
ਸਰਕਾਰੀ ਸਕੂਲ ਦੀਆਂ ਪ੍ਰੀ-ਪ੍ਰਾਇਮਰੀ ਵਿੱਚ ਪੜ੍ਹਦੇ 3.30 ਲੱਖ ਬੱਚਿਆਂ ਦੀ ਮਾਪੇ-ਅਧਿਆਪਕ ਮਿਲਣੀ
ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ: ਕ੍ਰਿਸ਼ਨ ਕੁਮਾਰ
ਪ੍ਰੀ-ਪ੍ਰਾਇਮਰੀ ਦੀ ਆਕਰਸ਼ਕ ਸਿੱਖਣ ਸਹਾਇਕ ਸਮੱਗਰੀ ਨੂੰ ਦੇਖ ਕੇ ਬਾਗੋ-ਬਾਗ ਹੋਏ ਮਾਪੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਕਤੂਬਰ:
ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਦੀਆਂ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ 3.30 ਲੱਖ ਪੜ੍ਹਦੇ ਬੱਚਿਆਂ ਦੀ ਪੜ੍ਹਾਈ ਦੇ ਮੁਲਾਂਕਣ ਲਈ ਕਰਵਾਈ ਜਾਣ ਵਾਲੀ ਦੋ ਰੋਜ਼ਾ ਮਾਪੇ-ਅਧਿਆਪਕ ਮਿਲਣੀ ਤਹਿਤ ਅੱਜ ਪ੍ਰੀ-ਪ੍ਰਾਇਮਰੀ-1 ਜਮਾਤ ਦੀ ਮਾਪੇ-ਅਧਿਆਪਕ ਮਿਲਣੀ ਨੇਪਰੇ ਚੜ੍ਹ ਗਈ। ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਹੇਠ ਪ੍ਰੀ-ਪ੍ਰਾਇਮਰੀ ਵਿੱਚ ਪੜ੍ਹਦੇ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਇਸ ਵਾਰ ਮੁਲਾਂਕਣ ਕਰਨ ਦੀ ਵਿਸ਼ੇਸ਼ ਯੋਜਨਾਬੰਦੀ ਕੀਤੀ ਗਈ ਹੈ। ਜਿਸ ਦੇ ਤਹਿਤ ਐਤਕੀਂ ਪ੍ਰੀ-ਪ੍ਰਾਇਮਰੀ ਜਮਾਤਾਂ ਨੂੰ ਪੜ੍ਹਾਉਂਦੇ ਅਧਿਆਪਕ ਇਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਮੁਲਾਂਕਣ ਕਾਰਜ ਨੂੰ ਨੇਪਰੇ ਚੜ੍ਹਾ ਰਹੇ ਹਨ।
ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਸ਼੍ਰੇਣੀਆਂ ਸ਼ੁਰੂ ਕਰਨ ਵਾਲਾ ਪੰਜਾਬ ਭਾਰਤ ਦਾ ਪਹਿਲਾ ਸੂਬਾ ਹੈ। ਉਨ੍ਹਾਂ ਦੱਸਿਆ ਕਿ ਸੈਸ਼ਨ 2018-19 ਵਿੱਚ ਪ੍ਰੀ-ਪ੍ਰਾਇਮਰੀ ਵਿੱਚ 1.94 ਲੱਖ ਬੱਚੇ ਦਾਖ਼ਲ ਹੋਏ ਸਨ। ਜਿਨ੍ਹਾਂ ਦੀ ਗਿਣਤੀ 2019-20 ਵਿੱਚ 22.60 ਲੱਖ ਹੋ ਗਈ। ਜੇਕਰ ਸੈਸ਼ਨ 2020-21 ਦੀ ਗੱਲ ਕਰੀਏ ਤਾਂ ਬੱਚਿਆਂ ਦੇ ਮਾਤਾ-ਪਿਤਾ ਵੱਲੋਂ ਸਰਕਾਰੀ ਸਕੂਲਾਂ ਵਿੱਚ ਵਿਸ਼ਵਾਸ ਰੱਖਦੇ ਹੋਏ ਰਿਕਾਰਡ ਤੋੜ ਵਾਧਾ ਹੋਇਆ ਹੈ। ਮੌਜੂਦਾ ਸੈਸ਼ਨ ਵਿੱਚ 3.30 ਲੱਖ ਬੱਚੇ ਦਾਖਲ ਹੋਏ ਹਨ, ਜੋ ਪਿਛਲੇ ਸੈਸ਼ਨ ਨਾਲੋਂ 46.41 ਪ੍ਰਤੀਸ਼ਤ ਗਿਣਤੀ ਵਧੀ ਹੈ।
ਸਿੱਖਿਆ ਸਕੱਤਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਬੱਚਿਆਂ ਦੇ ਸਰਵਪੱਖੀ ਵਿਕਾਸ ਹਿੱਤ ਬੱਚਿਆਂ ਦੀ ਮਾਪੇ-ਅਧਿਆਪਕ ਮਿਲਣੀ ਕੀਤੀ ਜਾ ਰਹੀ ਹੈ, ਜਿਸ ਵਿੱਚ ਵਿਸ਼ੇਸ਼ ਯੋਜਨਾਬੰਦੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪ੍ਰੀ-ਪ੍ਰਾਇਮਰੀ ਵਿੱਚ ਬੱਚਿਆਂ ਨੂੰ ਪੜ੍ਹਾਈ ਖੇਡ ਵਿਧੀ ਨਾਲ ਕਰਵਾਈ ਜਾਂਦੀ ਹੈ ਤਾਂ ਜੋ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਨਾਲ ਬੱਚੇ ਦੀ ਨੀਂਹ ਮਜ਼ਬੂਤ ਹੋ ਸਕੇ। ਉਨ੍ਹਾਂ ਦੱਸਿਆ ਕਿ ਸਹਾਇਕ ਸਮੱਗਰੀ ਦੇ ਰੂਪ ਵਿੱਚ ਪ੍ਰੀ-ਪ੍ਰਾਇਮਰੀ-1 ਲਈ ਲਰਨਿੰਗ ਲੈਵਲ, ਪ੍ਰੀ-ਪ੍ਰਾਇਮਰੀ-2 ਲਈ ਬਰੇਨ ਬੂਸਟਰ ਪੁਸਤਕਾਂ ਤੇ ਅਧਿਆਪਕਾਂ ਲਈ ਨੈਤਿਕ ਸਿੱਖਿਆ ਆਧਾਰਿਤ ‘ਸਵਾਗਤ ਜ਼ਿੰਦਗੀ’ ਪੁਸਤਕਾਂ ਸਕੂਲਾਂ ਵਿੱਚ ਪਹੁੰਚ ਚੁੱਕੀਆਂ ਹਨ ਜੋ ਕਿ ਬੱਚਿਆਂ ਤੇ ਅਧਿਆਪਕਾਂ ਲਈ ਬਹੁਤ ਕਾਰਗਰ ਸਾਬਤ ਹੋਣਗੀਆਂ।
ਪੰਜਾਬ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਦੇ ਡਾਇਰੈਕਟਰ ਲਲਿਤ ਕਿਸ਼ੋਰ ਘਈ ਨੇ ਦੱਸਿਆ ਕਿ ਪ੍ਰੀ-ਪ੍ਰਾਇਮਰੀ ਵਿੱਚ ਪੜ੍ਹਦੇ ਬੱਚਿਆਂ ਦੀ ਨੀਂਹ ਮਜ਼ਬੂਤ ਕਰਨ ਲਈ ਸਰੀਰਕ, ਸਮਾਜਿਕ, ਭਾਵਨਾਤਮਕ, ਬੌਧਿਕ, ਭਾਸ਼ਾਈ ਤੇ ਗਣਿਤਕ ਵਿਕਾਸ ਨੂੰ ਮੁੱਖ ਰੱਖਦੇ ਹੋਏ ਕੰਮ ਕਰਵਾਇਆਂ ਜਾਂਦਾ ਹੈ। ਇਸ ਦੇ ਨਾਲ-ਨਾਲ ਕਵਿਤਾਵਾਂ, ਬੱਚੇ ਤੇ ਅਧਿਆਪਕ ਵਿੱਚ ਨਵੀਂ ਸਾਂਝ ਪੈਦਾ ਕਰਦੀਆਂ ਹਨ।
ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ ਦੇ ਸਟੇਟ ਕੋਆਰਡੀਨੇਟਰ ਡਾ. ਦਵਿੰਦਰ ਬੋਹਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਭੇਜੇ ਗੂਗਲ ਫਾਰਮ ਵਿਚਲੇ ਪ੍ਰਸ਼ਨਾਂ ਦੁਆਰਾ ਪ੍ਰੀ-ਪ੍ਰਾਇਮਰੀ ਦਾ ਮੁਲਾਂਕਣ ਕੀਤਾ ਜਾਵੇਗਾ ਤੇ ਇਹ ਸਮੁੱਚੀ ਜਾਣਕਾਰੀ ਪ੍ਰੀ-ਪ੍ਰਾਇਮਰੀ ਨੂੰ ਪੜ੍ਹਾਉਂਦੇ ਅਧਿਆਪਕ ਵੱਲੋਂ ਪੋਰਟਲ ’ਤੇ ਅਪਡੇਟ ਕੀਤੀ ਜਾਵੇਗੀ। ਇਸ ਲਈ ਉਪਰੋਕਤ ਅਧਿਆਪਕ ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਦੇ ਮਾਤਾ-ਪਿਤਾ ਨੂੰ ਫੋਨ ਕਰਕੇ ਜਾਂ ਘਰ-ਘਰ ਜਾ ਕੇ ਸਮੁੱਚੀ ਜਾਣਕਾਰੀ ਇਕੱਤਰ ਕਰਨਗੇ। ਇਸ ਦੇ ਨਾਲ ਨਾਲ ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ ਟੀਮ ਮੈਂਬਰ ਅਧਿਆਪਕਾਂ ਦਾ ਇਸ ਮੁਲਾਂਕਣ ਵਿੱਚ ਸਹਿਯੋਗ ਕਰਨਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ ਅਗਵਾਈ ਵਿੱਚ ਮਿਲਣੀ ਸਬੰਧੀ ਸੈਂਟਰ ਮੁੱਖ ਅਧਿਆਪਕ, ਹੈੱਡ ਟੀਚਰ ਤੇ ਸਮੂਹ ਅਧਿਆਪਕਾਂ ਦੀ ਆਨਲਾਈਨ ਟਰੇਨਿੰਗ ਪੂਰੀ ਹੋ ਚੁੱਕੀ ਹੈ। ਜਿਸ ਵਿੱਚ ਅਧਿਆਪਕਾਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ ਹੈ।