ਪ੍ਰਸ਼ਾਂਤ ਕਿਸ਼ੋਰ ਬੇਹੱਦ ਚਾਲਬਾਜ਼ ਤੇ ਸੱਤਾ ਦਾ ਦਲਾਲ, ਪੰਜਾਬ ਦੇ ਲੋਕ ਸੁਚੇਤ ਰਹਿਣ: ਬੀਰ ਦਵਿੰਦਰ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 7 ਜੂਨ:
ਜਿਊਂ ਹੀ ਸਾਲ 2022 ਦੀਆਂ ਆਮ ਚੋਣਾਂ ਨੇੜੇ ਆ ਰਹੀਆਂ ਹਨ ਤਿਵੇਂ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਸ਼ਾਂਤ ਕਿਸ਼ੋਰ ਦੀ ਯਾਦ ਸਤਾਉਣ ਲੱਗੀ ਹੈ। ਕਿਉਂਕਿ ਪ੍ਰਸ਼ਾਂਤ ਕਿਸ਼ੋਰ ਦੀ ਨਾਟ-ਮੰਡਲੀ ਨੇ ਹੀ 2017 ਦੀਆਂ ਆਮ ਚੋਣਾਂ ਸਮੇਂ ਪੰਜਾਬ ਦੇ ਲੋਕਾਂ ਨੂੰ ਭਰਮਾਂ ਵਿੱਚ ਪਾ ਕੇ ਲੋਕ-ਲੁਭਾਵਣੇਂ ਚੋਣ-ਭਰੋਸਿਆਂ ਦੀ ਕਪਟੀ ਝਲਕ ਦਿਖਾ ਕੇ ਸਮੁੱਚੇ ਪੰਜਾਬ ਦੇ ਲਗਪਗ ਹਰ ਵਰਗ ਨੂੰ ਕਥਿਤ ਤੌਰ ’ਤੇ ਠੱਗ ਲਿਆ ਸੀ। ਬਾਅਦ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵੀ ਚੋਣ ਵਚਨ ਪੂਰਾ ਨਹੀਂ ਕੀਤਾ ਅਤੇ ਸਭ ਨੂੰ ਹੀ ਠੁੱਠ ਦਿਖਾ ਦਿੱਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਅੱਜ ਇੱਥੇ ਜਾਰੀ ਬਿਆਨ ਵਿੱਚ ਕੀਤਾ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਲਈ ਬੇਹੱਦ ਝੂਠਾ ਮੁੱਖ ਮੰਤਰੀ ਸਾਬਿਤ ਹੋਇਆ ਹੈ ਜੋ ਲੋਕਾਂ ਨਾਲ ਕੀਤੇ ਆਪਣੇ ਹਰ ਕੌਲ ਤੋਂ ਮੁੱਕਰ ਚੁੱਕਾ ਹੈ। ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਵਿੱਚ, ਪ੍ਰਸ਼ਾਂਤ ਕਿਸ਼ੋਰ ਹੀ ਇੱਕ ਛਲੀਏ ਦੇ ਰੂਪ ਵਿੱਚ 2017 ਦੀਆਂ ਚੋਣਾਂ ਵਿੱਚ ਕੈਪਟਨ ਦਾ ਵੱਡਾ ਸੂਤਰਧਾਰ ਬਣਿਆ ਸੀ। ਪ੍ਰਸ਼ਾਂਤ ਕਿਸ਼ੋਰ ਤਾਂ ਨੋਟਾਂ ਦੇ ਸੂਟਕੇਸ ਲੈ ਕੇ ਆਪਣੀ ਨਾਟ-ਮੰਡਲੀ ਸਮੇਤ ਚੋਣਾਂ ਤੋ ਪਿੱਛੋਂ ਚਲਦਾ ਬਣਿਆਂ, ਪਰ ਉਸ ਵੱਲੋਂ ਮਾਰੀ ਗਈ ਪੰਜਾਬ ਨਾਲ ਸਮੂਹਿਕ ਠੱਗੀ ਦਾ ਸੰਤਾਪ, ਪਿਛਲੇ ਤਿੰਨ ਸਾਲਾਂ ਤੋਂ ਸਾਰਾ ਪੰਜਾਬ ਭੋਗ ਰਿਹਾ ਹੈ।
ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਭਾਰਤ ਵਿੱਚ ਇਸ ਵੇਲੇ ਪ੍ਰਸ਼ਾਂਤ ਕਿਸ਼ੋਰ, ਸੱਤਾ ਦਾ ਸਭ ਤੋਂ ਵੱਡਾ ਦਲਾਲ ਅਤੇ ਰਾਜਸੀ ਠੱਗ ਹੈ। ਇਸ ਦੀ ਨਾਟ ਮੰਡਲੀ ਦਾ ਅਕਾਰ ਬੜਾ ਵੱਡਾ ਹੈ, ਇਹ ਨਾਟ ਮੰਡਲੀ ਭਾਰਤ ਨੂੰ ਠੱਗਣ ਵਾਲੀ, ਈਸਟ ਇੰਡੀਆ ਕੰਪਨੀ ਦਾ ਦੂਜਾ ਰੂਪ ਹੈ। ਇਸਦੀ ਆਪਣੀ ਕੋਈ ਵੀ ਰਾਜਨੀਤਕ ਵਿਚਾਰਧਾਰਾ ਨਹੀਂ ਹੈ, ਇਸਦਾ ਇੱਕ ਮਾਤਰ ਮਕਸਦ ਕੇਵਲ ਪੈਸਾ ਹੈ, ਇਸ ਮਕਸਦ ਲਈ ਇਹ ਵੱਡੇ ਰਾਜਨੀਤਕ ਸੌਦੇ ਮਾਰਦਾ ਹੈ, ਚਤਰ-ਵਿਦਿਆ ਅਤੇ ਚਤਰਾਈ, ਇਸਦਾ ਵਪਾਰਕ ਧੰਦਾ ਹੈ। 2022 ਦੀਆਂ ਚੋਣਾਂ ਦੀ ਆਮਦ ਦੇ ਮੱਦੇ ਨਜ਼ਰ ਇਸ ਨੇ ਵੱਡੀ ਠੱਗੀ ਮਾਰਨ ਲਈ ਕਵਾਇਦ ਸ਼ੁਰੂ ਕਰ ਦਿੱਤੀ ਹੈ। ਭਾਂਵੇਂ ਇਹ ਸਾਰੀਆਂ ਹੀ ਪਾਰਟੀਆਂ ਦੇ ਮੁੱਖ ਆਗੂਆਂ ਅੱਗੇ ਆਪਣੀ ਸ਼ਤਰੰਜ ਦੀ ਬਿਸਾਤ ਵਿਛਾ ਦਿੰਦਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਇਸ ਦਾ ਸਭ ਤੋਂ ਵੱਡਾ ਗਾਹਕ ਹੈ।
ਸ੍ਰ. ਬੀਰਦਵਿੰਦਰ ਸਿੰਘ ਨੇ ਕਿਹਾ ਕਿ ਸਰਗੋਸ਼ੀਆਂ ਤਾਂ ਇਹ ਵੀ ਹਨ ਜਿਨ੍ਹਾਂ ਦਾ ਕੁੱਝ ਭਰੋਸੇਯੋਗ ਹਵਾਲਿਆਂ ਤੋਂ ਪਤਾ ਲੱਗ ਰਿਹਾ ਹੈ ਕਿ ਕਾਂਗਰਸ ਪਾਰਟੀ ਅਤੇ ਪੰਜਾਬ ਕੈਬਨਿਟ ਵਿੱਚ ਪਿਛਲੇ ਦਿਨੀਂ ਜੋ ਆਬਕਾਰੀ ਨੀਤੀ ਅਤੇ ਅਵੈਧ ਸ਼ਰਾਬ ਦੀ ਸਮੱਗਲਿੰਗ ਨੂੰ ਲੈ ਕੇ ਜੋ ਬਵਾਲ ਉੱਠਿਆ ਸੀ, ਉਸ ਨੂੰ ਸ਼ਾਂਤ ਕਰਨ ਲਈ ਵੀ ਕੈਪਟਨ ਨੇ ਪ੍ਰਸ਼ਾਂਤ ਕਿਸ਼ੋਰ ਦਾ ਨਾਮ ਹੀ ਵਰਤਿਆ ਸੀ। ਕੈਪਟਨ ਨੇ ਨਾਰਾਜ਼ ਵਜ਼ੀਰਾਂ ਅਤੇ ਕਾਂਗਰਸ ਦੇ ਬਗਾਵਤੀ ਸੁਰ ਵਿੱਚ ਬੋਲਣ ਵਾਲੇ ਵਿਧਾਇਕਾਂ ਨੂੰ ਭਰੋਸੇ ਵਿੱਚ ਲੈ ਕੇ ਇਹ ਆਖ ਕੇ ਸ਼ਾਂਤ ਕੀਤਾ ਗਿਆ ਹੈ ਕਿ ਅਵੈਧ ਸਾਧਨਾਂ ਰਾਹੀਂ ਜੋ ਧਨ ਇਕੱਠਾ ਕੀਤਾ ਜਾ ਰਿਹਾ ਹੈ। ਉਸ ’ਚੋਂ ਵੱਡੀ ਰਾਸ਼ੀ ਦੀ ਅਦਾਇਗੀ ਤਾਂ ਕੇਵਲ ਪ੍ਰਸ਼ਾਂਤ ਕਿਸ਼ੋਰ ਨੂੰ ਹੀ ਕਰਨੀ ਹੈ। ਪਿਛਲੀ ਚੋਂਣ ਸਮੇ ਵੀ ਉਸਨੂੰ ਏਨੀ ਹੀ ਵੱਡੀ ਰਾਸ਼ੀ ਦੀ ਅਦਾਇਗੀ ਕੀਤੀ ਗਈ ਸੀ, ਤਾਂਹੀਓਂ ਤੁਸੀਂ ਐਮ.ਐਲ.ਏ ਅਤੇ ਮੰਤਰੀ ਬਣੇ ਬੈਠੇ ਹੋ।
ਬੀਰਦਵਿੰਦਰ ਦੀ ਟਿੱਪਣੀ ਅਨੁਸਾਰ ਭਰੋਸੇਯੋਗ ਸੂਤਰਾਂ ਤੋਂ ਪਤਾ ਤਾਂ ਇਹ ਵੀ ਲੱਗਾ ਹੈ ਕਿ ਮੁੱਖ ਮੰਤਰੀ ਨੇ ਇਸ ਸਿਲਸਿਲੇ ਵਿੱਚ ਕਾਂਗਰਸ ਹਾਈ ਕਮਾਂਡ, ਆਲ ਇੰਡੀਆ ਕਾਂਗਰਸ ਕਮੇਟੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਖਰਚਿਆਂ ਦਾ ਹਵਾਲਾ ਵੀ ਦਿੱਤਾ ਹੈ। ਸੁਣਿਆ ਹੈ ਕਿ ਕੈਪਟਨ ਨੇ ਬੜੇ ਗੁੱਸੇ ਨਾਲ ਇਨ੍ਹਾਂ ਸਾਥੀਆਂ ਨੂੰ ਕਿਹਾ ਕਿ ਮੈਂ ਅਗਾਮੀਂ ਚੋਣਾਂ ਦਾ ਖਰਚਾ ਅਤੇ ਕਾਂਗਰਸ ਦੇ ਖਰਚੇ, ਆਪਣਾ ਮੋਤੀ ਬਾਗ ਮਹਿਲ ਵੇਚਕੇ ਨਹੀਂ ਦੇਣੇਂ। ਇਹ ਸਭ ਕੁੱਝ ਸੁਣਕੇ ਸਾਰੇ ਕਾਂਗਰਸੀ ਇਸ ਤਰ੍ਹਾਂ ਠੰਡੇ ਪੈ ਗਏ ਜਿਵੇਂ ਸੌ ਘੜਾਂ ਠੰਡੇ ਪਾਣੀ ਦਾ ਉਨ੍ਹਾਂ ਦੇ ਸਿਰ ਵਿੱਚ ਪੈ ਗਿਆ ਹੋਵੇ। ਬਸ ਫੇਰ ਕੀ ਸੀ ਸਭ ਕੁੱਝ ਸ਼ਾਂਤ ਹੋ ਗਿਆ, ਉਹੋ ਮੁੱਖ ਸਕੱਤਰ, ਉਹੋ ਆਬਕਾਰੀ ਨੀਤੀ, ਉਹੋ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਚੂਨੇ, ਹੁਣ ਕਿਸੇ ਵੀ ਕਾਂਗਰਸੀ ਨੂੰ ਕੋਈ ਇਤਰਾਜ਼ ਨਹੀਂ, ਪੰਜਾਬ ਜਾਵੇ ਢੱਠੇ ਖੂਹ ਵਿੱਚ ਸੱਤਾ ਦਾ ਮੋਹ ਕਿਸ ਨੇ ਤਿਆਗਿਆ ਹੈ।
ਸਾਬਕਾ ਡਿਪਟੀ ਸਪੀਕਰ ਨੇ ਨੇ ਪ੍ਰਸ਼ਾਂਤ ਕਿਸ਼ੋਰ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਅਗਾਊਂ ਤਾੜਨਾ ਕੀਤੀ ਕਰਦਿਆਂ ਕਿ ਕਾਠ ਦੀ ਹਾਂਡੀ ਬਾਰ-ਬਾਰ ਨਹੀਂ ਚੜ੍ਹਦੀ ਹੁੰਦੀ, ਪੰਜਾਬ ਦੇ ਲੋਕ ਹੁਣ ਜਾਗ ਚੁੱਕੇ ਹਨ। ਇਸ ਵਾਰ ਪ੍ਰਸ਼ਾਂਤ ਕਿਸ਼ੋਰ ਦੀ ਕਿਸੇ ਕਿਸਮ ਦੀ ਠੱਗੀ ਪੰਜਾਬ ਵਿੱਚ ਚੱਲਣ ਨਹੀਂ ਦਿਆਂਗੇ ਅਤੇ ਪਹਿਲਾਂ ਹੀ ਲੋਕਾਂ ਨੂੰ ਜਾਗਰੂਕ ਕਰਕੇ ਪੰਜਾਬ ਵਿੱਚ ਹਰ ਤਰ੍ਹਾਂ ਦੇ ਸੰਚਾਰ ਸਾਧਨਾਂ, ਅਖ਼ਬਾਰਾਂ, ਬਿਜਲਈ ਮਾਧਿਅਮਾਂ ਅਤੇ ਸੋਸ਼ਲ ਮੀਡੀਆ ਰਾਹੀਂ, ਇੱਕ ਵਿਆਪਕ ਮੁਹਿੰਮ ਵਿੱਢੀ ਜਾਵੇਗੀ ਅਤੇ ਪੰਜਾਬ ਦੀ ਭਾਵੀ ਲੁੱਟ ਨੂੰ ਬਚਾਉਣ ਲਈ, ਕੈਪਟਨ ਅਤੇ ਪ੍ਰਸ਼ਾਂਤ ਕਿਸ਼ੋਰ ਦੇ ਭ੍ਰਿਸ਼ਟ ਗੱਠਜੋੜ ਨੂੰ ਹਰ ਚੌਂਕ-ਚੁਰਾਹੇ ਵਿੱਚ ਨੰਗਾ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…