
ਸੀਜੀਸੀ ਝੰਜੇੜੀ ਕੈਂਪਸ ਦੇ ਦੋ ਰੋਜ਼ਾ ਸੂਬਾ ਪੱਧਰੀ ਟੈੱਕ ਫੈਸਟ ਦੀਆਂ ਤਿਆਰੀਆਂ ਮੁਕੰਮਲ
ਤਕਨੀਕ ਤੇ ਕਲਾ ਦੇ ਸੁਮੇਲ ਟੈਕ ਫੈਸਟ ਵਿੱਚ 10 ਹਜ਼ਾਰ ਵਿਦਿਆਰਥੀ ਲੈਣਗੇ ਹਿੱਸਾ: ਧਾਲੀਵਾਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਾਰਚ:
ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ ਦੇ ਝੰਜੇੜੀ ਕੈਂਪਸ ਵੱਲੋਂ ਹਰ ਸਾਲ ਕਰਵਾਇਆਂ ਜਾਣ ਵਾਲਾ ਟੈੱਕ ਫੈਸਟ ਅੱਜ ਸੂਬਾ ਪੱਧਰ ਤੋਂ ਉੱਪਰ ਵੱਧ ਕੇ ਉੱਤਰੀ ਭਾਰਤ ਵਿਚ ਇਕ ਨਵੇਕਲਾ ਸਥਾਨ ਬਣਾ ਚੁੱਕਾ ਹੈ। ਇਸ ਫੈਸਟ ਵਿਚ ਹਰ ਸਾਲ ਦੇ ਪੰਜਾਬ, ਹਰਿਆਣਾ,ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਦਸ ਹਜ਼ਾਰ ਦੇ ਕਰੀਬ ਵਿਦਿਆਰਥੀ ਹਿੱਸਾ ਲੈ ਕੇ ਆਪਣੀ ਤਕਨੀਕ ਅਤੇ ਕਲਾਤਮਕ ਸੋਚ ਦਾ ਲਾਸਾਨੀ ਪ੍ਰਦਰਸ਼ਨ ਕਰਦੇ ਹੋਏ ਇਕ ਦੂਜੇ ਨੂੰ ਫਸਵੀਂ ਟੱਕਰ ਦਿੰਦੇ ਹਨ। ਇਸ ਸਾਲ ਵੀ 10 ਅਤੇ 11 ਅਪ੍ਰੈਲ ਨੂੰ ਹੋਣ ਵਾਲੇ ਆਪਣੀ ਤਰਾਂ ਦੇ ਇਸ ਵਿਲੱਖਣ ਰਾਜ ਪੱਧਰੀ ਟੈੱਕ ਫੈਸਟ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਦੇ ਇਲਾਵਾ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਯਾਸਰ ਦੇਸਾਈ ਸਟੇਜ ਤੇ ਆਪਣੀ ਆਵਾਜ਼ ਅਤੇ ਕਲਾ ਨਾਲ ਦਰਸ਼ਕਾਂ ਦਾ ਮੌਨਰੰਜਨ ਕਰਨਗੇ।
ਸੀਜੀਸੀ ਗਰੁੱਪ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਦੱਸਿਆਂ ਕਿ 10 ਅਤੇ 11 ਅਪਰੈਲ ਨੂੰ ਹੋਣ ਜਾ ਰਹੇ ਦੋ ਰੋਜ਼ਾ ਸੀਜੀਸੀ ਟੈੱਕ ਫੈਸਟ ਉਤਸਵ-2023 ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੇ ਲਈ ਹਰ ਤਰਾਂ ਦੀ ਤਿਆਰੀ ਮੁਕੰਮਲ ਕਰ ਲਈ ਗਈ ਹੈ। ਦੂਜੇ ਪ੍ਰਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਖ਼ਾਸ ਧਿਆਨ ਰੱਖਿਆਂ ਗਿਆ ਹੈ।
ਸੀਜੀਸੀ ਦੇ ਐਗਜ਼ੀਕਿਊਟਿਵ ਡਾਇਰੈਕਟਰ ਡਾ. ਨੀਰਜ ਸ਼ਰਮਾ ਨੇ ਇਸ ਫੈਸਟ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਇਸ ਟੈੱਕ ਫੈਸਟ ਨੂੰ ਤਿੰਨ ਕੈਟਾਗਰੀ ‘ਚ ਵੰਡਿਆਂ ਗਿਆ ਹੈ। ਪਹਿਲੀ ਕੈਟਾਗਰੀ ਟੈਕਨੀਕਲ ਕੈਟਾਗਰੀ ਵਿਚ ਰੋਬੋ ਵਾਰ, ਰੋਬੋ ਰੇਸ, ਲਾਈਨ ਫਾਲੋਵਰ, ਡਰੋਨ ਮੁਕਾਬਲੇ, ਪ੍ਰੋਜੈਕਟ ਡਿਸਪਲੇ, ਲੋਗੋ ਡਿਜ਼ਾਇਨਿੰਗ, ਬਰੇਕ ਦਾ ਕੋਡ, ਆਈਡੀਹੇਥਨ, ਲੇਨ, ਮੋਬਾਈਲ ਗੇਮਿੰਗ, ਟੈਕ ਡਿਬੇਟ ਮੁਕਾਬਲੇ ਅਤੇ ਸਰੇਵਿੰਗ ਮੁਕਾਬਲੇ ਰੱਖੇ ਗਏ ਹਨ।
ਜਦਕਿ ਦੂਜੀ ਨਾਨ ਟੈਕਨੀਕਲ ਕੈਟਾਗਰੀ ਵਿਚ ਮਾਸਟਰ ਸ਼ੈੱਫ, ਕਵਿਜ਼, ਰੰਗੋਲੀ, ਮੈਕਸਿਮ ਰਾਈਟਿੰਗ, ਸਟਾਰਟ ਅਪ ਪਲੈਨ, ਐੱਡ ਐਕਸਟਰਾਜ਼ਾ, ਫੇਸ ਪੇਂਟਿੰਗ, ਪੋਸਟਰ ਮੇਕਿੰਗ, ਰਹਿੰਦ ਖੂਦ ਤੋਂ ਸਮਾਨ ਬਣਾਉਣਾ, ਕਾਨੂੰਨੀ ਸਲਾਹ ਮੁਕਾਬਲੇ ਕਰਵਾਏ ਜਾ ਰਹੇ ਹਨ। ਤੀਜੀ ਕੈਟਾਗਰੀ ਸਭਿਆਚਾਰਕ ਗਤੀਵਿਧੀਆਂ ਦੀ ਰੱਖੀ ਗਈ ਹੈ। ਜਿਸ ਵਿਚ ਭਾਰਤੀ ਅਤੇ ਪੱਛਮੀ ਡਾਂਸ, ਗਿੱਧਾ ਅਤੇ ਭੰਗੜਾ ਮੁਕਾਬਲੇ, ਨੁੱਕੜ ਨਾਟਕ, ਕਾਮੇਡੀ, ਬੈੱਡ ਮੁਕਾਬਲੇ ਸਮੇਤ ਕਈ ਮੰਨੋਰੰਜਕ ਅਤੇ ਸਭਿਆਚਾਰਕ ਪ੍ਰੋਗਰਾਮ ਰੱਖੇ ਗਏ ਹਨ। ਇਸ ਦੇ ਇਲਾਵਾ ਫ਼ੈਸ਼ਨ ਸ਼ੋਅ ਵੀ ਖਿੱਚ ਦਾ ਕੇਂਦਰ ਰਹੇਗਾ।
ਧਾਲੀਵਾਲ ਨੇ ਦੱਸਿਆ ਕਿ ਝੰਜੇੜੀ ਕੈਂਪਸ ਦੇ ਵਿਦਿਆਰਥੀ ਜਿੱਥੇ ਯੂਨੀਵਰਸਿਟੀ ਪੱਧਰ ਦੀ ਮੈਰਿਟ ਹਾਸਲ ਕਰਨ, ਕੈਂਪਸ ਆਪਣੇ ਵਿਦਿਆਰਥੀਆਂ ਨੂੰ ਬਿਹਤਰੀਨ ਨੌਕਰੀ ਦਿਵਾਉਣ ਅਤੇ ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਯੂਨੀਵਰਸਿਟੀ ਪੱਧਰ ’ਤੇ ਪੁਜ਼ੀਸ਼ਨਾਂ ਹਾਸਲ ਕਰਨ ਲਈ ਜਾਣਿਆਂ ਜਾਂਦਾ ਹੈ। ਉੱਥੇ ਹੀ ਸੀਜੀਸੀ ਦੀ ਮੈਨੇਜਮੈਂਟ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਉਨ੍ਹਾਂ ਵਿਚਲੀ ਕਲਾ ਨੂੰ ਨਿਖਾਰਨ ਦਾ ਵੀ ਭਰਪੂਰ ਮੌਕਾ ਦਿੱਤਾ ਜਾਂਦਾ ਹੈ। ਇਸੇ ਕੜੀ ਵਿੱਚ ਕਰਵਾਈ ਜਾ ਰਹੇ ਇਸ ਫੈਸਟ ਵਿੱਚ ਸੀਜੀਸੀ ਦੇ ਵਿਦਿਆਰਥੀਆਂ ਸਮੇਤ ਹਜ਼ਾਰਾਂ ਵਿਦਿਆਰਥੀ ਆਪਣੀਆਂ ਵਿਚਲੀਆਂ ਕਲਾਵਾਂ ਦਾ ਬਿਹਤਰੀਨ ਪ੍ਰਦਰਸ਼ਨ ਕਰਨਗੇ। ਜੋ ਕਿ ਹਰ ਸਾਲ ਇਕ ਨਵੇ ਖ਼ੂਬਸੂਰਤ ਤਜਰਬੇ ਵਜੋਂ ਹੋ ਨਿੱਬੜਦਾ ਹੈ। ਇਸ ਮੌਕੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਟੈੱਕ ਫੈਸਟ ਨਾਲ ਸਬੰਧਤ ਪੋਸਟਰ ਵੀ ਰਿਲੀਜ਼ ਕੀਤਾ।