ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਸ਼ੁਰੂਆਤ ਸਬੰਧੀ ਵਿਆਪਕ ਰੂਪ ਰੇਖਾ ਤਿਆਰ-ਸਿੱਖਿਆ ਸਕੱਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਨਵੰਬਰ:
ਆਉਣ ਵਾਲੀ 14 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀਆਂ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਦਾਖ਼ਲਿਆਂ ਦੀ ਅਗਾਊਂ ਤਿਆਰੀਆਂ ਅਤੇ ਪ੍ਰਬੰਧ ਲਗਭਗ ਮੁਕੰਮਲ ਕਰ ਲਏ ਗਏ ਹਨ ਅਤੇ ਇਸ ਸਬੰਧੀ ਬੱਚਿਆਂ ਦੇ ਮਾਪਿਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਸਰਕਾਰ ਵਲੋਂ ਇਹ ਫੈਸਲਾ ਲਿਆ ਗਿਆ ਹੈ ਕਿ 14 ਨਵੰਬਰ ਨੂੰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸ੍ਰੀ ਜਵਾਹਰ ਲਾਲ ਨਹਿਰੂ ਜੀ ਦੇ ਜਨਮ ਦਿਨ ਮੌਕੇ ਸਕੂਲਾਂ ਅੰਦਰ ਬਾਲ ਦਿਵਸ ਨੂੰ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਲਈ ਸਵਾਗਤੀ ਪ੍ਰੋਗਰਾਮ ਆਯੋਜਿਤ ਕਰਕੇ ਮਨਾਇਆ ਜਾਵੇ।
ਉਨ੍ਹਾਂ ਦੱਸਿਆ ਕਿ ਪਿੰਡ ਦੇ ਸਰਪੰਚ, ਪੰਚਾਇਤ ਮੈਂਬਰਾਂ, ਸਕੂਲ ਮੈਨੇਜਮੈਂਟ ਕਮੇਟੀ ਮੈਬਰਾਂ, ਮਾਪਿਆਂ, ਪਤਵੰਤੇ ਸੱਜਣਾ ਅਤੇ ਆਂਗਣਵਾੜੀ ਵਰਕਰ/ਹੈਲਪਰ ਨੂੰ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਬਾਰੇ 14 ਨਵੰਬਰ ਨੂੰ ਕੀਤੇ ਜਾਣ ਵਾਲੇ ਸਵਾਗਤੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਵੇ ਅਤੇ ਇਹਨਾਂ ਨੂੰ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਕਰਭ ਦੇ ਉਦੇਸ਼ਾਂ ਬਾਰੇ ਜਾਣੂ ਕਰਵਾਇਆ ਜਾਵੇ।
ਸਿੱਖਿਆ ਸਕੱਤਰ ਅਨੁਸਾਰ 14 ਨਵੰਬਰ ਨੂੰ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਦਾਖ਼ਲ ਹੋਣ ਵਾਲੇ 3 ਤੋਂ 6 ਸਾਲ ਦੇ ਬੱਚਿਆਂ ਦੀ ਸੂਚੀ ਤਿਆਰ ਕੀਤੀ ਜਾਵੇ (ਇਸ ਕੰਮ ਲਈ 9 ਨਵੰਬਰ ਨੂੰ ਜ’ਧ ਟਕਬ/ ਘਰੋਂ-ਘਰੀ ਕੀਤੇ ਸਰਵੇਖਣ ਦੀ ਰਿਪੋਰਟ ਨੂੰ ਵਰਤਿਆ ਜਾਵੇ)। ਇਹ ਯਕੀਨੀ ਬਣਾਇਆ ਜਾਵੇ ਕਿ ਤਿੰਨ ਤੋਂ ਛੇ ਸਾਲ ਦੀ ਉਮਰ ਤੱਕ ਦਾ ਕੋਈ ਵੀ ਬੱਚਾ ਸਕੂਲ ਵਿੱਚ ਦਾਖਲ ਹੋਣ ਤੋਂ ਵਾਂਝਾ ਨਾ ਰਹਿ ਜਾਵੇ। ਪ੍ਰੀ-ਪ੍ਰਾਇਮਰੀ ਜਮਾਤ ਲਈ ਸ਼ਨਾਖਤ ਕੀਤੇ, ਦਾਖਲ ਕੀਤੇ 3 ਤੋਂ 6 ਸਾਲ ਦੇ ਬੱਚਿਆਂ ਦਾ 14 ਨਵੰਬਰ ਨੂੰ ਸਕੂਲ ਆਉਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਸਿੱਖਿਆ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ 14 ਨਵੰਬਰ ਵਾਲੇ ਦਿਨ ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਲਈ ਚਾਰਟ, ਪੋਸਟਰ, ਬੈਨਰ, ਆਦਿ ਲਗਾ ਕੇ ਕਮਰਾ ਸਜਾਇਆ ਜਾਵੇ। ਪ੍ਰੀ-ਪ੍ਰਾਇਮਰੀ ਵਿੱਚ ਦਾਖਲ ਹੋਏ ਬੱਚਿਆਂ ਨੂੰ ਖਾਸ ਤੌਰ ਤੇ ਤਿਆਰ ਕੀਤੇ ਇਸ ਕਮਰੇ ਵਿੱਚ ਲਿਜਾਇਆ ਜਾਵੇ।
