Nabaz-e-punjab.com

ਪ੍ਰਕਾਸ਼ ਪੁਰਬ: ਚੌਗਿਰਦੇ ਵਿੱਚ ਫੈਲਿਆ ਗੁਰੂ ਨਾਨਕ ਦੇਵ ਜੀ ਦਾ ਸਰਬ ਸਾਂਝੀਵਾਲਤਾ ਦਾ ਸੁਨੇਹਾ

ਡਿਜੀਟਲ ਮਿਊਜ਼ੀਅਮ-ਕਮ-ਲਾਈਟ ਐਂਡ ਸਾਊਂਡ ਸ਼ੋਅ ਸਮਾਪਤ, ਅਖੀਰਲੇ ਦਿਨ ਤਕਨੀਕੀ ਨੁਕਸ ਪਿਆ

ਅਖੀਰਲੇ ਦਿਨ ਵੱਡੀ ਗਿਣਤੀ ਵਿੱਚ ਇਲਾਕੇ ਦੀ ਸੰਗਤ ਨੇ ਬਾਬੇ ਨਾਨਕ ਦੇ ਜੀਵਨ ਫ਼ਲਸਫ਼ੇ ਨੂੰ ਜਾਣਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਕਤੂਬਰ:
ਗੁਰੂ ਨਾਨਕ ਦੇਵ ਜੀ ਦਾ ਸਰਬ ਸਾਂਝੀਵਾਲਤਾ ਅਤੇ ਧਾਰਮਿਕ ਸਹਿਣਸ਼ੀਲਤਾ ਦਾ ਸੁਨੇਹੇ ਡਿਜੀਟਲ ਮਿਊਜ਼ੀਅਮ-ਕਮ-ਲਾਈਟ ਐਂਡ ਸਾਊਂਡ ਸ਼ੋਅ ਨਾਲ ਮੁਹਾਲੀ ਦੀ ਫਿਜ਼ਾ ਵਿੱਚ ਫੈਲ ਗਿਆ। 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੁੱਚੀ ਮਨੁੱਖਤਾ ਨੂੰ ਸ਼ਾਂਤੀ ਤੇ ਸਦਭਾਵਨਾ ਦਾ ਹੋਕਾ ਦੇਣ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਇਹ ਨਿਵੇਕਲਾ ਉੱਦਮ ਕੀਤਾ ਗਿਆ। ਮੁਹਾਲੀ ਵਿੱਚ ਲਗਾਤਾਰ ਤਿੰਨ ਦਿਨ ਭਾਰੀ ਗਿਣਤੀ ਵਿੱਚ ਲੋਕਾਂ ਦੀ ਭੀੜ ਜੁੜੀ ਪ੍ਰੰਤੂ ਅਖੀਰਲੇ ਦਿਨ ਸ਼ਾਮ ਦੇ ਸ਼ੋਅ ਵਿੱਚ ਤਕਨੀਕੀ ਨੁਕਸ ਕਾਰਨ ਸੰਗਤ ਨੂੰ ਭਾਰੀ ਨਿਰਾਸ਼ਾ ਹੋਈ।
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਆਗੂ ਜਥੇਦਾਰ ਗੁਰਸੇਵ ਸਿੰਘ ਹਰਪਾਲਪੁਰ, ਅਮਰੀਕ ਸਿੰਘ ਧਾਲੀਵਾਲ ਅਤੇ ਪਰਮਦੀਪ ਸਿੰਘ ਭਬਾਤ ਤੇ ਹੋਰਨਾਂ ਵਿਅਕਤੀਆਂ ਨੇ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਡਿਜੀਟਲ ਮਿਊਜ਼ੀਅਮ ਜ਼ਿਆਦਾ ਸਮੇਂ ਤੱਕ ਹੋਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਅੱਜ ਵੱਡੀ ਗਿਣਤੀ ਵਿੱਚ ਲੋਕ ਡਿਜੀਟਲ ਮਿਊਜ਼ੀਅਮ ਦੇਖਣ ਪਹੁੰਚੇ ਸੀ ਪਰ ਸ਼ਾਮ ਨੂੰ ਪ੍ਰਬੰਧਕ ਅਗਲੇ ਪ੍ਰੋਗਰਾਮ ਦੀ ਦੁਹਾਈ ਦੇ ਕੇ ਮਿਊਜ਼ੀਅਮ ਦਾ ਸਮਾਨ ਸਮੇਟਮ ਵਿੱਚ ਲੱਗੇ ਹੋਏ ਸੀ। ਇਹੀ ਨਹੀਂ ਲਾਈਟ ਐਂਡ ਸਾਊਂਡ ਸ਼ੋਅ ਵਿੱਚ ਅਚਾਨਕ ਤਕਨੀਕੀ ਖ਼ਰਾਬੀ ਕਾਰਨ ਕਰੀਬ ਅੱਧਾ ਘੰਟਾ ਸੰਗਤ ਨੂੰ ਨਿਰਾਸ਼ ਹੋਣਾ ਪਿਆ।
ਉਧਰ, ਡਿਜੀਟਲ ਮਿਊਜ਼ੀਅਮ ਦੌਰਾਨ 10 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਦੇ ਪਹੁੰਚਣ ਦਾ ਦਾਅਵਾ ਕਰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਲਾਈਟ ਐਂਡ ਸਾਊਂਡ ਸ਼ੋਅ ਨੇ ਵੀ ਇੰਨੀ ਹੀ ਗਿਣਤੀ ਵਿੱਚ ਸ਼ਰਧਾਲੂਆਂ ਨੂੰ ਟੁੰਬਿਆ। ਬਹੁਮੰਤਵੀ ਖੇਡ ਭਵਨ ਸੈਕਟਰ-78 ਵਿੱਚ ਲੱਗਿਆ ਇਹ ਅਤਿ ਆਧੁਨਿਕ ਤਿੰਨ ਰੋਜ਼ਾ ਡਿਜੀਟਲ ਮਿਊਜ਼ੀਅਮ-ਕਮ-ਲਾਈਟ ਐਂਡ ਸਾਊਂਡ ਸ਼ੋਅ ਅੱਜ ਸਮਾਪਤ ਹੋ ਗਿਆ। ਸੂਬੇ ਭਰ ਵਿੱਚ ਹੋ ਰਹੇ ਇਨ੍ਹਾਂ ਸ਼ੋਆਂ ਦਾ ਅਗਲਾ ਪੜਾਅ 11 ਤੋਂ 13 ਅਕਤੂਬਰ ਤੱਕ ਲੁਧਿਆਣਾ ਵਿੱਚ ਹੋਵੇਗਾ। ਇਹ ਸ਼ੋਅ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸੂਬਾ ਸਰਕਾਰ ਵੱਲੋਂ ਗੁਰੂ ਸਾਹਿਬ ਜੀ ਦਾ ਸਰਬ ਸਾਂਝੀਵਾਲਤਾ ਦਾ ਸੁਨੇਹਾ ਫੈਲਾਉਣ ਲਈ ਉਲੀਕੇ ਪ੍ਰੋਗਰਾਮਾਂ ਦੀ ਲੜੀ ਦਾ ਹਿੱਸਾ ਹੈ। ਇਸ ਤਹਿਤ ਅਗਲੇ ਮਹੀਨੇ ਨਵੰਬਰ ਵਿੱਚ ਹੋਣ ਵਾਲੇ ਸਮਾਗਮਾਂ ਦੀਆਂ ਤਿਆਰੀਆਂ ਉੱਤੇ ਨਿੱਜੀ ਤੌਰ ’ਤੇ ਨਜ਼ਰ ਰੱਖ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਅਗਲੇ ਦਿਨਾਂ ਵਿੱਚ ਪ੍ਰਕਾਸ਼ ਪੁਰਬ ਸਬੰਧੀ ਹੋ ਰਹੇ ਜਸ਼ਨਾਂ ਨੂੰ ਸ਼ਰਧਾਲੂਆਂ ਲਈ ਯਾਦਗਾਰ ਬਣਾਉਣ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ।
