
ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਦੇ ਪ੍ਰਧਾਨ ਹੁਣ ਹਾਈ ਕੋਰਟ ਦਾ ਬੂਹਾ ਖੜਕਾਇਆ
ਐਸਜੀਪੀਸੀ ਵੱਲੋਂ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਆਪਣੇ ਅਧੀਨ ਲੈਣ ਦੀ ਕਾਰਵਾਈ ’ਤੇ ਸਟੇਅ ਆਰਡਰ ਜਾਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੁਲਾਈ:
ਇੱਥੋਂ ਦੇ ਗੁਰਦੁਆਰਾ ਕਲਗੀਧਰ ਸਿੰਘ ਸਭਾ ਫੇਜ਼-4 ਦੀ ਪ੍ਰਬੰਧਕੀ ਕਮੇਟੀ ਵਿਵਾਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਗਿਆ ਹੈ। ਹਾਲਾਂਕਿ ਬੀਤੇ ਕੱਲ੍ਹ ਮੁਹਾਲੀ ਅਦਾਲਤ ਨੇ ਪ੍ਰਧਾਨ ਜਤਿੰਦਰਪਾਲ ਸਿੰਘ ਜੇਪੀ ਦੀ ਪਟੀਸ਼ਨ (ਅਦਾਲਤੀ ਹੁਕਮਾਂ ਦੀ ਉਲੰਘਣਾ) ’ਤੇ ਸੁਣਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਚਾਰ ਮੈਂਬਰੀ ਕਮੇਟੀ ਅਤੇ ਕਾਂਗਰਸ ਆਗੂ ਜਸਪਾਲ ਸਿੰਘ ਸਮੇਤ 40 ਵਿਅਕਤੀਆਂ ਨੂੰ ਨੋਟਿਸ ਜਾਰੀ ਕਰਦਿਆਂ 4 ਅਗਸਤ ਤੱਕ ਆਪਣਾ ਪੱਖ ਰੱਖਣ ਲਈ ਆਖਿਆ ਗਿਆ ਸੀ। ਲੇਕਿਨ ਅੱਜ ਪ੍ਰਧਾਨ ਹਾਈ ਕੋਰਟ ਵਿੱਚ ਪਹੁੰਚ ਗਿਆ। ਉਨ੍ਹਾਂ ਕਿਹਾ ਕਿ ਐਸਜੀਪੀਸੀ ਧੱਕੇ ਨਾਲ ਗੁਰਦੁਆਰੇ ਦਾ ਕਬਜ਼ਾ ਲੈਣਾ ਚਾਹੁੰਦੀ ਹੈ ਜਦੋਂਕਿ ਉਸ ਨੂੰ ਸੰਗਤ ਨੇ ਵੋਟਾਂ ਰਾਹੀਂ ਪ੍ਰਧਾਨ ਚੁਣਿਆ ਹੈ। ਪ੍ਰੰਤੂ ਸ਼੍ਰੋਮਣੀ ਕਮੇਟੀ ਦੀਆਂ ਵਧੀਕੀਆਂ ਕਾਰਨ ਉਨ੍ਹਾਂ ਨੂੰ ਹਾਈ ਕੋਰਟ ਦਾ ਬੂਹਾ ਖੜਕਾਉਣਾ ਪਿਆ ਹੈ।
