ਵਿਰੋਧੀਆਂ ਨਾਲ ਟਾਕਰੇ ਲਈ ਪ੍ਰਤਾਪ ਬਾਜਵਾ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਵੇ: ਬਡਹੇੜੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਕਤੂਬਰ:
ਕਾਂਗਰਸ ਹਾਈ ਕਮਾਂਡ ਨੂੰ ਹੁਣ ਆਮ ਆਦਮੀ ਪਾਰਟੀ (ਆਪ), ਬਾਦਲ ਦਲ, ਬਸਪਾ ਅਤੇ ਭਾਜਪਾ ਦਾ ਸਿਆਸੀ ਮੈਦਾਨ ਵਿੱਚ ਮੁਕਾਬਲਾ ਕਰਨ ਲਈ ਕਾਂਗਰਸ ਦੇ ਆਗੂਆਂ ਨੂੰ ਇੱਕ ਮੰਚ ’ਤੇ ਇਕੱਠੇ ਕਰਨ ਲਈ ਰਾਜ ਸਭਾ ਦੇ ਮੈਂਬਰ ਅਤੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਉਣਾ ਚਾਹੀਦਾ ਹੈ। ਇਹ ਪ੍ਰਗਟਾਵਾ ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਅਤੇ ਆਲ ਇੰਡੀਆ ਜੱਟ ਮਹਾਂਸਭਾ ਦੇ ਕੌਮੀ ਡੈਲੀਗੇਟ ਰਾਜਿੰਦਰ ਸਿੰਘ ਬਡਹੇੜੀ ਨੇ ਕੀਤਾ। ਉਨ੍ਹਾਂ ਦਲੀਲ ਦਿੱਤੀ ਕਿ ਸਾਰੇ ਧੜਿਆਂ ਨੂੰ ਨਾਲ ਲੈ ਕੇ ਚੱਲਣ ਵਿੱਚ ਪ੍ਰਤਾਪ ਬਾਜਵਾ ਹੀ ਕਾਮਯਾਬ ਹੋ ਸਕਦੇ ਹਨ ਅਤੇ ਉਂਜ ਵੀ ਸਾਲ 2022 ਵਿੱਚ ਕਾਂਗਰਸ ਦੀ ਸਰਕਾਰ ਦੁਬਾਰਾ ਬਣਾਉਣ ਲਈ ਸਾਰੇ ਧੜਿਆਂ ਵਿੱਚ ਏਕਾ ਜ਼ਰੂਰੀ ਹੈ।
ਇੱਥੇ ਵਰਨਣਯੋਗ ਹੈ ਕਿ ਸ੍ਰੀ ਬਡਹੇੜੀ ਪਿਛਲੇ ਲੰਮੇ ਸਮੇਂ ਤੋਂ ਸਿੱਖਾਂ ਅਤੇ ਕਿਸਾਨਾਂ ਦੇ ਹੱਕਾਂ ਤੇ ਰੇਤ ਮਾਫ਼ੀਆ ਵਿਰੁੱਧ ਨੰਗੇ ਧੜ ਲੜਾਈ ਲੜ ਰਹੇ ਹਨ। ਬੀਤੇ ਦਿਨੀਂ ਉਹ ਪੰਜਾਬ ਦੇ ਵਜ਼ੀਫ਼ਾ ਘੁਟਾਲੇ ਵਿੱਚ ਦਲਿਤ ਵਿਦਿਆਰਥੀਆਂ ਦੇ ਹੱਕ ਵਿੱਚ ਵੀ ‘ਹਾਅ ਦਾ ਨਾਅਰਾ’ ਵੀ ਮਾਰ ਚੁੱਕੇ ਹਨ। ਸ੍ਰੀ ਬਡਹੇੜੀ ਸਾਲ 1984 ਤੋਂ ਕੈਪਟਨ ਅਮਰਿੰਦਰ ਸਿੰਘ ਹੁਰਾਂ ਦੇ ਕੱਟੜ ਸਮਰਥਕ ਹਨ, ਜਦੋਂ ਕੈਪਟਨ ਨੇ ਆਪਰੇਸ਼ਨ ਬਲੂ ਸਟਾਰ ਦੇ ਵਿਰੋਧ ਕਾਰਨ ਕਾਂਗਰਸ ਤੇ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਸ੍ਰੀ ਬਡਹੇੜੀ ਨੇ ਕਿਹਾ ਕਿ ਹੁਣ ਅਜਿਹੇ ਆਸਾਰ ਬਣਦੇ ਜਾ ਰਹੇ ਕਿ ਬਸਪਾ ਹੁਣ ਬਾਦਲਾਂ ਨਾਲ ਸਮਝੌਤਾ ਕਰ ਸਕਦੀ ਹੈ। ਇੰਜ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਭਾਜਪਾ ਦਾ ਖੱਪ ਪੂਰਨ ਲਈ ਭਾਈਵਾਲ ਦੇ ਰੂਪ ਵਿੱਚ ‘ਨਵਾਂ ਪਤੀ’ ਮਿਲ ਜਾਵੇਗਾ। ਇਸ ਗੱਠਜੋੜ ਦਾ ਲਾਭ ਬਸਪਾ ਨੂੰ ਵੀ ਹੋਵੇਗਾ ਕਿਉਂਕਿ ਇੰਜ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਸ ਦਾ ਖਾਤਾ ਵੀ ਖੁੱਲ੍ਹ ਸਕਦਾ ਹੈ ਅਤੇ ਉੱਧਰ ਬਾਦਲਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਵੀ ਲਾਭ ਮਿਲੇਗਾ।
ਸ੍ਰੀ ਬਡਹੇੜੀ ਨੇ ਕਿਹਾ ਕਿ ਪੰਜਾਬ ਵਿੱਚ ਦਲਿਤਾਂ ਦੀ ਆਬਾਦੀ 36 ਫੀਸਦੀ ਦੇ ਲਗਭਗ ਹੈ ਤੇ ਉਨ੍ਹਾਂ ਦੇ ਸਮਰਥਨ ਤੋਂ ਬਗ਼ੈਰ ਕੋਈ ਵੀ ਪਾਰਟੀ ਸੱਤਾ ‘ਚ ਨਹੀਂ ਆ ਸਕਦੀ। ਚੇਤੇ ਰਹੇ ਕਿ ਸ੍ਰੀ ਬਡਹੇੜੀ ਨੇ 14 ਅਕਤੂਬਰ, 1984 ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਕਾਰਓਸੇਵਾ ਵਿੱਚ ਵੀ ਹਿੱਸਾ ਲਿਆ ਸੀ। ਤਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਰੋਵਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਾਰ ਸੇਵਾ ਵੇਲੇ ਸ੍ਰੀ ਬਡਹੇੜੀ ਯੂਥ ਅਕਾਲੀ ਦਲ ਮੋਹਾਲੀ ਸਰਕਲ ਦੇ ਸੀਨੀਅਰ ਮੀਤਓਪ੍ਰਧਾਨ ਸਨ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਪੋਸਟਓਗ੍ਰੈਜੂਏਸ਼ਨ ਦੇ ਵਿਦਿਆਰਥੀ ਸਨ।
ਸ੍ਰੀ ਬਡਹੇੜੀ ਨੇ ਬੀਤੇ ਦਿਨੀਂ ਆਪਣੇ ਇੱਕ ਬਿਆਨ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਸੀ ਕਿ ਉਹ ਰੇਤ ਮਾਫ਼ੀਆ ਤੇ ਕੇਬਲ ਮਾਫ਼ੀਆ ਦੇ ਹੱਥੋਂ ਹੋ ਰਹੀ ਲੁੱਟ ਦਾ ਪਰਦਾਫ਼ਾਸ਼ ਕਰਨ ਲਈ ਵੱਡੇ ਪੱਧਰ ਉੱਤੇ ਜਾਂਚ ਕਰਵਾਉਣ, ਤਾਂ ਜੋ ਮੁਲਜ਼ਮਾਂ ਨੂੰ ਸਜ਼ਾ ਮਿਲ ਸਕੇ ਅਤੇ ਜਨਤਾ ਨੂੰ ਨਿਆਂ ਮਿਲ ਸਕੇ। ਸ੍ਰੀ ਬਡਹੇੜੀ ਨੇ ਤਦ ਇਹ ਵੀ ਆਖਿਆ ਸੀ ਕਿ ਜਦੋਂ ਤੱਕ ਵਜ਼ੀਫ਼ਾ ਘੁਟਾਲੇ ਦੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਸ੍ਰੀ ਸਾਧੂ ਸਿੰਘ ਧਰਮਸੋਤ ਬਰੀ ਨਹੀਂ ਹੋ ਜਾਂਦੇ, ਤਦ ਤੱਕ ਉਨ੍ਹਾਂ ਨੂੰ ਦਲਿਤ ਸਮਾਜ ਦੀ ਇੱਛਾ ਮੁਤਾਬਕ ਨੈਤਿਕ ਆਧਾਰ ’ਤੇ ਖ਼ੁਦ ਹੀ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…