ਡੀਸੀ ਨੇ ਕਿਹਾ ਕਿ ਮੁਹਾਲੀ ਵਿੱਚ ਇਨ੍ਹਾਂ ਤਿੰਨ ਦਿਨਾਂ ਵਿੱਚ ਡਿਜੀਟਲ ਮਿਊਜ਼ੀਅਮ ਦੌਰਾਨ 10 ਹਜ਼ਾਰ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਅਤੇ ਇੰਨੀ ਹੀ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਲਾਈਟ ਐਂਡ ਸਾਊਂਡ ਸ਼ੋਅ ਦਾ ਆਨੰਦ ਮਾਣਿਆ। ਉਨ੍ਹਾਂ ਕਿਹਾ ਕਿ ਇਹ ਸ਼ੋਅ ਕਰਵਾਉਣ ਦਾ ਮੁੱਖ ਮੰਤਵ ਨੌਜਵਾਨ ਪੀੜ੍ਹੀ ਨੂੰ ਗੁਰੂ ਨਾਨਕ ਦੇਵ ਜੀ ਦੇ ਫਿਰਕੂ ਸਦਭਾਵਨਾ, ਸ਼ਾਂਤੀ, ਭਾਈਚਾਰੇ ਵਾਲੇ ਫ਼ਲਸਫ਼ੇ ਤੇ ਜੀਵਨ ਬਾਰੇ ਜਾਣੂ ਕਰਵਾਉਣਾ ਸੀ। ਇਸ ਵਿਸ਼ੇਸ਼ ਸ਼ੋਅ ਦੌਰਾਨ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਉਦਾਸੀਆਂ ਨੂੰ ਰੂਪਮਾਨ ਕੀਤਾ ਗਿਆ।
ਜਾਣਕਾਰੀ ਅਨੁਸਾਰ ਪੰਜਾਬ ਭਰ ਵਿੱਚ ਵੱਖ-ਵੱਖ ਥਾਵਾਂ ’ਤੇ ਲਗਾਤਾਰ ਚਾਰ ਮਹੀਨੇ ਤੱਕ ਚੱਲਣ ਬਾਰੇ ਇਸ ਲਾਈਟ ਐਂਡ ਸਾਊਂਡ ਸ਼ੋਅ-ਕਮ-ਡਿਜੀਟਲ ਮਿਊਜ਼ੀਅਮ ਦੌਰਾਨ ਗੁਰੂ ਸਾਹਿਬ ਦੇ ਧਾਰਮਿਕ ਸਹਿਣਸ਼ੀਲਤਾ ਅਤੇ ਭਾਈਚਾਰਕ ਸਾਂਝ ਕਾਇਮ ਕਰਨ ਦੀਆਂ ਸਿੱਖਿਆਵਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ। ਮੁਹਾਲੀ, ਚੰਡੀਗੜ੍ਹ ਸਮੇਤ ਬਟਾਲਾ, ਡੇਰਾ ਬਾਬਾ ਨਾਨਕ, ਸੁਲਤਾਨਪੁਰ ਲੋਧੀ ਵਰਗੇ ਗੁਰੂ ਸਾਹਿਬ ਨਾਲ ਸਬੰਧਤ ਇਤਿਹਾਸਕ ਸ਼ਹਿਰਾਂ ਸਮੇਤ ਸਾਰੇ ਜ਼ਿਲ੍ਹਾ ਸਦਰ ਮੁਕਾਮਾਂ ਦੇ ਨਾਲ-ਨਾਲ 26 ਥਾਵਾਂ ਉੱਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਇਹ ਸ਼ੋਅ ਕਰਵਾਏ ਜਾਣਗੇ। ਇਸ ਮੌਕੇ ਗੁਰੂ ਨਾਨਕ ਦੇਵ ਜੀ ਦੇ ਸਾਂਝੀਵਾਲਤਾ ਦੇ ਸੁਨੇਹੇ, ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਤੇ ਉਦਾਸੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਮੁਹੱਈਆ ਕਰਵਾਈ ਗਈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…