟੀ ਰੱਬੀ ਜੋਤ ਜਗੀ ਨਨਕਾਣੇ’ ਪੇਸ਼ ਕੀਤਾ। ਇਸ ਮਗਰੋਂ ਬਾਬਾ ਜਸਵੰਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਰੌਂਤਾਂ, ਮੋਗਾ ਦੇ ਵਿਦਿਆਰਥੀਆਂ ਅਰਸ਼ਦੀਪ ਸਿੰਘ (ਬਾਰ੍ਹਵੀਂ ਸ਼੍ਰੇਣੀ), ਜੋਤ ਭੁਪਿੰਦਰ ਸਿੰਘ (ਗਿਆਰ੍ਹਵੀਂ ਸ਼੍ਰੇਣੀ) ਅਤੇ ਅਰਸ਼ਦੀਪ ਸਿੰਘ (ਗਿਆਰ੍ਹਵੀਂ ਸ਼੍ਰੇਣੀ) ਨੇ ਗੁਰੂਜਸ ਦਾ ਕਲਾਮ ‘ਗੁਰੁ ਨਾਨਕ ਸਾਂਝੇ ਕੁਲ ਦੇ ਐ’ ਪੇਸ਼ ਕਰਕੇ ਸੰਗਤਾਂ ਨੂੰ ਕਵੀਸ਼ਰੀ ਰਾਹੀਂ ਨਿਹਾਲ ਕੀਤਾ। ਸਿੰਘ ਸਭਾ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ, ਅਬੋਹਰ ਦੀਆਂ ਵਿਦਿਆਰਥਣਾਂ ਪਰਮੀਤ ਕੌਰ (ਬਾਰ੍ਹਵੀਂ ਸ਼੍ਰੇੇਣੀ), ਕੁਲਵਿੰਦਰ ਕੌਰ ( ਬਾਰ੍ਹਵੀਂ ਸ਼੍ਰੇਣੀ) ਅਤੇ ਨਵਜੋਤ ਕੌਰ (ਗਿਆਰ੍ਹਵੀਂ ਸ਼੍ਰੇਣੀ) ਨੇ ਗੁਰੂ ਮਹਿਮਾ ਦੀ ਵਾਰ ਗਾਈ। ਜਿਸ ਦੌਰਾਨ ਹਾਜ਼ਰ ਸੰਗਤਾਂ ਨੇ ਜੈਕਾਰੇ ਰਾਹੀਂ ਵਿਦਿਆਰਥੀਆਂ ਦਾ ਮਾਣ ਵਧਾਇਆ। ਡੀਏਵੀ ਸੀਨੀਅਰ ਸੈਕੰਡਰੀ ਸਕੂਲ, ਅੰਮ੍ਰਿਤਸਰ ਦੇ ਵਿਦਿਆਰਥੀ ਰਾਘਵ ਸਾਰੰਗਲ (ਨੌਵੀਂ ਸ਼੍ਰ੍ਰੇਣੀ), ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਦੇ ਵਿਦਿਆਰਥੀ ਸੋਨੀ ਸਿੰਘ (ਬਾਰ੍ਹਵੀਂ ਸ਼੍ਰੇਣੀ) ਅਤੇ ਗੁਰੂ ਨਾਨਕ ਖਾਲਸਾ ਕੰਨਿਆਂ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਬਾਬਾ ਸੰਗ ਢੇਸੀਆਂ ਦੀ ਵਿਦਿਆਰਥਣ ਹਨੀਮਾ (ਨੌਵੀਂ ਸ਼੍ਰੇਣੀ) ਨੇ ਗੁਰੂ ਸਾਹਿਬ ਨਾਲ ਸਬੰਧਤ ਨਿਰੋਲ ਧਾਰਮਿਕ ਗੀਤ ਪੇਸ਼ ਕਰਕੇ ਅੱਜ ਕੱਲ ਦੇ ਗਾਇਕਾਂ ਨੂੰ ਗੀਤਾਂ ਦੇ ਅਰਥ ਭਰਪੂਰ ਵਿਸ਼ੇ ਚੁਣਨ ਦਾ ਸੱਦਾ ਦਿੱਤਾ।
ਭਾਈ ਰਾਮ ਕ੍ਰਿਸ਼ਨ ਗੁਰਮਤਿ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਚੌਰਾ ਰੋੜ, ਪਟਿਲਾਲਾ ਦੀ ਵਿਦਿਆਰਥਣ ਹਰਮਨਦੀਪ ਕੌਰ (ਗਿਆਰ੍ਹਵੀਂ ਸ਼੍ਰੇਣੀ) ਨੇ ਗੁਰੂ ਸਾਹਿਬ ਦੇ ਜੀਵਨ ਬਿਰਤਾਂਤ ਸਬੰਧੀ ਭਾਸ਼ਨ ਸੰਵਾਦ ਰਚਾਇਆ ਜਦੋਂ ਕਿ ਸੰਤ ਬਾਬਾ ਨੱਥਾ ਸਿੰਘ ਮੈਮੋਰੀਅਲ ਪਬਲਿਕ ਹਾਈ ਸਕੂਲ, ਬੁਤਾਲਾ, ਅੰਮ੍ਰਿਤਸਰ ਦੀ ਵਿਦਿਆਰਥਣ ਰਵਿੰਦਰ ਕੌਰ (ਦਸਵੀਂ ਸ਼੍ਰੇਣੀ) ਨੇ ਆਪਣੇ ਭਾਸ਼ਨ ਦਾ ਵਿਸ਼ਾ ਗੁਰੂ ਸਾਹਿਬ ਦੀ ਵਿਚਾਰਧਾਰਾ ਚੁਣਿਆਂ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪੰਜੋਲੀ ਕਲਾਂ, ਫਤਹਿਗੜ੍ਹ ਸਾਹਿਬ ਦੀ ਵਿਦਿਆਰਥਣ ਹਰਜੀਤ ਕੌਰ (ਦਸਵੀਂ ਸ਼੍ਰੇਣੀ) ਨੇ ਆਪਣਾ ਸੰਵਾਦ ਗੁਰੂ ਸਾਹਿਬ ਦੀ ਸਿੱਖਿਆ ਅਤੇ ਫ਼ਲਸਫ਼ੇ ਸਬੰਧੀ ਵਿਸ਼ੇ ਉੱਤੇ ਕੇੱਦਰਿਤ ਰੱਖਿਆ।
ਇਸ ਮੌਕੇ ਪੰਡਾਲ ਵਿੱਚ ਹਾਜ਼ਰ ਸੰਗਤਾਂ ਨੇ ਧਾਰਮਿਕ ਗੀਤ ਅਤੇ ਭਾਸ਼ਨਾਂ ਦੌਰਾਨ ਜੈਕਾਰਿਆਂ ਨਾਲ ਸਕੂਲ ਬੋਰਡ ਦੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਅਤੇ ਉਨ੍ਹਾਂ ਦਾ ਸੁਨੇਹਾ ਆਪਣੇ ਤੱਕ ਪਹੁੰਚੇ ਹੋਣ ਦਾ ਪ੍ਰਮਾਣ ਦਿੱਤਾ। ਸਿੱਖਿਆ ਬੋਰਡ ਦੇ ਵਿਦਿਆਰਥੀ ਬੁੱਧਵਾਰ13 ਨਵੰਬਰ ਨੂੰ ਵੀ ਸੁਲਤਾਨਪੁਰ ਲੋਧੀ ਵਿੱਚ ਆਪਣੀ ਹਾਜ਼ਰੀ ਲਗਵਾਉਣਗੇ। ਇਸ ਮੌਕੇ ਹਜ਼ਾਰਾਂ ਸਕੂਲੀ ਵਿਦਿਆਰਥੀਆਂ ਦੇ ਸੁਲਤਾਨਪੁਰ ਲੋਧੀ ਵਿੱਚ ਨਤਮਸਤਕ ਹੋਣ ਦੀ ਆਸ ਹੈ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…