Nabaz-e-punjab.com

ਜੇਕਰ ਲੋਕਾਂ ਦੀ ਜ਼ਮੀਰ ਜਿਊਂਦਾ ਰਹੀ ਤਾਂ ਪੰਜਾਬ ਦੇ ਮੰਚ ਉੱਤੇ ਪ੍ਰਸ਼ਾਂਤ ਕਿਸ਼ੋਰ ਦੇ ‘ਕੁਫ਼ਰ ਦੇ ਨਾਟਕਾਂ’ ਦਾ ਮੰਚਨ ਸਫਲ ਨਹੀਂ ਹੋਵੇਗਾ: ਬੀਰਦਵਿੰਦਰ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 22 ਮਾਰਚ:
ਉੱਘੇ ਚੋਣ-ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੇ ਪੰਜਾਬ ਦੀ ਸਿਆਸੀ ਸ਼ਤਰੰਜ ਦੀ ਬਿਸਾਤ ’ਤੇ ਇੱਕ ਵਾਰ ਫਿਰ ਸਰਗਰਮ ਹੋ ਜਾਣ ਨਾਲ ਸਿਆਸੀ ਸਰਗੋਸ਼ੀਆਂ ਦਾ ‘ਸੱਟਾ-ਬਾਜ਼ਾਰ’ ਸਿਖ਼ਰਾਂ ’ਤੇ ਅੱਪੜ ਗਿਆ ਹੈ। ਪੰਜਾਬ ਦੇ ਰਾਜਨੀਤਕ ਧਾੜਵੀਆਂ ਅਤੇ ਸਿਆਸੀ ਰਾਹਮਾਰਾਂ ਦੀਆਂ ਲਸ਼ਕਰੀ ਮਸ਼ਕਾਂ ਨੇ ਮੁੜ ਤੋਂ ਤੇਜ਼ੀ ਫੜ ਲਈ ਹੈ। ਪੰਜਾਬ ਦੇ ਸਰਗਰਮ ਮਾਫ਼ੀਆ ਗਰੋਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਅੰਨ੍ਹੇ ਨਿਸ਼ਾਨਚੀਆਂ ਵਜੋਂ ਆਪਣੇ ਰੰਗ-ਰੂਪ ਵਟਾ ਲਏ ਹਨ, ਝੂਠ ਦੇ ਨਗਾਰੇ ਆਪਣੇ ਗਲਾਂ ਵਿੱਚ ਲਮਕਾ ਕੇ ਆਪਣੀਆਂ ਸੇਵਾਵਾਂ ਪ੍ਰਸ਼ਾਂਤ ਕਿਸ਼ੋਰ ਦੇ ਹਵਾਲੇ ਕਰ ਦਿੱਤੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਅੱਜ ਇੱਥੇ ਜਾਰੀ ਬਿਆਨ ਵਿੱਚ ਕੀਤਾ।
ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਨੇ ਆਪਣੇ ਮਹਾਂ-ਝੂਠ ਦੇ ਹਰਫ਼ਾਂ ਦੀ ਪਹਿਲੀ ਇਬਾਰਤ ਦੀ ਘੁੰਡ ਚੁਕਾਈ ਕੈਪਟਨ ਸਰਕਾਰ ਦੀਆਂ ਚਹੁੰ ਸਾਲਾ ਖ਼ੁਫ਼ੀਆ ਪ੍ਰਾਪਤੀਆਂ ਅਤੇ 85 ਫੀਸਦੀ ਵਾਅਦਿਆਂ ਦੀ ਕੀਤੀ ਗਈ ਪੂਰਤੀ ਦਾ ਐਲਾਨ, ਬੇਸ਼ਰਮੀ ਦੇ ਡੰਕੇ ਦੀ ਚੋਟ ਨਾਲ ਕਰ ਦਿੱਤਾ ਹੈ। ਹੁਣ ਦੇਖਦੇ ਹਾਂ ਕਿ ‘ਪੰਜਾਬ ਦੀ ਲੱਜਾ ਦਾ ਊਠ’ ਹੁਣ ਕਿਸ ਕਰਵਟ ਬੈਠਦਾ ਹੈ? ਪੰਜਾਬ ਦੇ ਲੋਕਾਂ ਨੂੰ ਇਸ ਵਰਤਾਰੇ ਦਾ ਕੋਈ ਅਚੰਭਾ ਨਹੀਂ ਹੋਣਾ ਚਾਹੀਦਾ ਕਿ ਦੇਸ਼ ਦੇ ਮਹਾਨ ਰਾਜਨੀਤਕ ਠੱਗ ਅਤੇ ਅਖੌਤੀ, ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਮੁੱਖ ਮੰਤਰੀ ਵੱਲੋਂ ਰਚਿਤ, ‘ਕੁਫ਼ਰ ਦੇ ਨਾਟਕ’ ਦਾ ਲੜੀਵਾਰ ਮੰਚਨ, ਮਹਾਂਝੂਠ-ਸੰਸਕਰਨ-2022 ਦੇ ਅਨੁਮਾਨ ਹੇਠ ਪੂਰੇ ਧੂਮ-ਧੜੱਕੇ ਨਾਲ ਸ਼ੁਰੂ ਹੋ ਚੁੱਕਾ ਹੈ।
ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਪੰਜਾਬ ਦੇ ਸਜੱਗ ਲੋਕਾਂ ਲਈ ਇਸ ‘ਕੁਫ਼ਰ ਦੇ ਨਾਟਕ’ ਦੇ ਸੱਜਰੇ ਮੰਚਨ ਨੂੰ ਨਵੇਂ ਨਜ਼ਰੀਏ ਰਾਹੀਂ ਕੈਪਟਨ ਅਮਰਿੰਦਰ ਸਿੰਘ ਨੂੰ ‘ਅਵਤਾਰ-2022’ ਦੇ ਰੂਪ ਵਿੱਚ ਦੇਖਣਾ ਹੋਵੇਗਾ। ਕੈਪਟਨ ਦੀ ਨਿਵੇਕਲੀ ਕੁਫ਼ਰ-ਕਲਾ ਵਿੱਚ ਪਹਿਲਾਂ ਨਾਲੋਂ ਵੱਧ ਨਿਖਾਰ ਨਜ਼ਰ ਆ ਰਿਹਾ ਹੈ, ਭਾਵੇਂ ਕਿ ਨਾਟਕ ਦੇ ਪਾਤਰ ਤੇ ਸਹਿ-ਪਾਤਰ ਅਤੇ ਇਸ ਦੇ ਸਾਰੇ ਸੂਤਰਧਾਰ, ਮਹਾਂਝੂਠ-ਸੰਸਕਰਨ-2017, ‘ਕੌਫ਼ੀ ਵਿਦ ਕੈਪਟਨ, ਮਹਾਂ-ਕੁਫ਼ਰ 2017’ ਦਾ ਬਿਲਕੁਲ ਸਾਵਾਂ ਅਤੇ ਮਿਲਦਾ ਜੁਲਦਾ ਰੂਪ ਹੀ ਹੈ। ‘ਕੁਫ਼ਰ ਦੇ ਨਾਟਕਾਂ’ ਦੇ ਸੱਜਰੇ ਮੰਚਨ ਅੇ ਪੇਸ਼ਕਾਰੀ ਦਾ ਮਕਸਦ ਵੀ, ਮਹਾਂ-ਕੁਫ਼ਰ-2017 ਵਾਲਾ ਹੀ ਹੈ, ਜਿਸ ਦੁਆਰਾ ਪ੍ਰਸ਼ਾਂਤ ਕਿਸ਼ੋਰ ਦੀ ਨਾਟ-ਮੰਡਲੀ ਦੁਆਰਾ ਪਹਿਲਾਂ ਤੋਂ ਹੀ ਠੱਗੇ ਜਾ ਚੁੱਕੇ ਪੰਜਾਬ ਦੇ ਲੋਕਾਂ ਨੂੰ ਹੁਣ ਫਿਰ ਦੁਬਾਰਾ ਠੱਗਣ ਲਈ ਵਿਆਪਕ ਰੂਪ ਵਿੱਚ ਅਭਿਆਸੀ ਮਸ਼ਕਾਂ ਵੱਡੀ ਪੱਧਰ ’ਤੇ ਹੋ ਰਹੀਆਂ ਹਨ। ਪੰਜਾਬ ਦੇ ਲੁੱਟ-ਪੁੱਟੇ ਲੋਕਾਂ ਦੇ ਹੱਥਾਂ ਵਿੱਚ ਖੰਡ ਦੇ ਚੂਪੇ, ਡੁੱਗਡੁਗੀਆਂ ਤੇ ਝੂਠ ਦੇ ਡੌਰੂ (ਲੌਲੀ-ਪੌਪ) ਕਿਸ ਤਰ੍ਹਾਂ ਫੜਾਉਣੇ ਹਨ, ਇਸ ਕਲਾ ’ਤੇ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਹੈ।
ਸ੍ਰ. ਬੀਰਦਵਿੰਦਰ ਸਿੰਘ ਨੇ ਕਿਹਾ ਕਿ ਇਹ ਵੀ ਪਤਾ ਲੱਗਾ ਹੈ ਕਿ ਕੁਫ਼ਰ ਦੇ ਨਾਟਕ ਦੇ ਹਰ ਮੰਚਨ ਤੋਂ ਬਾਅਦ, ਕੈਪਟਨ ਦੇ ਅੰਨ੍ਹੇ-ਨਿਸ਼ਾਨਚੀ ਸ਼ਰਮ ਦੀਆਂ ਟਾਰਚਾਂ ਆਪਣੇ ਹੱਥਾਂ ਵਿੱਚ ਲੈ ਕੇ ਹਰ ਦਰਸ਼ਕ ਦੀ ਅੱਖ ’ਚੋਂ ਜ਼ਮੀਰ ਅਤੇ ਗੈਰਤ ਦੇ ਕਣ ਲੱਭਣ ਦੀ ਕੋਸ਼ਿਸ਼ ਕਰਨਗੇ, ਜੇ ਪੰਜਾਬ ਦੀ ਹਰ ਅੱਖ ਵਿੱਚ ਬੇਸ਼ਰਮੀ ਵੱਡੀ ਮਾਤਰਾ ਵਿੱਚ ਪਸਰੀ ਪਾਈ ਗਈ ਤਾਂ ਸਮਝ ਲਵੋ ਕਿ ‘ਕੁਫ਼ਰ ਦੇ ਨਾਟਕ ਦਾ ਮੰਚਨ, ਮਿਥੇ ਨਿਸ਼ਾਨੇ ਅਨੁਸਾਰ, ਪ੍ਰਸ਼ਾਂਤ ਕਿਸ਼ੋਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਠੀਕ ਚੱਲ ਰਿਹਾ ਹੈ। ਇਸ ਭਾਵੀ ਹਾਦਸੇ ਦੇ ਨਤੀਜੇ ਵਜੋਂ ਪੂਰੀ ਤਰ੍ਹਾਂ ਸੰਭਵ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੀ 2022 ਵਿੱਚ ਹੋਣ ਵਾਲੀਆਂ ਚੋਣਾਂ ਦੌਰਾਨ ਪੰਜਾਬ ਦੇ ਅਗਲੇ ਮੁੱਖ ਮੰਤਰੀ ਹੋਣਗੇ!

Load More Related Articles

Check Also

VB nabs General Manager PUNSUP red handed accepting Rs 1 lakh bribe

VB nabs General Manager PUNSUP red handed accepting Rs 1 lakh bribe Official car also take…