ਪ੍ਰੀ-ਪ੍ਰਾਇਮਰੀ ਦੀ ਪੜ੍ਹਾਈ ਸ਼ੁਰੂ ਹੋਣ ਨਾਲ ਆਂਗਣਵਾੜੀ ਸੈਂਟਰਾਂ ਦੇ ਵਜੂਦ ਨੂੰ ਫਰਕ ਨਹੀਂ ਪਵੇਗਾ: ਸਿੱਖਿਆ ਸਕੱਤਰ

ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਲਈ ਸਿੱਖਿਆ ਵਿਭਾਗ ਨੇ ਕਮਰ ਕਸੀ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਅਕਤੂਬਰ:
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਲਈ ਸਿੱਖਿਆ ਵਿਭਾਗ ਨੇ ਕਮਰ ਕਸ ਲਈ ਹੈਂ। ਜਿਸ ਸਬੰਧੀ ਅੱਜ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਦੀ ਪ੍ਰਧਾਨਗੀ ’ਚ ਰਾਜ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ), ਡਾਈਟ ਪ੍ਰਿੰਸੀਪਲਜ਼, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਅਤੇ ਬਲਾਕ ਮਾਸਟਰ ਟਰੇਨਰਜ਼ ਦੀ ਇੱਕ ਦਿਨਾਂ ਵਰਕਸ਼ਾਪ ਅੱਜ ਇੱਥੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿੱਚ ਲਗਾਈ ਗਈ। ਜਿਸ ਦੌਰਾਨ ਪ੍ਰੀ-ਪ੍ਰਾਇਮਰੀ ਜਮਾਤਾਂ ਨੂੰ ਸ਼ੁਰੂ ਕਰਨ ਲਈ ਸਮੁੱਚੀ ਰੂਪ ਰੇਖਾ ਰਾਜ ਭਰ ਦੇ ਸਿੱਖਿਆ ਸੰਚਾਲਕਾਂ ਨਾਲ ਸਾਂਝੀ ਕੀਤੀ ਗਈ ਅਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੌਕੇ ਸ੍ਰੀ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਨਾਲ ਰਾਜ ਦੇ ਆਂਗਣਵਾੜੀ ਸੈਂੱਟਰਾਂ ਦੇ ਵਜ਼ੂਦ ਨੂੰ ਕੋਈ ਢਾਅ ਨਹੀਂ ਲੱਗੇਗੀ ਸਗੋਂ ਦੋਨੋਂ ਹੀ ਸੰਸਥਾਵਾਂ ਰਲਕੇ, ਸਰਕਾਰ ਦੇ ਸਿੱਖਿਆ ਟੀਚਿਆਂ ਦੀ ਪੂਰਤੀ ਕਰਨਗੇ। ਉਨ੍ਹਾਂ ਰਾਜ ਦੇ ਅਧਿਕਾਰੀਆਂ ਤੇ ਸਿੱਖਿਆ ਸੰਚਾਲਕਾਂ ਨੂੰ ਕਿਹਾ ਕਿ 14 ਨਵੰਬਰ ਨੂੰ ਬਾਲ ਦਿਵਸ ਮੌਕੇ ਪੰਜਾਬ ਦੇ ਸਿੱਖਿਆ ਇਤਿਹਾਸ ਵਿੱਚ ਬਹੁਤ ਅਹਿਮ ਦਿਨ ਹੋਵੇਗਾ, ਜਿਸ ਦਿਨ ਸਰਕਾਰੀ ਸਕੂਲਾਂ ’ਚ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਸ਼ੁਰੂਆਤ ਹੋਵੇਗੀ। ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਆਦੇਸ਼ ਦਿੱਤਾ ਕਿ 14 ਨਵੰਬਰ ਤੋੱ ਚਾਰ ਦਿਨ ਪਹਿਲਾਂ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਲਈ ਸਕੂਲ ਅਧਿਆਪਕ ਘਰ-ਘਰ ਜਾ ਕੇ, ਮਾਪਿਆਂ ਨਾਲ ਸੰਪਰਕ ਕਾਇਮ ਕਰਨਗੇ ਅਤੇ ਜਨਤਕ ਸੰਸਥਾਵਾਂ ਰਾਹੀਂ ਵੀ ਇਸ ਸਬੰਧੀ ਲੋਕਾਂ ਨੂੰ ਸੂਚਿਤ ਕਰਨਗੇ।
