ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰੂ ਘਰਾਂ ਵਿੱਚ ਲੱਗੀਆਂ ਰੌਣਕਾਂ

ਸੰਸਦ ਮੈਂਬਰ ਚੰਦੂਮਾਜਰਾ ਵੱਲੋਂ ਗੁਰਦੁਆਰਾ ਸਾਹਿਬ ਫੇਜ਼-2 ਲਈ ਐਂਬੂਲੈਂਸ ਦੇਣ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਦਸੰਬਰ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਨੇੜਲੇ ਇਲਾਕਿਆਂ ਵਿਚ ਅੱਜ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਵੱਖ ਵੱਖ ਗੁਰੂ ਘਰਾਂ ਵਿੱਚ ਰੌਣਕਾਂ ਲੱਗੀਆਂ। ਇਸ ਸਬੰਧੀ ਜਿੱਥੇ ਕਈ ਗੁਰਦੁਆਰਾ ਸਾਹਿਬ ਵਿੱਚ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ, ਉੱਥੇ ਸ਼ਹਿਰ ਦੇ ਕਈ ਗੁਰਦੁਆਰਾ ਸਾਹਿਬਾਨ ਅਜਿਹੇ ਵੀ ਹਨ। ਜਿਨ੍ਹਾਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 5 ਜਨਵਰੀ ਨੂੰ ਮਨਾਉਣ ਦਾ ਐਲਾਨ ਕੀਤਾ ਹੋਇਆ ਹੈ। ਇਸ ਤਰਾਂ ਦੋ ਦੋ ਦਿਨ ਪ੍ਰਕਾਸ਼ ਦਿਹਾੜਾ ਮਨਾਉਣ ਕਰਕੇ ਦੁਬਿਧਾ ਵਿਚ ਪਈ ਸੰਗਤ ਨੇ ਇਸਦੇ ਬਾਵਜੂਦ ਅੱਜ ਵੱਖ ਵੱਖ ਗੁਰਧਾਮਾਂ ਵਿਚ ਮੱਥਾ ਟੇਕਿਆ ਅਤੇ ਗੁਰੁੂ ਕੇ ਲੰਗਰ ਵਿਚ ਸੇਵਾ ਕੀਤੀ। ਇਸ ਮੌਕੇ ਵੱਖ ਵੱਖ ਗੁਰਧਾਮਾਂ ਵਿਚ ਵਿਸ਼ੇਸ ਸਮਾਗਮ ਆਯੋਜਿਤ ਕੀਤੇ ਗਏ ਹਨ। ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਵੱਖ ਵੱਖ ਥਾਂਵਾਂ ਉਪਰ ਲੰਗਰ ਵੀ ਲਗਾਏ ਗਏ ਹਨ। ਗੁਰਦੁਆਰਾ ਸਾਚਾ ਧੰਨ ਸਾਹਿਬ ਦੇ ਸਾਹਮਣੇ ਅਤੇ ਫੇਜ਼-3ਬੀ2 ਦੀ ਮਾਰਕੀਟ (ਚਾਵਲਾ ਚੌਂਕ) ਵਿੱਚ ਵੀ ਲੰਗਰ ਲਗਾਏ ਗਏ, ਜਿਥੇ ਕਿ ਵੱਡੀ ਗਿਣਤੀ ਲੋਕਾਂ ਨੇ ਸ਼ਰਧਾ ਨਾਲ ਲੰਗਰ ਛਕਿਆ।
ਇੱਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ ਗਿਆ। ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਧਾਰਮਿਕ ਸਮਾਗਮ ਵਿੱਚ ਭਾਈ ਮਨਜੀਤ ਸਿੰਘ ਅਕਾਲਗ੍ਹੜ ਵਾਲਿਆਂ ਦੇ ਇੰਟਰਨੈਸ਼ਨਲ ਪੰਥਕ ਢਾਡੀ ਜੱਥੇ ਨੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਜੀਵਨ ਬ੍ਰਿਤਾਂਤ ਢਾਡੀ ਵਾਰਾਂ ਵਿੱਚ ਸੰਗਤਾਂ ਨੂੰ ਵਿਸਥਾਰ ਵਿੱਚ ਸੁਣਾਇਆ। ਭਾਈ ਓੱਕਾਰ ਸਿੰਘ ਦੇ ਜਥੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੁਆਰਾ ਦੇਸ਼ ਅਤੇ ਕੌਮ ਦੀ ਖਾਤਰ ਪਹਿਲਾਂ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ, ਪੁੱਤਰਾਂ ਦੀ ਸ਼ਹਾਦਤ ਅਤੇ ਸਿੱਖ ਧਰਮ ਦੀ ਸਥਾਪਨਾ ਬਾਰੇ ਸੰਖੇਪ ਵਿੱਚ ਸੰਗਤਾਂ ਨੂੰ ਜਾਣੂੰ ਕਰਵਾਇਆ। ਭਾਈ ਲਖਵਿੰਦਰ ਸਿੰਘ ਸ੍ਰੀ ਅੰਮ੍ਰਿਤਸਰ ਵਾਲਿਆਂ ਨੇ ਆਪਣੇ ਰਸ ਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ।
