Nabaz-e-punjab.com

ਪ੍ਰਕਾਸ਼ ਪੁਰਬ: ਸੁਲਤਾਨਪੁਰ ਲੋਧੀ ਵਿੱਚ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਦੀ ਰੂਹਾਨੀ ਪੇਸ਼ਕਾਰੀ

ਨਬਜ਼-ਏ-ਪੰਜਾਬ ਬਿਊਰੋ, ਸੁਲਤਾਨਪੁਰ ਲੋਧੀ, 13 ਨਵੰਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੁੱਧਵਾਰ ਨੂੰ ਸੁਲਤਾਨਪੁਰ ਲੋਧੀ ਵਿੱਚ ਆਪਣੇ ਵਿਦਿਆਰਥੀਆਂ ਦੀ ਰੂਹਾਨੀ ਪੇਸ਼ਕਾਰੀ ਜ਼ਰੀਏ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਪਣੇ ਵੱਲੋਂ ਅਕੀਦਤ ਪੇਸ਼ ਕੀਤੀ ਗਈ। ਮੁੱਖ ਪੰਡਾਲ ਵਿੱਚ ਤਿੰਨ ਘੰਟੇ ਤੋਂ ਵੱਧ ਸਮਾਂ ਚੱਲੇ ਇਸ ਸਮਾਗਮ ਵਿੱਚ ਹਜ਼ਾਰਾਂ ਸਕੂਲੀ ਵਿਦਿਆਰਥੀ, ਸੰਗਤ, ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ, ਵਾਈਸ ਚੇਅਰਮੈਨ ਬਲਦੇਵ ਸਚਦੇਵਾ, ਜ਼ਿਲ੍ਹਾ ਕਪੂਰਥਲਾ ਦੇ ਡੀਈਓ ਮੱਸਾ ਸਿੰਘ ਸਿੱਧੂ, ਸਿੱਖਿਆ ਬੋਰਡ ਦੇ ਜ਼ਿਲ੍ਹਾ ਮੈਨੇਜਰ ਅਤੇ ਸਿੱਖਿਆ ਵਿਭਾਗ ਦੇ ਕਈ ਅਧਿਕਾਰਜੀ ਅਤੇ ਮੁਲਾਜ਼ਮ ਵੀ ਸ਼ਾਮਲ ਹੋਏ।
ਸਮਾਗਮ ਦਾ ਆਗਾਜ਼ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਲੁਧਿਆਣਾ ਦੇ ਵਿਦਿਆਰਥੀ ਹਰਪ੍ਰੀਤ ਸਿੰਘ, ਮੁਖਵਿੰਦਰ ਸਿੰਘ, ਜਗਦੀਪ ਸਿੰਘ ਅਤੇ ਸੁਖਵਿੰਦਰ ਸਿੰਘ ਵੱਲੋਂ ਪੇਸ਼ ਕੀਤੇ ਸ਼ਬਦ ਗਾਇਨ ਨਾਲ ਹੋਇਆ। ਇਸ ਉਪਰੰਤ ਨਿਊ ਫ਼ਲਾਵਰ ਸੀਨੀਅਰ ਸੈਕੰਡਰੀ ਸਕੂਲ, ਅੰਮ੍ਰਿਤਸਰ ਦੀਆਂ ਬਲਵਿੰਦਰ ਸਿੰਘ ਅਤੇ ਸਾਥੀ ਅਤੇ ਜਸਲੀਨ ਕੌਰ ਤੇ ਸਾਥਣਾਂ ਨੇ ਸ਼ਬਦ ਪੇਸ਼ ਕੀਤੇ ਜਿਸ ਦੌਰਾਨ ਹਰਮੰਦਰ ਸਿੰਘ, ਗੁਨਤਾਜ ਸਿੰਘ, ਸਮਰਪ੍ਰੀਤ ਸਿੰਘ , ਕਿਰਨਜੋਤ ਕੌਰ, ਚਰਨਪ੍ਰੀਤ ਕੌਰ ਦੇ ਸੁਰਬੱਧ ਬੋਲਾਂ ਨੇ ਹਾਜ਼ਰ ਸੰਗਤ ਨੂੰ ਗੁਰੂਜਸ ਨਾਲ ਨਿਹਾਲ ਕੀਤਾ। ਇਨ੍ਹਾਂ ਦੋਵੇਂ ਜਥਿਆਂ ਵਿੱਚ ਤਬਲੇ ਦੀ ਸੇਵਾ ਅਕਾਸ਼ਪ੍ਰੀਤ ਸਿੰਘ ਨੇ ਨਿਭਾਈ। ਸ੍ਰੀ ਹਰਕਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਲੁਧਿਆਣਾ ਦੀ ਵਿਦਿਆਰਥਣ ਇਸ਼ਪ੍ਰੀਤ ਕੌਰ ਅਤੇ ਉਸ ਦੀਆਂ ਸਾਥਣਾਂ ਰੂਹੀਕਾ ਗਾਬਾ, ਜਸਪ੍ਰੀਤ ਕੌਰ, ਗੁਰਲੀਨ ਕੌਰ ਅਤੇ ਪਰਮੀਤ ਕੌਰ ਨੇ ਪਹਿਲੇ ਪਾਤਸ਼ਾਹ ਦੀ ਰਚਨਾ ਕੀਰਤਨ ਰੂਪ ਵਿੱਚ ਪੇਸ਼ ਕੀਤੀ। ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ, ਬਟਾਲਾ ਦੀਆਂ ਵਿਦਿਆਰਥਣਾਂ ਪਵਨਦੀਪ ਕੌਰ, ਮਹਿਕਜੋਤ ਕੌਰ, ਉਪਾਸਨਾਂ, ਰਸਿਕਾ ਸ਼ਰਮਾਂ ਅਤੇ ਹਰਪ੍ਰੀਤ ਨੇ ਸੰਗਤਾਂ ਨੂੰ ਨਿਹਾਲ ਕੀਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਦੀਆਂ ਵਿਦਿਆਰਥਣਾਂ ਪ੍ਰਿਆ, ਟਿਸ਼ਾ, ਡਿੰਪਲ, ਪਿਅੰਕਾ ਅਤੇ ਕਾਜਲ ਨੇ ਗੁਰੂਜਸ ਗਾ ਕੇ ਕੀਰਤਨ ਸਮਾਗਮ ਨੂੰ ਸਿੱਖਰ ਤੱਕ ਪੁਚਾਇਆ। ਇਸ ਦੌਰਾਨ ਹਾਜ਼ਰ ਵਿਦਿਆਰਥੀ ਅਤੇ ਸੰਗਤ ਜੈਕਾਰਿਆਂ ਨਾਲ ਵਿਦਿਆਰਥੀਆਂ ਦੀ ਪੇਸ਼ਕਾਰੀ ਨੂੰ ਨਿਵਾਜ਼ਦੇ ਰਹੇ।
ਪਹਿਲੀ ਪਾਤਸ਼ਾਹ ਦੇ ਜੀਵਨ ਅਤੇ ਫ਼ਲਸਫ਼ੇ ਨਾਲ ਸਬੰਧਤ ਕਵਿਤਾ ਅਤੇ ਭਾਸ਼ਨ ਵਿੱਚ ਸਰਕਾਰੀ ਹਾਈ ਸਕੂਲ, ਬੁੱਗਾ ਕਲਾਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਵਿਦਿਆਰਥਣ ਅਮਨਦੀਪ ਕੌਰ ਵੱਲੋਂ ਪੇਸ਼ ਕੀਤੀ ਗਈ ਕਵਿਤਾ ‘ਐ ਬਾਬਾ ਤੇਰਾ ਵਤਨ ਹੈ ਵੀਰਾਨ ਹੋ ਗਿਆ’ ਨੇ ਪੰਡਾਲ ਵਿੱਚ ਪੂਰਨ ਸ਼ਾਂਤੀ ਦਾ ਮਾਹੌਲ ਪੈਦਾ ਕਰ ਦਿੱਤਾ। ਜਿਸ ਮਗਰੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਦੀ ਵਿਦਿਆਰਥਣ ਕਸ਼ਿਸ਼ ਸ਼ਰਮਾ ਦੀ ਕਵਿਤਾ ‘ਮਰਦਾਨਾ ਕਿਉੱ ਨਹੀਂ ਆਇਆ’ ਨੇ ਸਟੇਜ ਉੱਤੇ ਬੈਠੇ ਅਧਿਕਾਰੀਆਂ ਅਤੇ ਪੰਡਾਲ ਵਿੱਚ ਬੈਠੀ ਸੰਗਤ ਨੂੰ ਗੁਰੂ ਜੀ ਦੀਆਂ ਸਿੱਖਿਆਵਾਂ ਉੱਤੇ ਅਮਲ ਕਰਨ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ। ਇਸ ਮਗਰੋਂ ਨਿਊ ਸਨਫ਼ਲਾਵਰ ਸੀਨੀਅਰ ਸੈਕੰਡਰੀ ਸਕੂਲ, ਅੰਮ੍ਰਿਤਸਰ ਦੀ ਵਿਦਿਆਰਥਣ ਨਿਤਿਕਾ ਨੇ ਵੀ ਗੁਰੂ ਸੋਭਾ ਦੀ ਕਵਿਤਾ ਪੇਸ਼ ਕੀਤੀ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪੰਜੋਲੀ ਕਲਾਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਵਿਦਿਆਰਥਣ ਹਰਜੀਤ ਕੌਰ ਨੇ ਪਹਿਲੇ ਪਾਤਸ਼ਾਹ ਦੇ ਫ਼ਲਸਫ਼ੇ ਬਾਰੇ ਭਾਸ਼ਨ ਸੰਵਾਦ ਪੇਸ਼ ਕੀਤਾ ਜਦੋਂਕਿ ਸੰਤ ਬਾਬਾ ਨੱਥਾ ਸਿੰਘ ਮੈਮੋਰੀਅਲ ਸਕੂਲ, ਤਰਨ ਤਾਰਨ ਦੀ ਵਿਦਿਆਰਥਣ ਰਵਿੰਦਰ ਕੌਰ ਅਤੇ ਨਿਊ ਸਨਫ਼ਲਾਵਰ ਸੀਨੀਅਰ ਸੈਕੰਡਰੀ ਸਕੂਲ, ਅੰਮ੍ਰਿਤਸਰ ਦੀ ਵਿਦਿਆਰਥਣ ਪ੍ਰਭਪ੍ਰੀਤ ਕੌਰ ਨੇ ਗੁਰੂ ਨਾਨਕ ਸਾਹਿਬ ਦੇ ਜੀਵਨ ਸਬੰਧੀ ਨੁਕਤਿਆਂ ਨੂੰ ਪ੍ਰਕਾਸ਼ਮਾਨ ਕਰਦਾ ਸੰਵਾਦ ਭਾਸ਼ਨ ਦੇ ਰੂਪ ਵਿੱਚ ਪੇਸ਼ ਕੀਤਾ।
ਵਾਰ ਗਾਇਨ ਵਿੱਚ ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ, ਮਿਲਰਗੰਜ, ਲੁਧਿਆਣਾ ਦੇ ਵਿਦਿਆਰਥੀਆਂ ਰਾਜਵੀਰ ਸਿੰਘ, ਰਾਜਨ ਸਿੰਘ ਤੇ ਇੰਦਰਜੀਤ ਸਿੰਘ ਨੇ ਗੁਰੂ ਮਹਿਮਾ ਦਾ ਕਲਾਮ ਪੇਸ਼ ਕੀਤਾ। ਜਿਸ ਮਗਰੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨਸਰਾਲਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿਦਿਆਰਥੀਆਂ ਸਿਮਰਤਪਾਲ ਸਿੰਘ, ਕੀਰਤਪਾਲ ਸਿੰਘ ਅਤੇ ਸਰਗਮ ਨੇ ਆਪਣੀ ਪੇਸ਼ਕਾਰੀ ਦਿੱਤੀ। ਇਸ ਵੰਨਗੀ ਵਿੱਚ ਸਿੰਘ ਸਭਾ ਕੰਨਿਆਂ ਪਾਠਸ਼ਾਲਾ, ਅਬੋਹਰ ਦੀਆਂ ਵਿਦਿਆਰਥਣਾਂ ਪਰਮਜੀਤ ਕੌਰ, ਨਵਜੋਤ ਕੌਰ ਅਤੇ ਕੁਲਵਿੰਦਰ ਕੌਰ ਵੱਲੋਂ ਪੇਸ਼ ਕੀਤਾ ਗਿਆ ਗੁਰੂ ਮਹਿਮਾ ਦਾ ਕਲਾਮ ਹਾਜ਼ਰ ਸੰਗਤ ਵੱਲੋਂ ਜੈਕਾਰਿਆਂ ਨਾਲ ਸਲਾਹਿਆ ਗਿਆ। ਇਸੇ ਦੋਰਾਨ ਰਾਮਗੜ੍ਹੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਮਿਲਰਗੰਜ, ਲੁਧਿਆਣਾ ਦੀ ਵਿਦਿਆਰਥਣ ਬਬਲਪ੍ਰੀਤ ਕੌਰ ਅਤੇ ਉਸ ਦੀਆਂ ਸਾਥਣਾਂ ਵੱਲੋਂ ਪੇਸ਼ ਕੀਤਾ ਗਿਆ ਗਤਕਾ ਖਿੱਚ ਦਾ ਮੁੱਖ ਕੇਂਦਰ ਰਿਹਾ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋੱ ਬੁੱਧਵਾਰ ਨੂੰ ਪੇਸ਼ ਕੀਤਾ ਗਿਆ ਸਮਾਗਮ ਮੁੱਖ ਪੰਡਾਲ ਦੀ ਸਟੇਜ ਉੱਤੇ ਤੀਸਰਾ ਸਮਾਗਮ ਰਿਹਾ ਜਦੋਂਕਿ ਪਿਛਲੇ ਹਫ਼ਤੇ ਵੀ ਲਗਾਤਾਰ ਦੋ ਦਿਨ ਬੋਰਡ ਨਾਲ ਸਬੰਧਤ ਵਿਦਿਆਰਥੀ ਆਪਣੀ ਇਸ ਪੀੜ੍ਹੀ ਦਾ ਵੱਡੀ ਪੀੜ੍ਹੀ ਨਾਲ, ਗੁਰੂ ਨਾਨਕ ਪਾਤਸ਼ਾਹ ਦੇ ਸੰਦਰਭ ਵਿੱਚ ਸੰਵਾਦ ਰਚਾਉੱਦੇ ਰਹੇ। ਵਿਦਿਆਰਥੀਆਂ ਨੇ ਗੀਤਾਂ ਰਾਹੀਂ ਉਹ ਅਧਿਆਤਮਕ ਵਿਸ਼ੇ ਛੋਹੇ ਜਿਨ੍ਹਾਂ ਨੂੰ ਅਜੋਕੇ ਗੀਤਕਾਰਾਂ ਤੇ ਗਾਇਕਾਂ ਨੇ ਭੁਲਾ ਹੀ ਦਿੱਤਾ ਹੈ। ਆਪਣੇ ਭਾਸ਼ਨਾਂ ਰਾਹੀਂ ਵਿਦਿਆਰਥੀਆਂ ਨੇ ਗੁਰੂ ਨਾਨਕ ਸਾਹਿਬ ਦੇ ਫ਼ਲਸਫ਼ੇ ਨੂੰ ਲਾਗੂ ਕਰਨ ਦਾ ਹੋਕਾ ਦਿੱਤਾ। ਸਟੇਜ ਦੇ ਪ੍ਰੋਗਰਾਮਾਂ ਤੋੱ ਇਲਾਵਾ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਵੱਲੋਂ 5 ਤੋਂ 12 ਨਵੰਬਰ ਤੱਕ ਆਪਣੀਆਂ ਪੇਂਟਿੰਗਾਂ ਅਤੇ ਸੁੰਦਰ ਲਿਖਤਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾੜੀ ਬੁੱਚੀਆਂ ਸ੍ਰੀ ਹਰਗੋਬਿੰਦਪੁਰ ਦੇ ਵਿਦਿਆਰਥੀਆਂ ਹਰਮਨਪ੍ਰੀਤ ਸਿਘ, ਸਰਵਨ ਸਿੰਘ ਤੇ ਦਮਨਪ੍ਰੀਤ ਸਿੰਘ ਨੇ ਕਵੀਸ਼ਰੀ ਪੇਸ਼ ਕਰਦਿਆਂ, ਕਵੀਸ਼ਰੀ ਦੌਰਾਨ ਅਕੀਦਾ ਬਣਾਈ ਰੱਖਣ ਦੀ ਅਪੀਲ ਵੀ ਕੀਤੀ। ਰਾਮਗੜ੍ਹੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਮਿਲਰਗੰਜ ਲੁਧਿਆਣਾ ਦੀਆਂ ਵਿਦਿਆਰਥਣਾਂ ਜਸਲੀਨ ਕੌਰ, ਸਨੇਹਾ ਅਤੇ ਨਿਸ਼ਾ ਨੇ ਆਪਣੀ ਕਵੀਸ਼ਰੀ ਨਾਲ ਇੱਕ ਵਾਰ ਫ਼ੇਰ ਗੁਰੂ ਮਹਿਮਾ ਨੂੰ ਸਿਖਰ ਤੱਕ ਪੁਚਾਇਆ। ਇਸੇ ਦੌਰਾਨ ਨਿਊ ਫ਼ਲਾਵਰ ਸੀਨੀਅਰ ਸੈਕੰਡਰੀ ਸਕੂਲ, ਗੁਰਦਾਸਪੁਰ ਦੀਆਂ ਵਿਦਿਆਰਥਣਾਂ ਨਵਨੀਤ ਕੌਰ, ਰਵਲੀਨ ਕੌਰ ਤੇ ਅਮਨਪ੍ਰੀਤ ਕੌਰ ਨੇ ਵੀ ਕਵੀਸ਼ਰੀ ਪੇਸ਼ ਕੀਤੀ। ਉਨ੍ਹਾਂ ਦਾ ਸਾਥ ਇਸ ਸਕੂਲ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਨੇ ਦਿੱਤਾ। ਸਮਾਗਮ ਦੇ ਅੰਤ ਵਿੱਚ ਸੰਗਤ ਰੂਪ ਵਿੱਚ ਹਾਜ਼ਰ ਵਿਦਿਆਰਥੀਆਂ ਵੱਲੋਂ ਜੈਕਾਰਿਆਂ ਨਾਲ ਸਮਾਗਮ ਪ੍ਰਤੀ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਗੁਰੂ ਪਾਤਸ਼ਾਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਮੰਚ ਦਾ ਸੰਚਾਲਨ ਸ਼੍ਰੀ ਹਰਜਿੰਦਰ ਪਾਲ ਸਿੰਘ ਹੈਪੀ ਵੱਲੋਂ ਬਾਖ਼ੂਬੀ ਕੀਤਾ ਗਿਆ ਜਦੋਂਕਿ ਕਪੂਰਥਲਾ ਦੇ ਡੀਈਓ ਮੱਸਾ ਸਿੰਘ ਵੱਲੋਂ ਸੰਗਤ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਲਈ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …