
ਕੁਲਜੀਤ ਬੇਦੀ ਦੇ ਘਰ ਮੀਟਿੰਗ ਵਿੱਚ ਪ੍ਰਤਾਪ ਬਾਜਵਾ ਤੇ ਮਨੀਸ਼ ਤਿਵਾੜੀ ਦੇ ਪਹੁੰਚਣ ਨਾਲ ਨਵੀਂ ਚਰਚਾ ਛਿੜੀ
ਹਿੰਦੁਸਤਾਨ ਦੀ ਹੋਂਦ, ਸੰਵਿਧਾਨ ਤੇ ਸਾਨੂੰ ਮਿਲੇ ਅਖ਼ਤਿਆਰਾਂ ਨੂੰ ਬਚਾਉਣ ਲਈ ਹੋਵੇਗੀ 2024 ਦੀ ਲੜਾਈ: ਮਨੀਸ਼ ਤਿਵਾੜੀ
ਪੰਜਾਬ ਦੀ ਆਪ ਸਰਕਾਰ ਨੇ ਸੂਬੇ ਦਾ ਬੇੜਾ ਗਰਕ ਕੀਤਾ: ਪ੍ਰਤਾਪ ਸਿੰਘ ਬਾਜਵਾ
ਨਬਜ਼-ਏ-ਪੰਜਾਬ, ਮੁਹਾਲੀ, 8 ਸਤੰਬਰ:
ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੱਲੋਂ ਆਪਣੇ ਘਰ ਆਪਣੇ ਸਮਰਥਕਾਂ ਦੀ ਬੁਲਾਈ ਮੀਟਿੰਗ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਦੇ ਪਹੁੰਚਣ ਨਾਲ ਨਵੀਂ ਚਰਚਾ ਛਿੜ ਗਈ ਹੈ। ਜ਼ਿਕਰਯੋਗ ਹੈ ਕਿ ਪਿੱਛੇ ਜਿਹੇ ਕੁਲਜੀਤ ਬੇਦੀ ਅਤੇ ਹੋਰਨਾਂ ਨੂੰ ਪਾਰਟੀ ’ਚੋਂ ਬਾਹਰ ਕਰ ਦਿੱਤਾ ਸੀ। ਨੇੜ ਭਵਿੱਖ ਵਿੱਚ ਕੁਲਜੀਤ ਬੇਦੀ ਦੀ ਘਰ ਵਾਪਸੀ ਹੋਣ ਦੇ ਚਰਚੇ ਜ਼ੋਰਾਂ ’ਤੇ ਹਨ। ਭਾਵੇਂ ਬੇਦੀ ਨੇ ਅਜੇ ਤਾਈਂ ਘਰ ਵਾਪਸੀ ਨਹੀਂ ਹੋਈ ਹੈ ਪ੍ਰੰਤੂ ਉਨ੍ਹਾਂ ਦੇ ਘਰ ਸੀਨੀਅਰ ਲੀਡਰਸ਼ਿਪ ਨੇ ਦਸਤਕ ਦੇ ਕੇ ਪਾਰਟੀ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਦਾ ਰਾਹ ਪੱਧਰਾ ਕਰ ਦਿੱਤਾ ਹੈ। ਉਂਜ ਕੁਲਜੀਤ ਬੇਦੀ ਕਾਫ਼ੀ ਸਮੇਂ ਤੋਂ ਬਾਜਵਾ ਅਤੇ ਤਿਵਾੜੀ ਦੇ ਸੰਪਰਕ ਵਿੱਚ ਹਨ।
ਇਸ ਮੌਕੇ ਬੋਲਦਿਆਂ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ 2024 ਦੀ ਲੜਾਈ ਹਿੰਦੁਸਤਾਨ ਦੀ ਹੋੱਦ, ਸੰਵਿਧਾਨ ਅਤੇ ਸਾਨੂੰ ਮਿਲੇ ਅਖ਼ਤਿਆਰਾਂ ਨੂੰ ਬਚਾਉਣ ਦੀ ਲੜਾਈ ਹੈ। ਭਾਰਤ ਜੋੜੋ ਯਾਤਰਾ ਦਾ ਇੱਕ ਵਰ੍ਹਾ ਪੂਰਾ ਹੋਣ ਤੇ ਮੁਹਾਲੀ ਵਿੱਚ ਕੱਢੀ ਗਈ ਯਾਤਰਾ ਵਿੱਚ ਸ਼ਾਮਲ ਹੋਣ ਲਈ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਮੁਹਾਲੀ ਪਹੁੰਚੇ ਸ੍ਰੀ ਤਿਵਾੜੀ ਨੇ ਡਿਪਟੀ ਮੇਅਰ ਕੁਲਜੀਤ ਬੇਦੀ ਦੇ ਘਰ ਕਾਂਗਰਸੀ ਵਰਕਰਾਂ ਅਤੇ ਆਮ ਸ਼ਹਿਰੀਆਂ ਦੇ ਭਰਵੇਂ ਇਕੱਠ ਦੌਰਾਨ ਕਿਹਾ ਕਿ ਜੇ ਆਗਾਮੀ ਚੋਣਾਂ ਵਿੱਚ ਸੱਤਾਧਾਰੀ ਧਿਰ ਮੁੜ ਹਾਵੀ ਹੋਈ ਤਾਂ ਹਿੰਦੁਸਤਾਨ ਦੇ ਖਿਆਲ ਦਾ ਕੀ ਬਣੇਗਾ, ਉਸਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਬੇਦੀ ਨੇ ਮਨੀਸ਼ ਤਿਵਾੜੀ ਅਤੇ ਪ੍ਰਤਾਪ ਬਾਜਵਾ ਦਾ ਵਿਸ਼ੇਸ਼ ਸਨਮਾਨ ਕੀਤਾ।
ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਦੇਸ਼ ਨੂੰ ਬਚਾਉਣ ਲਈ ਆਪਣੇ ਆਪ ਤੋੱ ਉਪਰ ਉੱਠ ਕੇ ਇਸ ਬੁਨਿਆਦੀ ਲੜਾਈ ਵਾਸਤੇ ਤਿਆਰ ਰਹਿਣ ਦੀ ਲੋੜ ਹੈ। ਸ੍ਰੀ ਤਿਵਾੜੀ ਨੇ ਕਿਹਾ ਕਿ ਅੱਜ ਦੇਸ਼ ਦੇ ਸਾਹਮਣੇ ਬਹੁਤ ਵੱਡੀ ਚੁਣੌਤੀ ਹੈ। ਉਨ੍ਹਾਂ ਕਿਹਾ ਕਿ 1947 ਦੇ ਉਜਾੜੇ ਵਿੱਚੋੱ ਤਿੰਨ ਚੀਜਾਂ ਨਿਕਲੀਆਂ ਜਿਨ੍ਹਾਂ ਵਿੱਚੋੱ ਪਹਿਲੀ ਇਸਲਾਮਿਕ ਮੁਲਕ ਦੀ ਅਤੇ ਭਾਰਤ ਦੀਆਂ ਦੋ ਸੋਚਾਂ ਸ਼ਾਮਲ ਸਨ। ਇੱਕ ਸੋਚ ਧਰਮ ਦੇ ਨਾਂ ਤੇ ਬਟਵਾਰੇ ਦੇ ਬਾਵਜੂਦ ਸੈਕਲੂਰ ਮੁਲਕ ਬਨਾਉਣ ਦੇ ਪੱਖ ਵਿੱਚ ਸੀ ਤੇ ਦੂਜੀ ਸੋਚ ਇਸਲਾਮਿਕ ਮੁਲਕ ਵਾਂਗੂ ਹਿੰਦੂ ਰਾਸ਼ਟਰ ਬਣਾਉਣ ਦੀ ਸੀ।
ਉਹਨਾਂ ਕਿਹਾ ਕਿ ਪ੍ਰਗਤੀਸ਼ੀਲ ਅਗਾਂਹਵਧੂ ਅਤੇ ਧਰਮ ਨਿਰਪੇਖ ਲੋਕਾਂ ਨੇ 70 ਸਾਲ ਇਸ ਦੂਜੀ ਸੋਚ ਨੂੰ ਦੇਸ਼ ਦੀ ਸਿਆਸਤ ਦੇ ਹਾਸ਼ੀਏ ਤੇ ਰੱਖਿਆ ਪਰੰਤੂ 2014 ਵਿੱਚ ਇਹ ਦੂਜੀ ਸੋਚ ਅੱਛੇ ਦਿਨ ਲਿਆਉਣ ਦਾ ਝੂਠ ਪਰੋਸ ਕੇ ਸੱਤਾ ਵਿੱਚ ਆ ਗਈ। ਉਹਨਾਂ ਕਿਹਾ ਕਿ ਪਿਛਲੇ ਨੌ ਵਰ੍ਹਿਆਂ ਵਿੱਚ ਜੋ ਹੋਇਆ ਹੈ ਉਸ ਦੀ ਘੋਖ ਕੀਤੀ ਜਾਵੇ ਤਾਂ ਮਣੀਪੁਰ ਅਤੇ ਨੂੰਹ ਤੋੱ ਇਲਾਵਾ ਵਾਪਰਦੀਆਂ ਹੋਰ ਘਟਨਾਵਾਂ ਇਸ ਦੂਜੀ ਸੋਚ ਦੇ ਰੂਪ ਵਿੱਚ ਸਾਹਮਣੇ ਆਉੱਦੀਆਂ ਹਨ।