ਇਸ ਤੋਂ ਇਲਾਵਾ ਭਾਈ ਸਤਨਾਮ ਸਿੰਘ ਚੰਗਿਆੜਾ ਦਾ ਇੰਟਰਨੈਸ਼ਨਲ ਢਾਡੀ ਜੱਥਾ, ਭਾਈ ਅਮਰਜੀਤ ਸਿੰਘ ਖਾਲਸਾ, ਭਾਈ ਮਨਜੀਤ ਸਿੰਘ ਧੀਰਜ, ਭਾਈ ਗੁਰਦੀਪ ਸਿੰਘ ਖੰਨਾ, ਭਾਈ ਧਰਮ ਸਿੰਘ ਮਾਹੀ, ਭਾਈ ਮਹਿੰਦਰ ਸਿੰਘ, ਭਾਈ ਸੁਖਵਿੰਦਰ ਸਿੰਘ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ, ਭਾਈ ਕੁਲਦੀਪ ਸਿੰਘ ਭਾਈ ਮਹਿੰਦਰ ਪਾਲ ਸਿੰਘ, ਭਾਈ ਰਵਿੰਦਰ ਸਿੰਘ ਦੇ ਜੱਥਿਆਂ ਤੋੱ ਇਲਾਵਾ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਹਜ਼ੂਰੀ ਜੱਥੇ ਭਾਈ ਗੁਰਮੀਤ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਜਸਵੰਤ ਸਿੰਘ, ਭਾਈ ਜਤਿੰਦਰ ਸਿੰਘ ਅਤੇ ਭਾਈ ਹਰਬਖਸ਼ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਸਾਰਾ ਦਿਨ ਹਰਜਸ ਸੁਨਾ ਕੇ ਨਿਹਾਲ ਕੀਤਾ। ਮੰਚ ਸੰਚਾਲਕ ਭਾਈ ਧੰਨਾ ਸਿੰਘ ਨੇ ਸਾਰੇ ਜੱਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਉਧਰ, ਇੱਥੋਂ ਦੇ ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਫੇਜ਼-2 ਵਿੱਚ ਪ੍ਰਧਾਨ ਜੋਗਿੰਦਰ ਸਿੰਘ ਸੋਂਧੀ ਦੀ ਦੇਖਰੇਖ ਵਿੱਚ ਦਸ਼ਮੇਸ਼ ਪਿਤਾ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮਹਾਨ ਜੀਵਨ ਤੇ ਵਿਚਾਰਧਾਰਾ ਦੇਸ਼ ਨੂੰ ਇਕਜੁਟ ਕਰਨ ਲਈ ਚਾਨਣ ਮੁਨਾਰਾ ਸਾਬਤ ਹੋ ਸਕਦੀ ਹੈ। ਗੁਰੂ ਸਾਹਿਬ ਜੀ ਦੇ ਦਰਸਾਏ ਮਾਰਗ ’ਤੇ ਚੱਲ ਕੇ ਹੀ ਜਾਤ-ਪਾਤ ਤੇ ਸਮਾਜਿਕ ਨਾ-ਬਰਾਬਰੀ ਵਰਗੀਆਂ ਬੁਰਾਈਆਂ ਤੋਂ ਮੁਕਤੀ ਪਾਈ ਜਾ ਸਕਦੀ ਹੈ ਅਤੇ ਸ਼ਾਂਤੀ, ਫਿਰਕੂ ਸਦਭਾਵਨਾ, ਆਪਸੀ ਭਾਈਚਾਰੇ ਦੀਆਂ ਤੰਦਾਂ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ।
ਸ੍ਰੀ ਚੰਦੂਮਾਜਰਾ ਨੇ ਉਨ੍ਹਾਂ ਸਮੁੱਚੀ ਸੰਗਤ ਨੂੰ ਪ੍ਰਕਾਸ਼ ਉਤਸਵ ਦੀ ਵਧਾਈ ਦਿੰਦਿਆਂ ਗੁਰਦੁਆਰਾ ਸਾਹਿਬ ਫੇਜ਼-2 ਲਈ ਐਂਬੂਲੈਂਸ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ, ਜ਼ਿਲ੍ਹਾ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਵੀ ਸੰਬੋਧਨ ਕੀਤਾ। ਗੁਰਦੁਆਰਾ ਤਾਲਮੇਲ ਕਮੇਟੀ ਐਸ.ਏ.ਐਸ. ਨਗਰ (ਮੁਹਾਲੀ) ਦੇ ਪ੍ਰਧਾਨ ਜੋਗਿੰਦਰ ਸਿੰਘ ਸੋਂਧੀ ਵੱਲੋਂ ਸ੍ਰੀ ਚੰਦੂਮਾਜਰਾ, ਜਥੇਦਾਰ ਕੁੰਭੜਾ, ਪ੍ਰਿੰਸ ਸਮੇਤ ਅਵਤਾਰ ਸਿੰਘ ਵਾਲੀਆ, ਵਕੀਲ ਸਿਮਰਨਜੀਤ ਸਿੰਘ ਚੰਦੂਮਾਜਰਾ ਅਤੇ ਓਐਸਡੀ ਹਰਦੇਵ ਸਿੰਘ ਹਰਪਾਲਪੁਰ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

Load More Related Articles
Load More By Nabaz-e-Punjab
Load More In Cultural

Check Also

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ …