Nabazepunjab.com

ਸਿੱਖ ਧਰਮ ਨਾਲ ਸਬੰਧਤ ਇਤਿਹਾਸਕ ਥਾਵਾਂ\ਯਾਦਗਾਰਾਂ ਦੀ ਸੰਭਾਲ ਕਰਨ ਦੀ ਮੰਗ ਉੱਠੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਪਰੈਲ:
ਕਲਗੀਧਰ ਸੇਵਕ ਜਥਾ ਅਤੇ ਮਾਰਕੀਟ ਵੈਲਫੇਅਰ ਐਸੋਸੀਏਸਨ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਨੇ ਸਿੱਖ ਧਰਮ ਨਾਲ ਸਬੰਧਤ ਇਤਿਹਾਸਕ ਥਾਵਾਂ ਅਤੇ ਯਾਦਗਾਰਾਂ ਦੀ ਸਹੀ ਤਰੀਕੇ ਨਾਲ ਸਾਂਭ ਸੰਭਾਲ ਕਰਨ ਦੀ ਮੰਗ ਕੀਤੀ ਹੈ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਦੇਖਣ ਵਿੱਚ ਆ ਰਿਹਾ ਹੈ ਕਿ ਸਿੱਖ ਧਰਮ ਨਾਲ ਸਬੰਧਤ ਅਨੇਕਾਂ ਥਾਵਾਂ ਉੱਤੇ ਪੁਰਾਣੀਆਂ ਵਿਰਾਸਤੀ ਇਮਾਰਤਾਂ ਢਾਹ ਕੇ ਨਵੀਆਂ ਉਸਾਰੀਆਂ ਕਰ ਦਿੱਤੀਆਂ ਗਈਆਂ ਹਨ। ਇਹ ਨਵੀਆਂ ਉਸਾਰੀਆਂ ਭਾਵੇਂ ਦੇਖਣ ਵਿੱਚ ਬਹੁਤ ਖੂਬਸੂਰਤ ਲੱਗਦੀਆਂ ਹਨ ਪ੍ਰੰਤੂ ਇਨ੍ਰਾਂ ਦੀ ਪੁਰਾਤਨ ਦਿਖ ਖ਼ਤਮ ਹੋ ਗਈ ਹੈ।
ਭਾਈ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਅਕਾਲੀ ਸਰਕਾਰ ਦੌਰਾਨ ਇੱਥੋਂ ਦੇ ਨੇੜਲੇ ਪਿੰਡ ਚੱਪੜਚਿੜੀ ਦੀ 20 ਏਕੜ ਜ਼ਮੀਨ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਯਾਦ ਵਿੱਚ ਫਤਹਿ ਮੀਨਾਰ (ਜੰਗੀ ਯਾਦਗਾਰ) ਬਣਾਈ ਗਈ ਸੀ ਲੇਕਿਨ ਬਾਅਦ ਵਿੱਚ ਮੁਹਾਲੀ ਪ੍ਰਸ਼ਾਸਨ ਜਾਂ ਮੌਜੂਦਾ ਸਰਕਾਰ ਨੇ ਇਸ ਵਿਲੱਖਣ ਦੀ ਯਾਦਗਾਰ ਨੂੰ ਸਾਂਭਣ ਦਾ ਯਤਨ ਨਹੀਂ ਕੀਤਾ। ਇਹੀ ਨਹੀਂ ਫਤਹਿ ਮੀਨਾਰ ਨੂੰ ਹੁਣ ਤੱਕ ਲਿਫ਼ਟ ਵੀ ਨਹੀਂ ਜੋੜੀ ਗਈ ਹੈ ਅਤੇ ਰੰਗ ਬਿਰੰਗੀਆਂ ਲਾਈਟਾਂ ਵੀ ਖ਼ਰਾਬ ਪਈਆਂ ਹਨ ਅਤੇ ਸ਼ਹੀਦਾਂ ਦੇ ਬੁੱਤਾਂ ਵਾਲੇ ਟਿੱਬਿਆਂ ਦੀ ਮਿੱਟੀ ਵੀ ਖੁਰਨੀ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ ਚੱਪੜਚਿੜੀ ਯਾਦਗਾਰ ਤੱਕ ਪਹੁੰਚ ਲਿੰਕ ਸੜਕ ਦੀ ਬਹੁਤ ਖਸਤਾ ਹਾਲਤ ਹੈ। ਜਿਸ ਕਾਰਨ ਸ਼ਰਧਾਲੂਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਿੱਖ ਧਰਮ ਨਾਲ ਸਬੰਧਤ ਪੁਰਾਤਨ ਇਮਾਰਤਾਂ ਨੂੰ ਢਾਹ ਕੇ ਨਵੀਆਂ ਇਮਾਰਤਾਂ ਬਣਾਉਣ ਦੀ ਥਾਂ ਪੁਰਾਤਨ ਇਮਾਰਤਾਂ ਦੀ ਸਹੀ ਦੇਖਭਾਲ ਕਰਕੇ ਉਨ੍ਹਾਂ ਵਿਰਾਸਤੀ ਇਮਾਰਤਾਂ ਨੂੰ ਸੰਭਾਲਣ ਦੀ ਬੇਹੱਦ ਲੋੜ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਸਿੱਖ ਵਿਰਸੇ ਅਤੇ ਸਿੱਖ ਧਰਮ ਨਾਲ ਸਬੰਧਤ ਇਤਿਹਾਸਕ ਇਮਾਰਤਾਂ ਬਾਰੇ ਸਹੀ ਜਾਣਕਾਰੀ ਮਿਲ ਸਕੇ। ਇਸ ਮੌਕੇ ਰਤਨ ਸਿੰਘ, ਜੋਗਿੰਦਰ ਸਿੰਘ ਬੈਦਵਾਨ, ਬਲਵਿੰਦਰ ਸਿੰਘ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ, ਭੁਪਿੰਦਰ ਕੌਰ ਅਤੇ ਹੋਰ ਵੀ ਪਤਵੰਤੇ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…