Nabaz-e-punjab.com

ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਗਰਭਵਤੀ ਅੌਰਤਾਂ ਨੂੰ ਮਿਲਿਆ 94.65 ਕਰੋੜ ਰੁਪਏ ਦਾ ਲਾਭ: ਅਰੁਨਾ ਚੌਧਰੀ

ਸਰਕਾਰੀ ਸਕੀਮਾਂ ਸਰਹੱਦੀ ਤੇ ਪਛੜੇ ਖੇਤਰਾਂ ਦੇ ਲੋਕਾਂ ਤੱਕ ਪਹੁੰਚਾਉਣ ’ਤੇ ਜ਼ੋਰ

ਅੌਰਤਾਂ ਤੇ ਬੱਚਿਆਂ ਦੀ ਤੰਦਰੁਸਤੀ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਪ੍ਰਗਟਾਈ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 2 ਦਸੰਬਰ:
ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਕਿਹਾ ਹੈ ਕਿ ਸਰਕਾਰੀ ਸਕੀਮਾਂ ਦਾ ਲਾਭ ਸਰਹੱਦੀ ਖੇਤਰਾਂ ਅਤੇ ਪਛੜੇ ਇਲਾਕਿਆਂ ਦੇ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ। ਇੱਥੇ ਮਾਜਰੀ ਦੇ ਆਂਗਨਵਾੜੀ ਸੈਂਟਰ ਵਿੱਚ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ 2 ਤੋਂ 8 ਦਸੰਬਰ ਤੱਕ ਪੰਜਾਬ ਭਰ ਵਿੱਚ ਮਨਾਏ ਜਾ ਰਹੇ ਜਾਗਰੂਕਤਾ ਹਫ਼ਤੇ ਦੀ ਸ਼ੁਰੂਆਤ ਕਰਦਿਆਂ ਸ੍ਰੀਮਤੀ ਚੌਧਰੀ ਨੇ ਕਿਹਾ ਕਿ ਸਰਕਾਰ ਨੇ ਗਰਭਵਤੀ ਅੌਰਤਾਂ ਦੀ ਭਲਾਈ ਲਈ ਪੋਸ਼ਣ ਮਾਹ ਵਰਗੀਆਂ ਕਈ ਸਕੀਮਾਂ ਸ਼ੁਰੂ ਕੀਤੀਆਂ ਹਨ, ਜਿਨ੍ਹਾਂ ਬਾਰੇ ਜਾਗਰੂਕ ਹੋਣਾ ਜ਼ਰੂਰੀ ਹੈ। ਸਿਹਤਮੰਦ ਬੱਚਿਆਂ ਨਾਲ ਹੀ ਸਿਹਤਮੰਦ ਭਵਿੱਖ ਹੋਣ ਉਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਗਰਭਵਤੀ ਅੌਰਤਾਂ ਨੂੰ ਪੌਸ਼ਟਿਕ ਭੋਜਨ ਦੇਣ ਲਈ ਸਮਾਜਿਕ ਸੁਰੱਖਿਆ ਵਿਭਾਗ ਨੇ ਕਈ ਸਕੀਮਾਂ ਸ਼ੁਰੂ ਕੀਤੀਆਂ ਹਨ। ਲੋਕ ਇਨ੍ਹਾਂ ਸਕੀਮਾਂ ਬਾਰੇ ਜਾਗਰੂਕ ਹੋਣ ਅਤੇ ਇਨ੍ਹਾਂ ਦਾ ਲਾਭ ਲੈਣ।
ਅੌਰਤਾਂ ਤੇ ਬੱਚਿਆਂ ਦੀ ਤੰਦਰੁਸਤੀ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਪ੍ਰਗਟਾਉਂਦਿਆਂ ਸ੍ਰੀਮਤੀ ਚੌਧਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਹੁਣ ਤੱਕ ਰਾਜ ਦੇ 2,48,292 ਲਾਭਪਾਤਰੀਆਂ ਦੇ ਖਾਤਿਆਂ ਵਿੱਚ 94,65,56000 ਸਿੱਧੇ ਜਮ੍ਹਾਂ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਗਰਭਵਤੀ ਅੌਰਤਾਂ ਨੂੰ ਪਹਿਲੇ ਬੱਚੇ ਦੇ ਜਨਮ ਲਈ ਪੰਜ ਹਜ਼ਾਰ ਰੁਪਏ ਦੀ ਰਾਸ਼ੀ ਤਿੰਨ ਕਿਸ਼ਤਾਂ ਵਿੱਚ ਮਿਲਣੀ ਹੈ, ਜਿਸ ਤਹਿਤ ਪਹਿਲੀ ਕਿਸ਼ਤ ਇਕ ਹਜ਼ਾਰ ਰੁਪਏ ਦੀ ਅੌਰਤ ਦੇ ਗਰਭਧਾਰਨ ਤੋਂ 150 ਦਿਨਾਂ ਦੇ ਅੰਦਰ ਅੰਦਰ ਨੇੜਲੇ ਆਂਗਨਵਾੜੀ ਸੈਂਟਰ ਵਿੱਚ ਰਜਿਸਟਰੇਸ਼ਨ ਕਰਵਾਉਣ ਮਗਰੋਂ ਮਿਲੇਗੀ, ਜਦੋਂ ਕਿ ਦੋ ਹਜ਼ਾਰ ਰੁਪਏ ਦੀ ਦੂਜੀ ਕਿਸ਼ਤ ਗਰਭਵਤੀ ਅੌਰਤ ਦਾ ਸਿਹਤ ਵਿਭਾਗ ਵੱਲੋਂ ਘੱਟੋ ਘੱਟ ਇਕ ਜਣੇਪਾ ਪੂਰਵ ਚੈੱਕਅੱਪ, ਗਰਭਧਾਰਨ ਤੋਂ 180 ਦਿਨ ਪੂਰੇ ਹੋਣ ਉੱਤੇ ਮਿਲੇਗੀ। ਦੋ ਹਜ਼ਾਰ ਰੁਪਏ ਦੀ ਤੀਜੀ ਤੇ ਆਖ਼ਰੀ ਕਿਸ਼ਤ ਗਰਭਵਤੀ ਅੌਰਤ ਦੇ ਬੱਚੇ ਦੇ ਜਨਮ ਦੀ ਰਜਿਸਟਰੇਸ਼ਨ ਅਤੇ ਪਹਿਲੇ ਗੇੜ ਦਾ ਟੀਕਾਕਰਨ ਪੂਰਾ ਹੋਣ ਉਤੇ ਦਿੱਤੀ ਜਾਵੇਗੀ।
ਕੈਬਨਿਟ ਮੰਤਰੀ ਨੇ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਨਵੀਆਂ ਰਜਿਸਟਰਡ ਹੋਈਆਂ ਗਰਭਵਤੀ ਅੌਰਤਾਂ ਨੂੰ ਸਰਟੀਫਿਕੇਟ ਵੀ ਵੰਡੇ। ਉਨ੍ਹਾਂ ਪ੍ਰੋਗਰਾਮ ਦੌਰਾਨ ਲੱਗੀਆਂ ਨੁਮਾਇਸ਼ਾਂ ਵੀ ਦੇਖੀਆਂ ਤੇ ਆਂਗਨਵਾੜੀ ਸੈਂਟਰਾਂ ਤੋਂ ਗਰਭਵਤੀ ਅੌਰਤਾਂ ਨੂੰ ਦਿੱਤੀਆਂ ਜਾਂਦੀਆਂ ਖੁਰਾਕੀ ਵਸਤਾਂ ਵੀ ਚੈੱਕ ਕੀਤੀਆਂ। ਇਸ ਮੌਕੇ ਛੋਟੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਇਸ ਦੌਰਾਨ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਪ੍ਰਮੁੱਖ ਸਕੱਤਰ ਸ੍ਰੀਮਤੀ ਰਾਜੀ ਪੀ ਸ੍ਰੀਵਾਸਤਵਾ, ਡਾਇਰੈਕਟਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਏਡੀਸੀ (ਵਿਕਾਸ) ਸ੍ਰੀਮਤੀ ਆਸ਼ਿਕਾ ਜੈਨ, ਡਿਪਟੀ ਡਾਇਰੈਕਟਰ ਰੁਪਿੰਦਰ ਕੌਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸੁਖਦੀਪ ਸਿੰਘ, ਪ੍ਰੋਗਰਾਮ ਅਫ਼ਸਰ ਸ੍ਰੀਮਤੀ ਇੰਦਰਦੀਪ ਕੌਰ, ਸੀਡੀਪੀਓ ਮਾਜਰੀ ਸ੍ਰੀਮਤੀ ਹਰਮੀਤ ਕੌਰ, ਪੰਜਾਬ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਭੂਰਾ ਅਤੇ ਸਰਪੰਚ ਜਗਦੀਪ ਰਾਣਾ ਤੇ ਹੋਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…