ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਆਈਸਰ ਵਿੱਚ 152 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ

ਰਾਸ਼ਟਰਪਤੀ ਕੋਵਿੰਦ ਨੇ ਵਿਦਿਆਰਥੀਆਂ ਨੂੰ ਦੇਸ਼ ਅਤੇ ਸਮਾਜ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਈ:
ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦੇਸ਼ ਦੀ ਨਾਮਵਰ ਸੰਸਥਾ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਚਰ (ਆਈਸਰ) ਦੀ 7ਵੀਂ ਸਾਲਾਨਾ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਗਿਆਨਕ ਖੋਜ ਦਾ ਖੇਤਰ ਪੰਜਾਬ ਦੀ ਵਿਰਾਸਤ ਨਾਲ ਜੁੜਿਆ ਹੋਇਆ ਹੈ। ਜਿਸ ਤੋਂ ਆਈਸਰ ਵਰਗੀ ਸੰਸਥਾ ਨੂੰ ਪ੍ਰੇਰਨਾ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਪੰਜਾਬ ਵਿਗਿਆਨਕ ਗਿਆਨ ਦੀ ਉਤਪਤੀ ਅਤੇ ਸਿਖਲਾਈ ਦੇ ਸ਼ੁਰੂਆਤੀ ਕੇਂਦਰਾਂ ਵਿੱਚੋਂ ਇੱਕ ਰਿਹਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸੰਸਥਾ ਦੇ ਵਿਹੜੇ ਵਿੱਚ ਬੂਟਾ ਲਾਇਆ ਅਤੇ ਸੰਸਥਾ ਦੇ 152 ਵਿਦਿਆਰਥੀਆਂ ਨੂੰ ਬੀ.ਐਸ., ਬੀ.ਐਸ-ਐਮ.ਐਸ. ਅਤੇ ਪੀਐਚ.ਡੀ. ਦੀਆਂ ਡਿਗਰੀਆਂ ਵੰਡੀਆਂ।
ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਪੰਜਾਬ ਦੀ ਇਹ ਵਿਰਾਸਤ ਉਦਾਹਰਣ ਪੇਸ਼ ਕਰਦੀ ਹੈ ਕਿ ਕਿਵੇਂ ਇੱਕ ਪਾਸੇ ਵਿਗਿਆਨਕ ਖੋਜੀਆਂ ਅਤੇ ਤਕਨੀਸ਼ਨਾਂ ਦੇ ਸੁਮੇਲ ਅਤੇ ਦੂਜੇ ਬੰਨੇ ਵੱਡੀ ਵਿਕਾਸ ਪ੍ਰਣਾਲੀ ਨੇ ਦੇਸ਼ ਦੇ ਵਿਕਾਸ ਵਿੱਚ ਅਹਮਿ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਭਾਖੜਾ-ਨੰਗਲ ਪ੍ਰੋਜੈਕਟ ਵਰਗੇ ਵੱਡੇ ਪ੍ਰੋਜੈਕਟਾਂ ਵਿੱਚ ਜ਼ਮੀਨੀਂ ਪੱਧਰ ’ਤੇ ਤਕਨੀਸ਼ਨਾਂ ਵੱਲੋਂ ਨਿਭਾਏ ਰੋਲ ਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਖੇਤੀਬਾੜੀ ਵਿਗਿਆਨੀਆਂ ਅਤੇ ਯੂਨੀਵਰਸਿਟੀਆਂ ਨੇ ਅਨਾਜ ਦੀ ਪੈਦਾਵਾਰ ਵਧਾਉਣ ਅਤੇ ਹਰੀ ਕਰਾਂਤੀ ਲਈ ਆਧਾਰ ਮੁਹੱਈਆ ਕਰਵਾਇਆ। ਰਾਸ਼ਟਰਪਤੀ ਨੇ ਕਿਹਾ ਕਿ ਅੱਜ ਮੋਹਾਲੀ ਆਈ.ਟੀ., ਬਾਇਓ ਟੈਕਨਾਲੋਜੀ, ਬਾਇਓ ਇਨਫਰਮੈਟਿਕਸ ਅਤੇ ਹੋਰਨਾਂ ਖੇਤਰਾਂ ਦਾ ਧੁਰਾ ਬਣ ਗਿਆ ਹੈ।
ਸ੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਆਈਸਰ ਉੱਚ ਵਿੱਦਿਆ ਅਤੇ ਖੋਜ ਸਬੰਧੀ ਦੇਸ਼ ਦੀਆਂ ਸਭ ਤੋਂ ਅਹਿਮ ਸੰਸਥਾਵਾਂ ਵਿੱਚ ਸ਼ੁਮਾਰ ਹੈ। ਉੱਤਰੀ ਭਾਰਤ ਵਿੱਚੋਂ ਇਹ ਸੰਸਥਾ ਬਹੁਤ ਥੋੜ੍ਹੇ ਸਮੇਂ ਵਿੱਚ ਸਾਇੰਸ ਨੂੰ ਸਮਰਪਿਤ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣ ਗਈ ਹੈ। ਇਸ ਤੋਂ ਇਲਾਵਾ ਭਾਰਤ ਅਤੇ ਭਾਰਤੀ ਸਮਾਜ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਵਿਗਿਆਨਕ ਖੋਜ ਨੂੰ ਉਤਸ਼ਾਹਤ ਕਰਨ ਅਤੇ ਇਸ ਸਬੰਧੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਆਪਣੇ ਉਦੇਸ਼ ਵੱਲ ਵੀ ਇਹ ਸੰਸਥਾ ਲਗਾਤਾਰ ਅੱਗੇ ਵੱਧ ਰਹੀ ਹੈ। ਉਨ੍ਹਾਂ ਨੇ ਡਿਗਰੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਸਮਾਜ, ਮਿਹਨਤਕਸ਼ ਕਰਦਾਤਾਵਾਂ, ਸਰਕਾਰੀ ਏਜੰਸੀਆਂ ਅਤੇ ਹੋਰਨਾਂ ਭਾਈਵਾਲਾਂ, ਜਿਨ੍ਹਾਂ ਨੇ ਆਈਸਰ ਅਤੇ ਇਸ ਦੇ ਵਿਦਿਆਰਥੀਆਂ ਨੂੰ ਸਿੱਧੇ ਜਾਂ ਅਸਿੱਧੇ ਤੌਰ ’ਤੇ ਸਹਿਯੋਗ ਦਿੱਤਾ ਹੈ, ਨੂੰ ਕਦੇ ਵੀ ਨਾ ਭੁੱਲਣ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੇ੍ਰਰਨਾ ਦਿੱਤੀ ਕਿ ਉਹ ਸਮਾਜ ਅਤੇ ਦੇਸ਼ ਪ੍ਰਤੀ ਕੁਝ ਨਾ ਕੁਝ ਕਰਨ ਦੀ ਭਾਵਨਾ ਜ਼ਰੂਰ ਰੱਖਣ, ਖ਼ਾਸਕਰ ਕੇ ਉਨ੍ਹਾਂ ਲਈ, ਜਿਨ੍ਹਾਂ ਕੋਲ ਸਾਧਨਾਂ ਦੀ ਘਾਟ ਹੈ।
ਸ੍ਰੀ ਕੋਵਿੰਦ ਨੇ ਆਖਿਆ ਕਿ ਪੰਜਾਬ ਅਜਿਹੇ ਟੈਕਨੋਕਰੇਟਸ ਦਾ ਲੰਮਾ ਇਤਿਹਾਸ ਸਮੋਈ ਬੈਠਾ ਹੈ ਜਿਹੜੇ ਕਿ ਕਾਮਯਾਬ ਕਾਰੋਬਾਬੀ ਬਣੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਇਸੇ ਮਾਰਗ ’ਤੇ ਚੱਲਦਿਆਂ ਚੰਗੇ ਕਾਰੋਬਾਰੀ ਬਣਨ ਨੂੰ ਤਰਜੀਹ ਦੇ ਕੇ ਹੋਰਨਾਂ ਲਈ ਨੌਕਰੀਆਂ ਪੈਦਾ ਕਰਨ ਦੇ ਨਾਲ-ਨਾਲ ਸਰਮਾਇਆ ਪੈਦਾ ਕਰਨ ਵਾਲੇ ਵੀ ਬਣਨ, ਜਿਸ ਤਰ੍ਹਾਂ ਬਹੁਤ ਸਾਰੇ ਮਹਾਨ ਸਾਇਸੰਦਾਨਾਂ ਅਤੇ ਤਕਨੀਸ਼ਨਾਂ ਨੇ ਕੀਤਾ ਹੈ। ਉਨ੍ਹਾਂ ਨੇ ਇਸ ਮੌਕੇ ਖੁਸ਼ੀ ਪ੍ਰਗਟਾਈ ਕਿ ਅਕਾਦਮਿਕ ਪ੍ਰਫਾਰਮੈਂਸ ਦੇ ਦੋਵੇਂ ਸੋਨ ਤਗ਼ਮੇ ਵਿਦਿਆਰਥਣਾਂ ਦੇ ਹੀ ਹਿੱਸੇ ਆਏ ਹਨ ਅਤੇ ਅਕਾਦਮਿਕ ਐਕਸੀਲੈਂਸ ਲਈ ਦਿੱਤੇ ਗਏ ਚਾਰ ਐਵਾਰਡਾਂ ਵਿੱਚੋਂ ਵੀ ਤਿੰਨ ਲੜਕੀਆਂ ਨੇ ਜਿੱਤੇ ਹਨ। ਉਨ੍ਹਾਂ ਕਿਹਾ ਕਿ ਕੌਮੀ ਪੱਧਰ ਉੱਤੇ ਵੀ ਦੇਸ਼ ਦੀਆਂ ਧੀਆਂ ਹਰ ਖੇਤਰ ਵਿੱਚ ਲੜਕਿਆਂ ਤੋਂ ਅੱਗੇ ਵੱਧ ਰਹੀਆਂ ਹਨ ਤੇ ਇਹ ਦੇਸ਼ ਨੂੰ ਸੁਨਹਿਰੇ ਭਵਿੱਖ ਵੱਲ ਲਿਜਾਂਦੇ ਕਦਮਾਂ ਵਿੱਚੋਂ ਇੱਕ ਅਹਿਮ ਕਦਮ ਹੈ। ਉਨ੍ਹਾਂ ਕਿਹਾ ਕਿ ਵਿਗਿਆਨਕ ਖੋਜ ਦਾ ਮੰਤਵ ਤਿੰਨ ਪਰਤੀ ਹੈ। ਪਹਿਲਾ, ਸਾਇੰਸ ਅਤੇ ਤਕਨਾਲੋਜੀ ਦੇਸ਼ ਨੂੰ ਵਿਕਸਤ ਕਰਨ ਵਿੱਚ ਆਪਣੇ ਯੋਗਦਾਨ ਹਰ ਹਾਲ ਜਾਰੀ ਰੱਖੇ। ਵਿਕਾਸ ਸਬੰਧੀ ਸਵਾਲਾਂ ਦੇ ਹੱਲ ਲਈ ਸਾਇੰਸ ਅਤੇ ਤਕਨਾਲੋਜੀ ਦੀ ਲੋੜ ਸਦਾ ਬਣੀ ਰਹੇਗੀੇ।
ਅੱਜ ਮੌਸਮੀ ਤਬਦੀਲੀ, ਸਸਤੇ ਇਲਾਜ ਅਤੇ ਕਿਸਾਨਾਂ ਨੂੰ ਪੈਦਾਵਾਰ ਵਧਾਉਣ ਅਤੇ ਘੱਟਦੇ ਪਾਣੀ ਦੇ ਸੰਕਟ ਵਰਗੀਆਂ ਮੁਸ਼ਕਲਾਂ ਅਤੇ ਸਮਾਜ ਦੇ ਹਰ ਮੈਂਬਰ ਨੂੰ ਮਾਣ-ਸਨਮਾਨ ਵਾਲੀ ਜ਼ਿੰਦਗੀ ਬਸਰ ਕਰਨ ਦੇ ਯੋਗ ਬਣਾਉਣ ਸਬੰਧੀ ਸਵਾਲ ਦੇਸ਼ ਅਤੇ ਦੁਨੀਆਂ ਅੱਗੇ ਖੜ੍ਹੇ ਹਨ, ਜਿਨ੍ਹਾਂ ਦੇ ਹੱਲ ਲੱਭਣੇ ਲਾਜ਼ਮੀ ਹਨ। ਰਾਸ਼ਟਰਪਤੀ ਨੇ ਆਈਸਰ ਨੂੰ ਇਸ ਸਬੰਧੀ ਅਹਿਮ ਭੂਮਿਕਾ ਨਿਭਾਉਣ ਲਈ ਆਖਿਆ। ਦੂਜਾ, ਉਨ੍ਹਾਂ ਕਿਹਾ ਕਿ ਸਾਇੰਸ ਅਤੇ ਤਕਨਾਲੋਜੀ ਦਾ ਵਪਾਰ ਅਤੇ ਸਨਅੱਤ ਨਾਲ ਡੂੰਘਾ ਸਬੰਧ ਹੈ ਅਤੇ ਸਾਇੰਸ ਅਤੇ ਵਣਜ ਇਕੱਠੇ ਬਹੁਤ ਕੁਝ ਕਰ ਸਕਦੇ ਹਨ। ਕੈਲੇਫੋਰਨੀਆ (ਅਮਰੀਕਾ) ਵਿਚਲੀ ਸਿਲੀਕੌਨ ਵੈਲੀ ਅਤੇ ਭਾਰਤ ਵਿੱਚ ਬੰਗਲੌਰ ਇਸ ਦੀਆਂ ਉਦਾਹਰਨਾਂ ਹਨ। ਉਨ੍ਹਾਂ ਕਿਹਾ ਕਿ ਆਈਸਰ ਨੂੰ ਵੀ ਮੋਹਾਲੀ ਅਤੇ ਨੇੜਲੇ ਸ਼ਹਿਰਾਂ ਵਿੱਚ ਅਜਿਹੀ ਹੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਤੀਜਾ, ਉਨ੍ਹਾਂ ਕਿਹਾ ਕਿ ਵਿਗਿਆਨਕ ਸਿੱਖਿਆ ਅਤੇ ਖੋਜ ਦੀਆਂ ਸੰਸਥਾਵਾਂ ਆਪਣੇ ਆਪ ਵਿੱਚ ਗਿਆਨ ਦੇ ਪਸਾਰ ਲਈ ਅਹਿਮ ਹਨ ਤੇ ਉਨ੍ਹਾਂ ਮੁਤਾਬਕ ਇਹੀ ਗੱਲ ਸਭ ਤੋਂ ਅਹਿਮ ਹੈ।
ਇਸ ਤੋਂ ਪਹਿਲਾਂ ਆਈਸਰ ਦੇ ਬੋਰਡ ਆਫ਼ ਗਵਰਨਰਜ਼ ਦੀ ਚੇਅਰਪਰਸਨ ਡਾ. ਮਧੂਚੰਦਾ ਕਰ ਨੇ ਭਾਰਤ ਦੇ ਰਾਸ਼ਟਰਪਤੀ ਅਤੇ ਹੋਰ ਸ਼ਖ਼ਸੀਅਤਾ ਦਾ ਕਨਵੋਕੇਸ਼ਨ ਵਿੱਚ ਪੁੱਜਣ ’ਤੇ ਸੰਸਥਾ ਵੱਲੋਂ ਸਵਾਗਤ ਕੀਤਾ ਅਤੇ ਸੰਸਥਾ ਦੇ ਡਾਇਰੈਕਟਰ ਪ੍ਰੋ. ਦੇਬੀ ਪ੍ਰਸਾਦ ਸਰਕਾਰ ਨੇ ਸੰਸਥਾ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਡੀਨ ਅਕਾਦਮਿਕ ਆਰ.ਐਸ.ਜੌਹਲ ਨੇ ਪੁੱਜੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਸੁਪਤਨੀ ਸ੍ਰੀਮਤੀ ਸਵਿਤਾ ਕੋਵਿੰਦ, ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ.ਸਿੰਘ ਬਦਨੌਰ, ਹਰਿਆਣਾ ਦੇ ਰਾਜਪਾਲ ਸ੍ਰੀ ਕਪਤਾਨ ਸਿੰਘ ਸੋਲੰਕੀ , ਕੈਬਨਿਟ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ, ਮੁੱਖ ਸਕੱਤਰ ਪੰਜਾਬ ਸਰਕਾਰ ਸ੍ਰੀ ਐਨ.ਐਸ.ਕਲਸੀ, ਪੰਜਾਬ ਯੂੁਨੀਵਰਸਿਟੀ ਦੇ ਉਪ ਕੁਲਪਤੀ ਸ੍ਰੀ ਅਰੁਣ ਕੁਮਾਰ ਗਰੋਵਰ, ਆਈਸਰ ਦੇ ਬੋਰਡ ਆਫ਼ ਗਵਰਨਰਜ਼, ਸੈਨੇਟ ਦੇ ਮੈਂਬਰ, ਸਹਾਇਕ ਰਜਿਸਟਰਾਰ ਬਿਪੁਲ ਕੁਮਾਰ ਚੌਧਰੀ ਸਮੇਤ ਫੈਕਲਟੀ ਮੈਂਬਰ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…