ਹਾਈ ਕੋਰਟ ਨੇ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਸ਼੍ਰੋਮਣੀ ਕਮੇਟੀ ਦੀ ਕਾਰਵਾਈ ’ਤੇ ਰੋਕ ਲਗਾ ਦਿੱਤੀ ਹੈ। ਐਸਜੀਪੀਸੀ ਵੱਲੋਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੇ ਹੁਕਮਾਂ ’ਤੇ ਇਲਾਕੇ ਦੀ ਸੰਗਤ ਦੀ ਸ਼ਿਕਾਇਤ ’ਤੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਟੌਹੜਾ ਨੂੰ ਦੇਣ ਸਬੰਧੀ ਐਸਜੀਪੀਸੀ ਦੇ ਸੀਨੀਅਰ ਮੈਂਬਰ ਜਸਮੇਰ ਸਿੰਘ ਲਾਛੜੂ, ਜਰਨੈਲ ਸਿੰਘ ਕਰਤਾਰਪੁਰ, ਪਰਮਜੀਤ ਕੌਰ ਲਾਂਡਰਾਂ ਅਤੇ ਐਸਜੀਪੀਸੀ ਦੇ ਵਧੀਕ ਸਕੱਤਰ ਸੁਖਵਿੰਦਰ ਸਿੰਘ ’ਤੇ ਆਧਾਰਿਤ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪ੍ਰਬੰਧ ਸੰਭਾਲਣ ਲਈ ਮਾਹੌਲ ਸੁਖਾਵਾਂ ਬਣਾਉਣ ਦੀ ਗੁਹਾਰ ਲਗਾਈ ਹੈ। ਪ੍ਰੰਤੂ ਇਸ ਕੰਮ ਸਿਰੇ ਚੜ੍ਹਨ ਤੋਂ ਪਹਿਲਾਂ ਹੀ ਉੱਚ ਅਦਾਲਤ ਨੇ ਐਸਜੀਪੀਸੀ ਦੀ ਸਬ ਕਮੇਟੀ ਦੀ ਕਾਰਵਾਈ ’ਤੇ ਰੋਕ ਲਗਾਉਂਦਿਆਂ ਅਗਲੀ ਸੁਣਵਾਈ ਲਈ 27 ਅਕਤੂਬਰ ਦਾ ਦਿਨ ਨਿਰਧਾਰਿਤ ਕੀਤਾ ਹੈ।
ਇਸ ਮੌਕੇ ਪ੍ਰਧਾਨ ਜਤਿੰਦਰਪਾਲ ਸਿੰਘ ਅਤੇ ਵਕੀਲ ਲਵਲੀਨ ਨੰਦਾ ਅਤੇ ਗਗਨਦੀਪ ਸਿੰਘ ਥਿੰਦ ਨੇ ਹਾਈ ਕੋਰਟ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਚੋਣ ਹਾਰ ਚੱੁਕੀ ਵਿਰੋਧੀ ਧਿਰ ਅਤੇ ਕਾਂਗਰਸੀ ਆਗੂ ਗੁਰਦੁਆਰਾ ਸਾਹਿਬ ਦੇ ਕੰਮਾਂ ਵਿੱਚ ਸਿਆਸੀ ਦਖ਼ਲਅੰਦਾਜ਼ੀ ਕਰਕੇ ਮਾਹੌਲ ਨੂੰ ਖਰਾਬ ਕਰ ਰਹੇ ਹਨ। ਹੁਣ ਐਸਜੀਪੀਸੀ ਸੰਗਤ ਦੀਆਂ ਸ਼ਿਕਾਇਤਾਂ ਨੂੰ ਢਾਲ ਬਣਾ ਕੇ ਧੱਕੇ ਨਾਲ ਗੁਰਦੁਆਰੇ ਦਾ ਪ੍ਰਬੰਧ ਆਪਣੇ ਅਧੀਨ ਲੈਣ ਲਈ ਹਰ ਹੀਲਾ ਵਰਤ ਰਹੀ ਹੈ। ਬੀਤੇ ਦਿਨੀਂ ਪ੍ਰਸ਼ਾਸਨ ਨੇ ਗੁਰੂਘਰ ਦੇ ਬਾਹਰ ਪੁਲੀਸ ਦੀ ਟੁਕੜੀ ਵੀ ਤਾਇਨਾਤ ਕਰ ਦਿੱਤੀ ਸੀ। ਜਿਸ ਕਾਰਨ ਮਾਹੌਲ ਗਰਮਾਇਆ ਹੋਇਆ ਹੈ।