
ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਗੁਰੂ ਨਾਨਕ ਦੀ ਹੱਟੀ ‘ਮੋਦੀਖ਼ਾਨਾ’ ਖੋਲ੍ਹਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਸਤੰਬਰ:
ਇੱਥੋਂ ਦੇ ਫੇਜ਼-11 ਦੀ ਮਾਰਕੀਟ ਵਿੱਚ ਗੁਰਦੁਆਰਾ ਸ੍ਰੀ ਸਿੰਘ ਸਭਾ ਦੇ ਪ੍ਰਧਾਨ ਬਲਬੀਰ ਸਿੰਘ ਖਾਲਸਾ ਵੱਲੋਂ ਗੁਰੂ ਨਾਨਕ ਦੀ ਹੱਟੀ ‘ਮੋਦੀਖਾਨਾ’ ਖੋਲ੍ਹਿਆ ਗਿਆ। ਜਿਸ ਦਾ ਉਦਘਾਟਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸੰਤ ਬਾਬਾ ਮਹਿੰਦਰ ਸਿੰਘ ਲੰਬਿਆਂ ਵਾਲਿਆ ਨੇ ਕੀਤਾ। ਇਸ ਮੌਕੇ ਸੰਤ ਬਾਬਾ ਮਹਿੰਦਰ ਸਿੰਘ ਅਤੇ ਬੱਬੀ ਬਾਦਲ ਨੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਹਮੇਸ਼ਾ ਸੱਚ ਦਾ ਸੌਦਾ ਕਰਨ ਲਈ ਪ੍ਰੇਰਿਆ।
ਬਲਬੀਰ ਸਿੰਘ ਖਾਲਸਾ ਨੇ ਦੱਸਿਆ ਕਿ ਮੋਦੀਖ਼ਾਨੇ ਵਿੱਚ ਕਰਿਆਨੇ ਦਾ ਸਾਮਾਨ ਬਾਜ਼ਾਰ ਨਾਲੋਂ ਸਸਤੇ ਭਾਅ ’ਤੇ ਦਿੱਤਾ ਜਾਵੇਗਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਯੂਥ ਵਿੰਗ ਦੇ ਕੌਮੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ, ਨੌਜਵਾਨ ਪ੍ਰਚਾਰਕ ਬਾਬਾ ਅਮਰਾਓ ਸਿੰਘ, ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਸਾਬਕਾ ਕੌਂਸਲਰ ਜਸਵੀਰ ਸਿੰਘ ਮਣਕੂ ਤੇ ਸੁਖਮਿੰਦਰ ਸਿੰਘ ਬਰਨਾਲਾ, ਸਾਬਕਾ ਪ੍ਰਧਾਨ ਹਰਪਾਲ ਸਿੰਘ ਸੋਢੀ, ਯੂਥ ਆਗੂ ਜਸਰਾਜ ਸਿੰਘ ਸੋਨੂੰ, ਕੁਲਵੰਤ ਸਿੰਘ ਕਲੇਰ, ਗੁਰਚਰਨ ਸਿੰਘ ਭੰਵਰਾ, ਬੀਬੀ ਸਿਮਰਨ ਕੌਰ, ਜਗਮੇਲ ਸਿੰਘ, ਕੁਲਦੀਪ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।