ਸ੍ਰੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ 14 ਨਵੰਬਰ ਨੂੰ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਦਾਖ਼ਲੇ ਸਬੰਧੀ ਸਵਾਗਤੀ ਬੂਥ ਸਥਾਪਤ ਕੀਤੇ ਜਾਣਗੇ। ਜਿੱਥੇ ਬੈਠ ਕੇ ਸਕੂਲ ਅਧਿਆਪਕ ਮਾਪਿਆਂ ਅਤੇ ਬੱਚਿਆਂ ਦਾ ਸਵਾਗਤ ਕਰਨਗੇ। ਇਸ ਤੋਂ ਇਲਾਵਾ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਕਮਰਿਆਂ ਨੂੰ ਵਿਸ਼ੇਸ਼ ਤੌਰ ’ਤੇ ਸਜਾਇਆ ਜਾਵੇਗਾ ਅਤੇ ਇੰਨ੍ਹਾਂ ਵਿੱਚ ਬੱਚਿਆਂ ਨੂੰ ਆਕਰਸ਼ਿਤ ਕਰਨ ਲਈ ਖਿਡੌਣੇ ਅਤੇ ਹੋਰ ਸਮੱਗਰੀ ਪ੍ਰਦਾਨ ਕੀਤੀ ਜਾਵੇਗੀ।
ਸਿੱਖਿਆ ਸਕੱਤਰ ਨੇ ਦੱਸਿਆ ਕਿ ਪ੍ਰੀ-ਪ੍ਰਾਇਮਰੀ ਜਮਾਤਾਂ ਲਈ ਵਿਸ਼ੇਸ਼ ਸਮੱਗਰੀ ਜਲਦੀ ਹੀ ਰਾਜ ਦੇ ਸਕੂਲਾਂ ’ਚ ਪਹੁੰਚਾਈ ਜਾਵੇਗੀ। ਪ੍ਰੀ-ਪ੍ਰਾਇਮਰੀ ਜਮਾਤਾਂ ’ਚ 3 ਤੋਂ 6 ਸਾਲ ਤੱਕ ਦੇ ਬੱਚਿਆਂ ਲਈ ਦਾਖ਼ਲਾ ਹੋਵੇਗਾ ਅਤੇ ਇੰਨ੍ਹਾਂ ਦਾ ਸਰੂਪ ਨਰਸਰੀ, ਐਲ.ਕੇ.ਜੀ. ਅਤੇ ਯੂ.ਕੇ.ਜੀ. ਜਮਾਤਾਂ ਦੇ ਰੂਪ ਵਿੱਚ ਹੋਵੇਗਾ। ਇਸ ਵਰਕਸ਼ਾਪ ਦੇ ਦੂਜ਼ੇ ਸੈਸ਼ਨ ਵਿੱਚ ਰਾਜ ਦੇ ਪ੍ਰਾਇਮਰੀ ਸਕੂਲਾਂ ਵਿੱਚ ਚੱਲ ਰਹੀ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਮੁਹਿੰਮ ਦਾ ਮੁਲਾਂਕਣ ਵੀ ਕੀਤਾ ਗਿਆ ਅਤੇ ਇਸ ਮੁਹਿੰਮ ਦਾ ਨਿਰੀਖਣ ਕਰਨ ਲਈ 2 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਟੈਸਟਿੰਗ ਲਈ ਵਿਸ਼ੇਸ਼ ਹਦਾਇਤਾਂ ਵੀ ਜ਼ਿਲ੍ਹਾ ਅਧਿਕਾਰੀਆਂ ਨੂੰ ਜਾਰੀ ਕੀਤੀਆਂ ਗਈਆਂ। ਇਸ ਟੈਸਟਿੰਗ ਮੁਹਿੰਮ ਨੂੰ ਪੂਰੀ ਤਰ੍ਹਾਂ ਪਾਰਦਰਸ਼ਤਾ ਅਤੇ ਇਮਾਨਦਾਰੀ ਨਾਲ ਲਾਗੂ ਕਰਨ ’ਤੇ ਜ਼ੋਰ ਦਿੱਤਾ ਗਿਆ। ਇਸ ਮੌਕੇ ਡੀ.ਪੀ.ਆਈ (ਐਲੀਮੈਂਟਰੀ) ਇੰਦਰਜੀਤ ਸਿੰਘ, ਸਹਾਇਕ ਨਿਰਦੇਸ਼ਕ ਜਰਨੈਲ ਸਿੰਘ ਕਾਲੇਕੇ, ਡਾ. ਦਵਿੰਦਰ ਸਿੰਘ ਬੋਹਾ, ਪ੍ਰਥਮ (ਸਕੀਮ) ਦੇ ਸੰਚਾਲਕ ਕੁਲਜੀਤ ਸੰਧੂ, ਸੁਮਿਤਨ ਪਟੇਲ ਅਤੇ ਵਜਿੰਦਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…