ਇਹਨਾਂ ਬੱਚਿਆਂ ਨੂੰ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਪਾਣੀ ਦੇ ਰੰਗਖ ਦਾ ਇਸਤੇਮਾਲ ਕਰਦੇ ਹੋਏ ਕਾਗਜ਼ ਤੇ ਹੱਥ/ਉਂਗਲੀ ਛਾਪਣਾ, ਕਾਗਜ਼ ਫੋਲਡ ਕਰਨਾ, ਖਿਡੋਣਿਆਂ ਨਾਲ ਖੇਡਣਾ, ਬਾਲ ਗੀਤ ਜਾਂ ਦਿਲਚਸਪ ਕਹਾਣੀ ਸੁਣਾਉਣ ਆਦਿ ਕਰਵਾਈਆਂ ਜਾਣ ਤਾਂ ਜੋ ਇਹਨਾਂ ਬੱਚਿਆਂ ਦੀ ਸਕੂਲ ਵਿੱਚ ਆਉਣ ਲਈ ਦਿਲਚਸਪੀ ਪੈਦਾ ਹੋ ਸਕੇ। ਪ੍ਰੀ-ਪ੍ਰਾਇਮਰੀ ਜਮਾਤ ਲਈ ਤਿਆਰ ਕੀਤੇ ਕਮਰੇ ਵਿੱਚ ਬੁੱਕ ਕਾਰਨਰ ਅਤੇ ਖਿਡੌਣਿਆਂ ਦਾ ਕਾਰਨਰ ਵੀ ਸਥਾਪਿਤ ਕੀਤਾ ਜਾਵੇ। ਹਰੇਕ ਸਕੂਲ ਵਿੱਚ ਸੂਚਨਾ ਕਾਊਂਟਰ ਲਗਾਇਆ ਜਾਵੇ, ਜਿਸ ’ਤੇ ਸਕੂਲ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਪ੍ਰੀ-ਪ੍ਰਾਇਮਰੀ ਪ੍ਰੋਗਰਾਮ ਅਤੇ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਮੁਫ਼ਤ ਸਹੂਲਤਾਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਸਕੂਲ ਵਿੱਚ ਇੱਕ ਰਜਿਸਟ੍ਰੇਸ਼ਨ ਕਾਊਂਟਰ ਵੀ ਲਗਾਇਆ ਜਾਵੇ। ਜਿਸ ਤੇ ਸਕੂਲ ਵਿੱਚ ਆਉਣ ਵਾਲੇ 3 ਤੋਂ 6 ਸਾਲ ਦੇ ਬੱਚਿਆਂ ਦਾ ਦਾਖਲਾ ਕੀਤਾ ਜਾਵੇਗਾ ਅਤੇ ਬੱਚੇ ਦਾ ਨਾਮ ਦਾਖਲਾ-ਖਾਰਜ ਰਜਿਸਟਰ ਅਤੇ ਹਾਜਰੀ ਰਜਿਸਟਰ ਵਿੱਚ ਦਰਜ ਕੀਤਾ ਜਾਵੇਗਾ।ਸਕੂਲ ਵਿੱਚ ਹਾਜ਼ਰ ਸਕੂਲ ਮੇਨੈਜਮੈਂਟ ਕਮੇਟੀ ਮੈਬਰਾਂ, ਪਿੰਡ ਦੇ ਸਰਪੰਚ, ਪੰਚਾਇਤ ਮੈਂਬਰਾਂ, ਪਤਵੰਤੇ ਸੱਜਣਾ ਅਤੇ ਪ੍ਰੀ-ਪ੍ਰਾਇਮਰੀ ਵਿੱਚ ਬੱਚਿਆਂ ਨੂੰ ਦਾਖਲ ਕਰਵਾਉਣ ਆਏ ਮਾਪਿਆਂ ਲਈ ਬਾਲ ਦਿਵਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਰੰਗਾ-ਰੰਗ ਪ੍ਰੋਗਰਾਮ ਆਯੋਜਿਤ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਉਕਤ ਗਤੀਵਿਧੀਆਂ ਕਰਵਾਉਣ ਦੀ ਜ਼ਿੰਮੇਵਾਰੀ ਜਿੱਥੇ ਸਕੂਲ ਮੁੱਖੀ ਦੀ ਹੈ,ਉਥੇ ਮੁੱਖ ਦਫ਼ਤਰ ਦੇ ਅਧਿਕਾਰੀ, ਸਬੰਧਤ ਜ਼ਿਲ੍ਹੇ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.), ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.), ਡਾਇਟ ਪ੍ਰਿੰਸੀਪਲ, ਬੀ.ਪੀ.ਈ.ਓ ਅਤੇ ‘ਪੜ੍ਹੋ ਪੰਜਾਬ, ਪੜਾਓ ਪੰਜਾਬ’ ਦੀ ਟੀਮ ਵੀ ਇਹਨਾਂ ਗਤੀਵਿਧੀਆਂ ਨੂੰ ਕਰਵਾਉਣ ਲਈ ਜ਼ਿੰਮੇਵਾਰ ਹੋਵੇਗੀ। ਸਮੂਹ ਸਿੱਖਿਆ ਅਧਿਕਾਰੀ ਨਿੱਜੀ ਤੌਰ ’ਤੇ ਇਹਨਾਂ ਸਮਾਗਮਾਂ ਵਿੱਚ ਸ਼ਾਮਲ ਹੋਣ ਤਾਂ ਜੋ ਸਰਕਾਰ ਵੱਲੋਂ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਅਤੇ ਸੂਬੇ ਵਿੱਚ ਬੱਚਿਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਦੇ ਯਤਨ ਸਫ਼ਲ ਹੋ ਸਕਣ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…