ਇਸ ਮੌਕੇ ਬੋਲਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਨੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ। ਅੱਜ ਲੋਕ ਆਪਣੇ ਘਰਾਂ ਵਿੱਚ ਵੀ ਮਹਿਫੂਜ ਨਹੀਂ ਹਨ। ਕਿਸਾਨਾਂ ਦੀਆਂ ਸੌ ਫੁੱਟ ਹੇਠਾਂ ਲੱਗੀਆਂ ਮੋਟਰਾਂ, ਬਿਜਲੀ ਦੀਆਂ ਤਾਰਾਂ, ਟਰਾਂਸਫਾਰਮਰ, ਲੋਕਾਂ ਦੇ ਘਰਾਂ ਅੰਦਰ ਖੜ੍ਹੀਆਂ ਗੱਡੀਆਂ ਚੋਰ ਸਰੇਆਮ ਚੁੱਕ ਕੇ ਲੈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੋਈ ਨਵਾਂ ਨਿਵੇਸ਼ ਨਹੀਂ ਆ ਰਿਹਾ ਅਤੇ ਨਾ ਹੀ ਕੋਈ ਨਵੀਂ ਸਨਅਤ ਪੰਜਾਬ ਵਿੱਚ ਆ ਰਹੀ ਹੈ ਬਲਕਿ ਉਦਯੋਗ ਪੰਜਾਬ ਵਿੱਚੋੱ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋੱ ਲੋਕਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ ਅਤੇ ਉਲਟਾ ਲੋਕਾਂ ਉੱਤੇ ਟੈਕਸ ਦੇ ਵਾਧੂ ਬੋਝ ਪਾਏ ਜਾ ਰਹੇ ਹਨ।
ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਸਰਕਾਰ ਨੇ ਦੇਸ਼ ਵਿੱਚ ਨਫਰਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੰਸਾਰ ਦਾ ਕੋਈ ਵੀ ਵਿਕਸਤ ਮੁਲਕ ਅਜਿਹਾ ਨਹੀਂ ਹੈ ਜੋ ਸੈਕੂਲਰ ਨਾ ਹੋਵੇ। ਵਿਕਸਿਤ ਮੁਲਕਾਂ ਵਿੱਚ ਹਰੇਕ ਨੂੰ ਆਪਣਾ ਧਰਮ ਮਨਾਉਣ ਦੀ ਆਜ਼ਾਦੀ ਹੈ ਜਦੋੱ ਕਿ ਉਨ੍ਹਾਂ ਮੁਲਕਾਂ ਦੀ ਵੀ 80 ਫੀਸਦੀ ਆਬਾਦੀ ਇੱਕ ਧਰਮ ਦੀ ਹੈ। ਇਹਨਾਂ ਮੁਲਕਾਂ ਵਿੱਚ ਪਹਿਰਾਵੇ ਖਾਣ ਪੀਣ ਜਾਂ ਆਪਣੀਆਂ ਪ੍ਰਥਾਵਾਂ ਅਨੁਸਾਰ ਜਿਉਣ ਤੇ ਕੋਈ ਪਾਬੰਦੀ ਹੈ।
ਇਸ ਮੌਕੇ ਦੋਵਾਂ ਆਗੂਆਂ ਨੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਬਾਰੇ ਕਿਹਾ ਕਿ ਸ੍ਰੀ ਬੇਦੀ ਨੇ ਹਮੇਸ਼ਾ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ। ਉਹਨਾਂ ਕਿਹਾ ਕਿ ਭਾਵੇੱ ਕੁੱਝ ਕਾਰਨਾਂ ਕਰਕੇ ਕੁਲਜੀਤ ਸਿੰਘ ਬੇਦੀ ਕਾਂਗਰਸ ਪਾਰਟੀ ਤੋੱ ਬਣਵਾਸ ਕੱਟ ਰਹੇ ਹਨ ਪਰ ਛੇਤੀ ਹੀ ਚੰਡੀਗੜ੍ਹ ਵਿਖੇ ਕੁਲਜੀਤ ਸਿੰਘ ਬੇਦੀ ਨੂੰ ਰਸਮੀ ਤੌਰ ਤੇ ਘਰ ਵਾਪਸੀ ਕਰਵਾਈ ਜਾਵੇਗੀ।
ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਉਹਨਾਂ ਨੇ ਆਪਣਾ ਸਿਆਸੀ ਸਫਰ ਕਾਂਗਰਸ ਦੇ ਮੁੰਢੇ ਮੈਂਬਰ ਵਜੋਂ ਸ਼ੁਰੂ ਕੀਤਾ ਹੈ ਅਤੇ ਹਮੇਸ਼ਾ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ ਹੈ ਅਤੇ ਉਹ ਅੱਜ ਕਾਂਗਰਸ ਦੀ ਬਦੌਲਤ ਹੀ ਮੁਹਾਲੀ ਦੇ ਡਿਪਟੀ ਮੇਅਰ ਹਨ। ਉਹਨਾਂ ਕਿਹਾ ਕਿ ਪਾਰਟੀ ਉਹਨਾਂ ਨਾਲ ਭਾਵੇਂ ਵਾਧਾ ਘਾਟਾ ਕਰ ਗਈ ਪਰ ਉਹਨਾਂ ਨੇ ਕਦੇ ਪਾਰਟੀ ਨਾਲ ਦਗਾ ਨਹੀਂ ਕੀਤਾ ਅਤੇ ਨਾ ਹੀ ਕਦੇ ਪਾਰਟੀ ਵਿਰੋਧੀ ਕਾਰਵਾਈ ਹੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਉਹ ਕਾਂਗਰਸ ਪਾਰਟੀ ਤੋਂ ਬਣਵਾਸ ਕੱਟ ਰਹੇ ਹਨ ਅਤੇ ਸ੍ਰੀ ਬਾਜਵਾ ਅਤੇ ਸ਼੍ਰੀ ਤਿਵਾੜੀ ਵੱਲੋਂ ਉਹਨਾਂ ਦੀ ਜੋ ਵੀ ਡਿਊਟੀ ਲਗਾਈ ਜਾਵੇਗੀ ਉਸ ਨੂੰ ਉਹ ਤਨਦੇਹੀ ਨਾਲ ਪੂਰਾ ਕਰਨਗੇ।
ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਪਰਮਜੀਤ ਸਿੰਘ ਰੰਧਾਵਾ, ਕੌਂਸਲਰ ਸੁੱਚਾ ਸਿੰਘ ਕਲੌੜ ਤੇ ਬਲਜੀਤ ਕੌਰ, ਜ਼ਿਲ੍ਹਾ ਕਾਂਗਰਸ ਦੇ ਮੀਤ ਪ੍ਰਧਾਨ ਗੁਰਚਰਨ ਸਿੰਘ ਭੰਵਰਾ, ਮਹਿਲਾ ਕਾਂਗਰਸ ਦੀ ਸੂਬਾ ਆਗੂ ਕ੍ਰਿਸ਼ਨਾ ਮਿੱਤੂ, ਯੂਥ ਕਾਂਗਰਸ ਆਗੂ ਮਨਜੋਤ ਸਿੰਘ, ਹਰਜਿੰਦਰ ਧਵਨ, ਜੀਐਸ ਗਿੱਲ, ਰਣਜੋਧ ਸਿੰਘ, ਫ਼ਕੀਰ ਸਿੰਘ ਖਿੱਲਣ, ਜਤਿੰਦਰ ਸਿੰਘ ਜੌਲੀ, ਅਮਿਤ ਮਰਵਾਹਾ, ਅਮਰਜੀਤ ਸਿੰਘ ਬਜਾਜ, ਡਿੰਪਲ ਸਭਰਵਾਲ, ਜਸਵਿੰਦਰ ਸਿੰਘ ਕਾਕਾ, ਡਾ. ਜੇਐਸ ਕੋਛੜ, ਅਪਿੰਦਰ ਜੀਤ ਸਿੰਘ ਚੀਮਾ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਮੌਜੂਦ ਸਨ।