Nabaz-e-punjab.com

ਪ੍ਰੀ-ਪ੍ਰਾਇਮਰੀ ਹੁਣ ਐੱਲ.ਕੇ.ਜੀ ਅਤੇ ਯੂ.ਕੇ.ਜੀ. ਦੇ ਨਾਮ ਨਾਲ ਜਾਣੀ ਜਾਵੇਗੀ: ਕ੍ਰਿਸ਼ਨ ਕੁਮਾਰ

ਮਾਪਿਆਂ ਤੇ ਅਧਿਆਪਕਾਂ ਦੀ ਮੰਗ ’ਤੇ ਸਿੱਖਿਆ ਵਿਭਾਗ ਨੇ ਜਮਾਤਾਂ ਦਾ ਨਾਮ ਬਦਲਣ ਦਾ ਜਾਰੀ ਕੀਤਾ ਪੱਤਰ

ਅਧਿਆਪਕਾਂ ਦੀ ਲਗਨ ਕਾਰਨ 3.30 ਲੱਖ ਵਿਦਿਆਰਥੀਆਂ ਨੇ ਸਰਕਾਰੀ ਸਕੂਲਾਂ ’ਚ ਦਾਖ਼ਲਾ ਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਫਰਵਰੀ:
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਹੇਠ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਚਲ ਰਹੀਆਂ ਪ੍ਰੀ-ਪ੍ਰਾਇਮਰੀ ਦੀਆਂ ਜਮਾਤਾਂ ਦਾ ਨਾਮ ਬਦਲ ਕੇ ਹੁਣ ਪ੍ਰੀ-ਪ੍ਰਾਇਮਰੀ-1 ਤੋਂ ਐੱਲ.ਕੇ.ਜੀ. ਅਤੇ ਪ੍ਰੀ-ਪ੍ਰਾਇਮਰੀ-2 ਦਾ ਨਾਮ ਯੂ.ਕੇ.ਜੀ. ਰੱਖ ਦਿੱਤਾ ਗਿਆ ਹੈ। ਸਿੱਖਿਆ ਵਿਭਾਗ ਵੱਲੋਂ ਜਾਰੀ ਸਰਕਾਰੀ ਪੱਤਰ ਅਨੁਸਾਰ ਬੱਚਿਆਂ ਦੇ ਮਾਪਿਆਂ ਅਤੇ ਅਧਿਆਪਕਾਂ ਵੱਲੋਂ ਜਮਾਤਾਂ ਦਾ ਨਾਮ ਬਦਲਣ ਸਬੰਧੀ ਸੁਝਾਅ ਭੇਜੇ ਗਏ ਸਨ।
ਜਾਣਕਾਰੀ ਅਨੁਸਾਰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਸ਼ੁਰੂਆਤ ਨਵੰਬਰ 2017 ਤੋਂ ਸ਼ੁਰੂ ਕੀਤੀ ਗਈ ਸੀ। ਇਸ ਵਿੱਚ 3 ਤੋਂ 6 ਸਾਲ ਦੇ ਬੱਚਿਆਂ ਨੂੰ ਪ੍ਰੀ-ਸਕੂਲ ਸਿੱਖਿਆ ਦੇ ਕੇ ਸਕੂਲੀ ਸਿੱਖਿਆ ਲਈ ਤਿਆਰ ਕਰਨ ਦਾ ਟੀਚਾ ਰੱਖਿਆ ਗਿਆ ਸੀ। ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਨੂੰ ਖੇਡ ਵਿਧੀ ਨਾਲ ਸਿਖਾਉਣ ਲਈ ਸਪੈਸ਼ਲ ਪਾਠਕ੍ਰਮ ਤਿਆਰ ਕੀਤਾ ਗਿਆ ਅਤੇ ਅਧਿਆਪਕਾਂ ਨੂੰ ਬਾਲ ਮਨੋਵਿਗਿਆਨ ਅਤੇ ਸਿੱਖਣ-ਸਿਖਾਉਣ ਸਮਗਰੀ ਦੀ ਸਿਖਲਾਈ ਮੁਹੱਈਆ ਕਰਵਾਈ ਗਈ। ਅਧਿਆਪਕਾਂ ਨੇ ਘਰਾਂ ਵਿੱਚ ਜਾ ਕੇ ਮਾਪਿਆਂ ਨੂੰ ਪ੍ਰੇਰਿਤ ਕੀਤਾ ਗਿਆ। ਜਿਸ ਕਾਰਨ ਹੁਣ ਤੱਕ 3.30 ਲੱਖ ਵਿਦਿਆਰਥੀ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਦਾਖ਼ਲਾ ਲੈ ਚੁੱਕੇ ਹਨ।
ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਵਿਭਾਗ ਵੱਲੋਂ ਇਹਨਾਂ ਪ੍ਰੀ-ਪ੍ਰਾਇਮਰੀ ਜਮਾਤਾਂ ਨੂੰ ਨਵਾਂ ਨਾਮ ਦੇ ਕੇ ਮਾਪਿਆਂ ਨੂੰ ਹੋਰ ਜ਼ਿਆਦਾ ਆਕਰਸ਼ਿਤ ਕਰਨ ਦਾ ਮਨ ਬਣਾਇਆ ਹੈ ਜਿਸਦੇ ਸਦਕਾ ਹੁਣ ਤੋਂ ਪ੍ਰੀ-ਪ੍ਰਾਇਮਰੀ-1 ਨੂੰ ਐੱਲ.ਕੇ.ਜੀ. (ਲੋਅਰ ਕਿੰਡਰ ਗਾਰਟਨ) ਅਤੇ ਪ੍ਰੀ-ਪ੍ਰਾਇਮਰੀ-2 ਨੂੰ ਯੂ.ਕੇ.ਜੀ. (ਅਪਰ ਕਿੰਡਰ ਗਾਰਡਨ) ਕਿਹਾ ਜਾਵੇਗਾ। ਸਿੱਖਿਆ ਵਿਭਾਗ ਵੱਲੋਂ ਐੱਲ.ਕੇ.ਜੀ. ਅਤੇ ਯੂ.ਕੇ.ਜੀ. ਦੇ ਬੱਚਿਆਂ ਲਈ ਵਿਸ਼ੇਸ਼ ਤੌਰ ’ਤੇ ਕਮਰਿਆਂ ਨੂੰ ਮਾਡਲ ਕਲਾਸ-ਰੂਮ ਬਣਾਇਆ ਗਿਆ ਹੈ। ਜਿਸ ਵਿੱਚ ਬੱਚਿਆਂ ਨੂੰ ਖੇਡ ਵਿਧੀ ਨਾਲ ਸਿਖਾਉਣ ਲਈ ਖਿਡੌਣੇ, ਬੌਧਿਕ ਵਿਕਾਸ, ਰਚਨਾਤਮਿਕ ਵਿਕਾਸ ਲਈ ਗੁੱਡੀ ਘਰ, ਭਾਸ਼ਾਈ ਵਿਕਾਸ ਲਈ ਵੱਖ-ਵੱਖ ਭਾਸ਼ਾਵਾਂ ਦੀਆਂ ਕਹਾਣੀਆਂ ਅਤੇ ਕਵਿਤਾਵਾਂ ਦੀਆਂ ਰੰਗਦਾਰ ਤਸਵੀਰਾਂ ਸਹਿਤ ਕਿਤਾਬਾਂ, ਬੱਚਿਆਂ ਨੂੰ ਵੱਖ-ਵੱਖ ਚੀਜ਼ਾਂ ਬਾਰੇ ਜਾਣਕਾਰੀ ਦੇਣ ਵਾਲੇ ਫਲੈਸ਼ ਕਾਰਡ, ਖੇਡਣ ਲਈ ਝੂਲੇ ਅਤੇ ਸਿਹਤ ਸੰਭਾਲ ਲਈ ਫ਼ਸਟ-ਏਡ ਕਾਰਨਰ ਵੀ ਬਣਾਏ ਗਏ ਹਨ।
ਸਿੱਖਿਆ ਸਕੱਤਰ ਨੇ ਦੱਸਿਆ ਕਿ ਬੱਚਿਆਂ ਨੂੰ ਸਕੂਲਾਂ ਵਿੱਚ ਘਰ ਵਰਗਾ ਮਾਹੌਲ ਦੇਣ ਲਈ ਫਰਸ਼ਾਂ ’ਤੇ ਹਰੇ ਕਿਫ਼ਾਇਤੀ ਮੈਟ ਅਤੇ ਗੱਦੇ ਵੀ ਉਪਲਬਧ ਕਰਵਾਏ ਗਏ ਹਨ। ਇਸਦੇ ਨਾਲ ਹੀ ਕਲਾਸ-ਰੂਮਾਂ ਨੂੰ ਸਮਾਰਟ ਕਲਾਸ-ਰੂਮਾਂ ਵਿੱਚ ਤਬਦੀਲ ਕੀਤਾ ਗਿਆ ਹੈ ਤਾਂ ਜੋ ਬੱਚੇ ਆਡੀਓ-ਵਿਜ਼ੂੳਲ ਤਕਨੀਕ ਨਾਲ ਜਮਾਤ ਦੇ ਕਮਰੇ ਵਿੱਚ ਜ਼ਿਆਦਾ ਵਧੀਆ ਸਿੱਖ ਸਕਣ। ਵਿਭਾਗ ਨੇ ਵਿਦਿਆਰਥੀਆਂ ਲਈ ਪ੍ਰੋਜੈਕਟਰਾਂ ਅਤੇ ਐਲ.ਈ.ਡੀਜ਼. ਦਾ ਪ੍ਰਬੰਧ ਕਰਨ ਲਈ ਵਿਸ਼ੇਸ਼ ਗ੍ਰਾਂਟਾਂ ਵੀ ਜਾਰੀ ਕੀਤੀਆਂ ਗਈਆਂ ਹਨ।

Load More Related Articles
Load More By Nabaz-e-Punjab
Load More In Awareness/Campaigns

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…